Saturday, January 25Malwa News
Shadow

ਨਗਰ ਕੌਂਸਲ ਦੇ ਇੰਜਨੀਅਰ, ਜੇਈ ਤੇ ਠੇਕੇਦਾਰ ਵਿਰੁੱਧ ਫੰਡਾਂ ਵਿੱਚ ਗਬਨ ਕਰਨ ਵਿਰੁੱਧ ਕੇਸ ਦਰਜ

ਚੰਡੀਗੜ੍ਹ, 8 ਅਕਤੂਬਰ : ਪੰਜਾਬ ਵਿਜੀਲੈਂਸ ਬਿਊਰੋ ਨੇ ਮਾਨਸਾ ਜ਼ਿਲ੍ਹੇ ਦੀ ਨਗਰ ਕੌਂਸਲ (ਐਮ.ਸੀ.) ਬੁਢਲਾਡਾ ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਠੇਕੇਦਾਰ ਵਿਰੁੱਧ ਸੜਕ ਦੇ ਨਿਰਮਾਣ ਵਿੱਚ ਇੱਕ ਦੂਜੇ ਦੀ ਮਿਲੀਭੁਗਤ ਨਾਲ ਬੇਨਿਯਮੀਆਂ ਕਰਨ ਅਤੇ ਸਰਕਾਰ ਨੂੰ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਦੇ ਆਧਾਰ ‘ਤੇ ਐੱਮ.ਸੀ. ਬੁਢਲਾਡਾ ਦੇ ਮੁਲਜ਼ਮ ਇੰਦਰਜੀਤ ਸਿੰਘ, ਸਹਾਇਕ ਮਿਉਂਸਪਲ ਇੰਜੀਨੀਅਰ (ਏ.ਐੱਮ.ਈ.), ਰਾਕੇਸ਼ ਕੁਮਾਰ ਜੂਨੀਅਰ ਇੰਜੀਨੀਅਰ (ਜੇ.ਈ.) ਅਤੇ ਠੇਕੇਦਾਰ ਰਾਕੇਸ਼ ਕੁਮਾਰ, ਮਾਲਕ, ਆਦਰਸ਼ ਕੋਆਪਰੇਟਿਵ ਐਲ ਐਂਡ ਸੀ ਸੋਸਾਇਟੀ, ਝੁਨੀਰ ਦੇ ਖਿਲਾਫ ਅਪਰਾਧਿਕ ਮੁਕੱਦਮਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਨਗਰ ਨਿਗਮ ਬੁਢਲਾਡਾ ਦੇ ਉਕਤ ਅਧਿਕਾਰੀਆਂ/ਕਰਮਚਾਰੀਆਂ ਨੇ ਠੇਕੇਦਾਰ ਨਾਲ ਮਿਲ ਕੇ ਬੁਢਲਾਡਾ ਸ਼ਹਿਰ ਦੀ ਕੁਲਾਣਾ ਰੋਡ ਤੱਕ ਸੀਮਿੰਟ ਕੰਕਰੀਟ ਵਾਲੀ ਸੜਕ ਦੇ ਨਿਰਮਾਣ ਕਾਰਜ ਵਿੱਚ ਬੇਨਿਯਮੀਆਂ ਕੀਤੀਆਂ ਹਨ। ਇਸ ਤੋਂ ਇਲਾਵਾ, ਇੰਦਰਜੀਤ ਸਿੰਘ, ਏ.ਐਮ.ਈ. ਅਤੇ ਰਾਕੇਸ਼ ਕੁਮਾਰ ਜੇ.ਈ. ਨੇ ਸੜਕ ਦੀ ਲਾਜ਼ਮੀ ਮੌਕੇ ਉਪਰ ਜਾ ਕੇ ਚੈਕਿੰਗ ਨਹੀਂ ਕੀਤੀ ਅਤੇ ਨਾ ਹੀ ਸਰਕਾਰੀ ਮਾਪ ਬੁੱਕ (ਐਮ.ਬੀ.) ਵਿੱਚ ਐਂਟਰੀਆਂ ਨੂੰ ਪੂਰਾ ਕੀਤਾ।

