
ਨੰਗਲ 02 ਅਕਤੂਬਰ ()- ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਦੂਰ ਦੂਰਾਂਡੇ ਪਿੰਡਾ ਦੇ ਲੋਕਾਂ ਨੂੰ ਕਰੋੜਾ ਰੁਪਏ ਦੇ ਪੁਲਾਂ ਦੀ ਸੋਗਾਂਤ ਦੇਣ ਮੌਕੇ ਆਪਣੇ ਵਿਰੋਧੀਆਂ ਨੂੰ ਰਗੜੇ ਲਗਾਉਦੇ ਹੋਏ ਕਿਹਾ ਕਿ ਅਗਲੇ ਇੱਕ ਸਾਲ ਵਿੱਚ ਇਸ ਹਲਕੇ ਦਾ ਵਿਕਾਸ ਦਾ ਹਰ ਵਾਅਦਾ ਪੂਰਾ ਕਰਕੇ ਹੀ ਮੈਂ ਤੁਹਾਡੀ ਕਚਹਿਰੀ ਵਿਚ ਆਵਾਗਾਂ ਅਤੇ ਕਦੇ ਵੀ ਇਹ ਦਾਅਵਾ ਨਹੀ ਕਰਾਗਾਂ ਕਿ ਮੈਂ ਹੜ੍ਹਾਂ ਦੌਰਾਨ ਤੁਹਾਡੇ ਲਈ ਕੋਈ ਮਿਸਾਲੀ ਸੇਵਾ ਕੀਤੀ ਹੈ, ਇਹ ਮੇਰਾ ਫਰਜ਼ ਸੀ, ਤੁਸੀ ਆਪਣੇ ਭਰਾਂ ਆਪਣੇ ਪੁੱਤ ਨੂੰ ਮਾਣ ਦੇ ਕੇ ਵਿਧਾਨ ਸਭਾ ਵਿਚ ਭੇਜਿਆ ਅਤੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੇ ਮੈਨੂੰ ਮਹੱਤਵਪੂਰਨ ਜਿੰਮੇਵਾਰੀਆਂ ਸੋਪੀਆਂ। ਉਨ੍ਹਾਂ ਨੇ ਕਿਹਾ ਕਿ ਇਸ ਇਲਾਕੇ ਵਿੱਚ ਹੁਣ ਵਿਕਾਸ ਦੀ ਲਹਿਰ ਸੁਰੂ ਹੋ ਗਈ ਹੈ ਅਤੇ ਮੇਰਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਜੋ ਦਸ਼ਮੇਸ਼ ਪਿਤਾ ਦੀ ਚਰਨ ਛੋਹ ਪ੍ਰਾਪਤ ਹੈ, ਉਸ ਇਲਾਕੇ ਦਾ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਪਿਛਲੇ 14 ਸਾਲਾਂ ਦੌਰਾਨ ਆਮ ਆਦਮੀ ਪਾਰਟੀ ਵਿਚ ਰਹਿ ਕੇ ਕੀਤੀ ਮਿਹਨਤ ਨਾਲ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਤੇ ਪੂਰੇ ਪੰਜਾਬ ਵਿੱਚ ਵਿਕਾਸ ਦੇ ਨਵੇਂ ਆਯਾਮ ਜੋੜੇ ਗਏ ਹਨ। ਬਤੌਰ ਕੈਬਨਿਟ ਮੰਤਰੀ 117 ਹਲਕਿਆਂ ਵਿੱਚ ਰਾਤ-ਦਿਨ ਕੀਤੀ ਸੇਵਾ ਦਾ ਨਤੀਜਾ ਹੈ ਕਿ ਅੱਜ ਇਲਾਕੇ ਨੂੰ ਪੁਲਾਂ, ਸੜਕਾਂ, ਪਾਣੀ, ਸਿੱਖਿਆ, ਸਿਹਤ ਤੇ ਖੇਡਾਂ ਦੇ ਖੇਤਰ ਵਿੱਚ ਬੇਮਿਸਾਲ ਤੋਹਫ਼ੇ ਮਿਲ ਰਹੇ ਹਨ।
