ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਏ.ਆਈ.-ਆਧਾਰਤ ਕਰੀਅਰ ਸੇਧ ਪ੍ਰੋਗਰਾਮ ਲਾਗੂ, ਵਿਦਿਆਰਥੀਆਂ ਨੂੰ ਭਵਿੱਖ ਸਬੰਧੀ ਫ਼ੈਸਲੇ ਲੈਣ ਵਿੱਚ ਮਿਲੇਗੀ ਮਦਦ
ਚੰਡੀਗੜ੍ਹ, 21 ਦਸੰਬਰ:- ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਾਰੇ ਵਿਦਿਆਰਥੀਆਂ ਨੂੰ ਕਰੀਅਰ ਸੇਧ ਸਬੰਧੀ ਬਰਾਬਰ ਮੌਕੇ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਅਹਿਮ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਆਪਣੀ ਸਰਕਾਰੀ ਸਕੂਲ ਸਿੱਖਿਆ ਪ੍ਰਣਾਲੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.)-ਅਧਾਰਿਤ ਕਰੀਅਰ ਗਾਈਡੈਂਸ ਨੂੰ ਏਕੀਕ੍ਰਿਤ ਕਰਨ ਲਈ ਆਪਣੀ ਕਿਸਮ ਦੀ ਨਿਵੇਕਲੀ ਪਹਿਲ ਦੀ ਸ਼ੁਰੂਆਤ ਕੀਤੀ ਹੈ। ਪਾਇਲਟ ਪੜਾਅ ਤਹਿਤ ਸਰਕਾਰੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਤੋਂ ਮਾਨਤਾ ਪ੍ਰਾਪਤ ਸਕੂਲਾਂ ਵਿੱਚ 25 ਏ.ਆਈ.-ਅਧਾਰਤ ਕਰੀਅਰ ਗਾਈਡੈਂਸ ਲੈਬਾਰਟਰੀਆਂ ਦਾ ਆਗ਼ਾਜ਼ ਕੀਤਾ ਗਿਆ ਹੈ।
ਸ. ਹਰਜੋਤ ਸਿੰਘ ਬੈਂਸ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨੰਗਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕੋ ਸਮੇਂ ਇਨ੍ਹਾਂ ਲੈਬਾਰਟਰੀਆਂ ਦਾ ਉਦਘਾਟਨ ਕਰਕੇ ਇਸ ਪਹਿਲਕਦਮੀ ਦੀ ਸ਼ੁਰੂਆਤ ਕੀਤੀ। ਐਜੂਕੇਸ਼ਨ-ਟੈਕ ਪਾਰਟਨਰ "ਬਿਓਂਡ ਮੈਂਟਰ" ਦੇ ਸਹਿਯੋਗ ਨਾਲ ਲਾਗੂ ਕੀਤਾ ਗਿਆ ਇਹ ਪ੍ਰੋਗਰਾਮ ਸੂਬੇ ਦੇ ਵਿਦਿਆਰਥੀਆਂ ਨੂੰ ਮੁਫ਼ਤ ਕਰੀਅਰ ਗਾਈਡ...