ਉਨ੍ਹਾਂ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਦੀ ਤਕਨੀਕੀ ਟੀਮ ਵੱਲੋਂ ਇਸ ਸੜਕ ਦੀ ਚੈਕਿੰਗ ਦੌਰਾਨ ਸੀਮਿੰਟ ਕੰਕਰੀਟ ਵਾਲੀ ਇਸ ਸੜਕ ਦੀ ਲੰਬਾਈ 693 ਫੁੱਟ ਪਾਈ ਗਈ ਜਦਕਿ ਸਰਕਾਰੀ ਐਮ.ਬੀ. ਵਿੱਚ ਇਸ ਦੀ ਲੰਬਾਈ 760 ਫੁੱਟ ਦਰਜ ਕੀਤੀ ਗਈ। ਇਸ ਤਰ੍ਹਾਂ ਠੇਕੇਦਾਰ ਨੂੰ ਹੋਰ ਅਦਾਇਗੀਆਂ ਕਰਨ ਲਈ ਐਮ.ਬੀ. ਵਿੱਚ 67 ਫੁੱਟ ਵੱਧ ਸੜਕ ਦਰਜ ਕੀਤੀ ਗਈ। ਇਸ ਤੋਂ ਇਲਾਵਾ ਰਾਕੇਸ਼ ਕੁਮਾਰ ਠੇਕੇਦਾਰ ਵੱਲੋਂ ਇਸ ਸਬੰਧੀ ਕਾਨੂੰਨੀ ਕਾਰਵਾਈ ਦੇ ਡਰੋਂ 2 ਲੱਖ ਰੁਪਏ ਕਾਰਜਸਾਧਕ ਅਫਸਰ ਨਗਰ ਕੌਂਸਲ ਬੁਢਲਾਡਾ ਦੇ ਖਾਤੇ ਵਿੱਚ ਜਮ੍ਹਾ ਕਰਵਾ ਦਿੱਤੇ ਗਏ, ਜਿਸ ਤੋਂ ਇਸ ਮਾਮਲੇ ਵਿੱਚ ਬੇਨਿਯਮੀਆਂ ਕਰਨ ਬਾਰੇ ਆਪਸੀ ਮਿਲੀਭੁਗਤ ਦਾ ਸਬੂਤ ਜ਼ਾਹਰ ਹੁੰਦਾ ਹੈ।

ਇਸ ਜਾਂਚ ਦੇ ਆਧਾਰ ‘ਤੇ ਉਪਰੋਕਤ ਸਾਰੇ ਮੁਲਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) (ਏ) ਅਤੇ 13(2) ਅਤੇ ਆਈ.ਪੀ.ਸੀ. ਦੀ ਧਾਰਾ 409, 465, 467, 468, 471, 120ਬੀ ਦੇ ਤਹਿਤ ਐਫਆਈਆਰ ਨੰਬਰ 23 ਮਿਤੀ 08.10.2024 ਨੂੰ ਵਿਜੀਲੈਂਸ ਥਾਣਾ ਬਠਿੰਡਾ ਰੇਂਜ ਵਿਖੇ ਦਰਜ ਕੀਤੀ ਗਈ ਹੈ।

ਵਿਜੀਲੈਂਸ ਨੇ ਐੱਮਸੀ ਬੁਢਲਾਡਾ ਦੇ ਰਾਕੇਸ਼ ਕੁਮਾਰ ਜੇਈ ਅਤੇ ਮਾਨਸਾ ਸ਼ਹਿਰ ਰਹਿੰਦੇ ਠੇਕੇਦਾਰ ਰਾਕੇਸ਼ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਮੁਲਜ਼ਮ ਇੰਦਰਜੀਤ ਸਿੰਘ, ਏ.ਐਮ.ਈ. ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Punjab Govt Add Zero Bijli Bill English 300x250