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸੂਚਨਾ ਤੇ ਲੋਕ ਸੰਪਰਕ ਵਿਭਾਗ,ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ ਅਤੇ ਸਕੂਲ ਸਿੱਖਿਆ ਵਿਭਾਗ ਨੇ ਅੱਜ ਪਿੰਡ ਭੱਲੜੀ ਨੇੜੇ ਸਵਾਂ ਨਦੀ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਨਵੇਂ ਪੁੱਲ ਭੱਲੜੀ ਤੋਂ ਮਹਿੰਦਪੁਰ-ਖੇੜਾ ਕਲਮੋਟ ਤੱਕ ਦਾ ਕੰਮ ਇਲਾਕੇ ਦੇ ਪਤਵੰਤੇ ਲੋਕਾਂ ਦੀ ਹਾਜ਼ਰੀ ਵਿਚ ਸੁਰੂ ਕਰਵਾਇਆ। ਉਨ੍ਹਾਂ ਨੇ ਕਿਹਾ ਕਿ ਖੇੜਾ ਕਲਮੋਟ, ਭੰਗਲਾ, ਮਜਾਰੀ ਸਮੇਤ ਸਰਹੱਦੀ ਇਲਾਕਿਆਂ ਨੂੰ ਜੋੜਨ ਲਈ 511 ਮੀਟਰ ਲੰਬਾ ਪੁਲ 35.48 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਕਲਿੱਤਰਾਂ ਤੋਂ ਪਲਾਸੀ ਤੱਕ 333 ਮੀਟਰ ਲੰਬੇ ਪੁਲ ’ਤੇ 20 ਕਰੋੜ ਰੁਪਏ ਖਰਚੇ ਜਾਣਗੇ ਜਿਸ ਦੇ ਕੰਮ ਦੀ ਸੁਰੂਆਤ 4 ਅਕਤੂਬਰ ਨੂੰ ਹੋਵੇਗੀ। ਬੇਲਾਧਿਆਨੀ ਤੋਂ ਪਲਾਸੀ ਤੱਕ 180 ਮੀਟਰ ਪੁਲ ਤੇ 12 ਕਰੋੜ ਰੁਪਏ ਨਾਲ ਪੁਲ ਬਣਾਇਆ ਜਾਵੇਗਾ, ਜਿਸ ਦੀ ਸੁਰੂਆਤ ਮਹਾਰਿਸ਼ੀ ਵਾਲਮੀਕਿ ਜੈਯੰਤੀ ਮੌਕੇ 7 ਅਕਤੂਬਰ ਨੂੰ ਹੋਵੇਗੀ। ਇਨ੍ਹਾਂ ਤਿੰਨ ਪੁਲਾਂ ਦੇ ਬਣਨ ਨਾਲ ਲੋਕਾਂ ਨੂੰ ਇਨ੍ਹਾਂ ਇਲਾਕਿਆ ਵਿੱਚ ਮੁੱਖ ਮਾਰਗ ਤੋ 15 ਮਿੰਟ ਵਿੱਚ ਪਹੁੰਚਣ ਦੀ ਸਹੂਲਤ ਮਿਲੇਗੀ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਪੁਲਾਂ ਦੇ ਆਲੇ ਦੁਆਲੇ 11 ਕਿਲੋਮੀਟਰ ਤੱਕ ਦੀਆਂ ਸੜਕਾਂ ਨੂੰ ਕਰੋੜਾਂ ਰੁਪਏ ਦੀ ਲਾਗਤ ਨਾਲ 18 ਫੁੱਟ ਚੌੜਾ ਕਰਨ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਸਿੱਖਿਆ ਮੰਤਰੀ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਟ੍ਰਾਂਸਪੋਰਟ, ਸੁਰੱਖਿਆ ਗਾਰਡ ਅਤੇ ਕੈਂਪਸ ਮੈਨੇਜਰ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਚੰਗਰ ਖੇਤਰ ਵਿੱਚ 80 ਕਰੋੜ ਦੀ ਲਾਗਤ ਨਾਲ ਲਿਫਟ ਇਰੀਗੇਸ਼ਨ ਸਕੀਮ ਰਾਹੀਂ ਪਾਣੀ ਪਹੁੰਚਾਉਣ ਦਾ ਕੰਮ ਤੇਜੀ ਨਾਲ ਪ੍ਰਗਤੀ ਅਧੀਨ ਹੈ।
ਸ.ਬੈਂਸ ਨੇ ਕਿਹਾ ਕਿ ਨੰਗਲ ਨੂੰ ਬਲਾਕ ਦਾ ਦਰਜਾ ਦਿੱਤਾ ਗਿਆ ਹੈ ਅਤੇ ਨਯਾ ਨੰਗਲ ਵਿੱਚ ਨਵੇਂ ਪੁਲਿਸ ਥਾਣੇ ਦੀ ਸਥਾਪਨਾ ਜਾਵੇਗੀ। 20 ਪਿੰਡਾਂ ਨੂੰ ਪੀਣ ਵਾਲਾ ਪਾਣੀ, ਕੀਰਤਪੁਰ ਸਾਹਿਬ ਦਾ ਸੁੰਦਰੀਕਰਨ, ਨਹਿਰੀ ਪਾਣੀ ਦੀਆਂ ਸਕੀਮਾਂ ਅਤੇ ਨੰਗਲ ਸ਼ਹਿਰ ਲਈ ਪੀਣ ਦੇ ਪਾਣੀ ਦਾ ਵੱਡਾ ਪ੍ਰੋਜੈਕਟ ਜਲਦੀ ਸ਼ੁਰੂ ਹੋ ਰਿਹਾ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਨੰਗਲ ਫਲਾਈਓਵਰ ਦੀ ਸਮੱਸਿਆ ਹੱਲ ਕੀਤੀ ਗਈ ਹੈ ਜਦਕਿ ਨੈਸ਼ਨਲ ਹਾਈਵੇ ਕੀਰਤਪੁਰ ਸਾਹਿਬ ਤੋਂ ਨੰਗਲ ਰੋਡ ਦਾ ਕੰਮ ਵੀ ਸ਼ੁਰੂ ਹੋਣ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕੀਰਤਪੁਰ ਸਾਹਿਬ ਦੀ ਸਬਜੀ ਮੰਡੀ ਨੁੰ ਜਲਦੀ ਹੀ ਢੁਕਵੀ ਥਾਂ ਤੇ ਸ਼ਿਫਟ ਕੀਤਾ ਜਾ ਰਿਹਾ ਹੈ। ਸ੍ਰੀ ਅਨੰਦਪੁਰ ਸਾਹਿਬ,ਕੀਰਤਪੁਰ ਸਾਹਿਬ, ਨੰਗਲ ਦੀਆਂ ਅਨਾਜ ਮੰਡੀਆਂ ਵਿੱਚ ਕਿਸਾਨਾ ਦੀ ਸਹੂਲਤ ਲਈ ਸ਼ੈਡ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਲਟੀਸਪੈਸ਼ਿਲਟੀ ਪਾਰਕ ਵਿੱਚ ਖੇਡਾਂ ਲਈ 8-10 ਗੇਮਾਂ ਦੀਆਂ ਸਹੂਲਤਾਂ ਬਣ ਰਹੀਆਂ ਹਨ, ਜੋ 20-25 ਪਿੰਡਾਂ ਦੇ ਬੱਚਿਆਂ ਨੂੰ ਸਮਰਪਿਤ ਹੋਵੇਗਾ।
ਸ.ਬੈਂਸ ਨੇ ਕਿਹਾ ਕਿ ਸਵਾਂ ਦਰਿਆ ਦੀ ਚੈਨੇਲਾਈਜੇਸ਼ਨ ਲਈ 1000 ਕਰੋੜ ਰੁਪਏ ਦਾ ਪ੍ਰੋਜੈਕਟ ਬਣਾਇਆ ਗਿਆ ਹੈ, ਜਿਸ ਨਾਲ ਟੂਰਿਜ਼ਮ ਦੇ ਨਵੇਂ ਕੇਂਦਰ ਵਿਕਸਿਤ ਹੋਣਗੇ। 25 ਨਵੇਂ ਖੇਡ ਮੈਦਾਨ ਵੀ ਬਣਾਏ ਜਾਣਗੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਹੜ੍ਹਾਂ ਦੌਰਾਨ ਸਾਡੇ ਨੌਜਵਾਨਾਂ ਨੇ ਅਪ੍ਰੇਸ਼ਨ ਰਾਹਤ ਚਲਾ ਕੇ ਮਿਸਾਲੀ ਕੰਮ ਕੀਤੇ ਹਨ, ਜਿਸ ਨਾਲ ਨਹਿਰਾਂ, ਦਰਿਆਵਾ ਦੇ ਕੰਢੇ ਅਤੇ ਧਾਰਮਿਕ ਇਮਾਰਤਾ ਨੂੰ ਸੁਰੱਖਿਅਤ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਭਨਾਮ ਦਾ ਸਕੂਲ ਸ਼ਾਨਦਾਰ ਢੰਗ ਨਾਲ ਬਣਾਇਆ ਗਿਆ ਹੈ, ਜੋ ਭਵਿੱਖ ਵਿੱਚ ਪਿਛੜੇ ਇਲਾਕਿਆਂ ਦੇ ਬੱਚਿਆਂ ਨੂੰ ਅਫਸਰ ਬਣਨ ਦੀ ਰਾਹ ਦੇਵੇਗਾ। ਇਲਾਕੇ ਦੀ ਤਸਵੀਰ ਬਦਲ ਰਹੀ ਹੈ ਅਤੇ ਵਿਕਾਸ ਦਾ ਇਹ ਸਫ਼ਰ ਲੋਕਾਂ ਦੀਆਂ ਉਮੀਦਾਂ ਨੂੰ ਨਵੀਂ ਉਡਾਨ ਦੇ ਰਿਹਾ ਹੈ।ਉਨ੍ਹਾਂ ਨੇ ਦੱਸਿਆ ਕਿ ਸਰਸਾ ਨੰਗਲ ਵਿੱਚ ਪਿੰਡ ਦੀ ਭੂਗੋਲਿਕ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਲੋਕਾਂ ਦੀ ਸਹੂਲਤ ਲਈ ਇੱਕ ਪਾਸੇ ਤੋ ਦੂਜੇ ਪਾਸੇ ਆਉਣ ਜਾਣ ਲਈ ਇੱਕ ਅੰਤਰ ਰਾਸ਼ਟਰੀ ਪੱਧਰ ਦਾ ਅਤਿ ਆਧੁਨਿਕ ਫੁੱਟ ਬ੍ਰਿਜ਼ 6 ਕਰੋੜ ਦੀ ਲਾਗਤ ਨਾਲ ਤਿਆਰ ਕਰਵਾਇਆ ਜਾ ਰਿਹਾ ਹੈ। ਭਰਤਗੜ੍ਹ ਵਿੱਚ ਨੈਸ਼ਨਲ ਹਾਈਵੇ ਤੇ ਸਰਵਿਸ ਲੇਨ ਬਣਾ ਕੇ ਹਾਦਸਿਆ ਨੂੰ ਰੋਕਿਆ ਜਾਵੇਗਾ। ਅਜੋਲੀ ਵਿਖੇ ਸਸਪੈਨਸ਼ਨ ਪੁਲ ਬਣਾਇਆ ਜਾਵੇਗਾ, ਜਿੱਥੋ ਲਾਈਟ ਵਾਹੀਕਲਾਂ ਦੀ ਆਵਾਜਾਈ ਸੁਖਾਲੀ ਹੋ ਜਾਵੇਗੀ। ਸ.ਬੈਂਸ ਨੇ ਕਿਹਾ ਕਿ ਇਹ ਸਮਾਗਮ ਇਲਾਕੇ ਦੇ ਲੋਕਾਂ ਵੱਲੋਂ ਆਯੋਜਿਤ ਕੀਤੇ ਜਾ ਰਹੇ ਹਨ, ਵਿਕਾਸ ਦੇ ਵੱਡੇ ਪ੍ਰੋਜੈਕਟ ਲੰਮੀ ਫਾਈਲ ਪ੍ਰਕਿਰਿਆ ਰਾਹੀ ਲੰਘ ਕੇ ਸੁਰੂ ਹੁੰਦੇ ਹਨ ਤੇ ਹੁਣ ਇੱਕ ਸਾਲ ਵਿਚ ਇਨ੍ਹੇ ਜਿਆਦਾ ਪ੍ਰੋਜੈਕਟ ਸੁਰੂ ਹੋ ਜਾਣਗੇ, ਜਿਸ ਨਾਲ ਇਹ ਇਲਾਕਾ ਪੰਜਾਬ ਦਾ ਨੰਬਰ ਇੱਕ ਬਣ ਜਾਵੇਗਾ। ਅਸੀ ਟੂਰੀਜਮ ਨੂੰ ਪ੍ਰਫੁੱਲਿਤ ਕਰਨ ਲਈ ਵਿਆਪਕ ਯੋਜਨਾ ਤਿਆਰ ਕਰ ਰਹੇ ਹਾਂ।
ਸ.ਬੈਂਸ ਨੇ ਆਪਣੇ ਵਿਰੋਧੀਆਂ ਤੇ ਤਿੱਖੇ ਪ੍ਰਤੀਕਰਮ ਕਰਦੇ ਹੋਏ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਨੇ ਹਮੇਸ਼ਾ ਉਨ੍ਹਾਂ ਲੋਕਾਂ ਨੂੰ ਚੁਣਿਆ ਜਿਨ੍ਹਾਂ ਨੇ ਦੇਸ਼ ਅਤੇ ਸੂਬੇ ਦੇ ਸਰਵਉੱਚ ਅਹੁਦਿਆਂ ਤੇ ਕਬਜਾ ਕੀਤਾ। ਪਰ ਬਹੁਤ ਹੀ ਦੁੱਖ ਵਾਲੀ ਗੱਲ ਹੈ ਕਿ ਉਹ ਆਪਣੀ ਜਿੰਮੇਵਾਰੀ ਤੋ ਹਮੇਸ਼ਾ ਭੱਜਦੇ ਰਹੇ। ਉਨ੍ਹਾਂ ਨੇ ਮੁੜ ਕੇ ਕਦੇ ਵੀ ਇਸ ਇਲਾਕੇ ਦੀ ਸਾਰ ਨਹੀ ਲਈ। ਤਰਾਸ਼ਦੀ ਇੱਥੋ ਤੱਕ ਹੈ ਕਿ ਹਿਮਾਚਲ ਦੇ ਬਾਰਡਰ ਨਾਲ ਲੱਗਦੇ ਪਿੰਡਾਂ ਦੇ ਲੋਕ ਹਿਮਾਚਲ ਵਿੱਚ ਸ਼ਾਮਿਲ ਹੋਣ ਦੀ ਮੰਗ ਕਰਦੇ ਰਹੇ। ਸ.ਬੈਂਸ ਨੇ ਕਿਹਾ ਕਿ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਦੇ ਆਲੇ ਦੁਆਲੇ ਦੇ ਪਿੰਡ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ, 400 ਏਕੜ ਵਾਹੀਯੋਗ ਰਕਬਾ ਪਾਣੀ ਖੁਣੋ ਬੰਜਰ ਹੋ ਗਿਆ ਹੈ। ਸਾਡੇ ਦਰਿਆ ਦੇਸ਼ ਭਰ ਵਿੱਚ ਪਾਣੀ ਪਹੁੰਚਾ ਰਹੇ ਹਨ ਪ੍ਰੰਤੂ ਸਾਡੀ ਧਰਤੀ ਪਿਆਸੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਇਹ ਸਾਰੇ ਇਲਾਕੇ ਮਹਾਪੁਰਸ਼ਾਂ ਵੱਲੋਂ ਬਣਾਏ ਪੁਲਾਂ ਨਾਲ ਸੰਪਰਕ ਵਿਚ ਹਨ, ਪ੍ਰੰਤੂ ਉਨ੍ਹਾਂ ਸਰਕਾਰਾਂ ਨੇ ਰਾਜ ਹੀ ਕੀਤਾ, ਲੋਕਾਂ ਦੀ ਪ੍ਰਵਾਹ ਨਹੀ ਕੀਤੀ, ਸਗੋਂ ਖਜ਼ਾਨੇ ਆਪਣੇ ਹੀ ਭਰ ਲਏ।
ਇਸ ਮੌਕੇ ਡਾ.ਸੰਜੀਵ ਗੌਤਮ ਜਿਲ੍ਹਾ ਪ੍ਰਧਾਨ, ਜਸਵਿੰਦਰ ਬਿੰਦੀ ਬਲਾਕ ਪ੍ਰਧਾਨ, ਰਾਕੇਸ ਭੱਲੜੀ ਬਲਾਕ ਪ੍ਰਧਾਨ, ਚੋਧਰੀ ਰਾਕੇਸ਼ ਮਹਿਲਵਾ ਚੇਅਰਮੈਨ, ਪ੍ਰਿੰਸੀਪਲ ਗੁਰਨਾਮ ਸਿੰਘ ਭੱਲੜੀ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਪੰਮੂ ਢਿੱਲੋ ਸਰਪੰਚ, ਜਸਪਾਲ ਸਿੰਘ ਢਾਹੇ ਸਰਪੰਚ, ਤਰਸੇਮ ਸਿੰਘ ਬ੍ਲਾਕ ਪ੍ਰਧਾਨ,ਸ਼ਿਵ ਕੁਮਾਰ ਮਜਾਰੀ ,ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ,ਐਡ.ਨਿਸ਼ਾਤ ਗੁਪਤਾ,ਮੋਹਿਤ ਦੀਵਾਨ,ਸੁਮਿਤ ਸੰਦਲ ਮੈਂਬਰ ਬ੍ਰਹਾਮਣ ਬੋਰਡ,ਦਲੀਪ ਹੰਸ ਮੈਂਬਰ ਦਲਿਤ ਬੋਰਡ,ਰਕੇਸ਼ ਕਾਲਾ ਜਾਂਦਲਾ ਹਲਕਾ ਕੋਆਰਡੀਨੇਟਰ ਐਸਸੀ ਵਿੰਗ, ਮੁਖ਼ਤਿਆਰ ਖੇੜਾ, ਦਲਜੀਤ ਸਿੰਘ ਕਾਕਾ, ਗੁਰਜੀਤ ਕੌਰ ਸਰਪੰਚ, ਬਲਦੇਵ ਪੰਚ, ਅਸ਼ੋਕ ਪੰਚ, ਗੁਰਨਾਮ ਸਿੰਘ ਯੂਥ ਆਗੂ, ਅਸ਼ਵਨੀ ਸੈਣੀ, ਨਿਤਿਨ ਭਲਾਨ ਹੈਪੀ ਸੈਣੀ ਭੰਗਲਾ, ਬਿਆਸ ਦੇਵ ਸਰਪੰਚ ਮਹਿੰਦਪੁਰ, ਕੇਵਲ ਚੰਦ ਪੰਚ, ਬਚਿੱਤਰ ਸਿੰਘ ਬੈਂਸ,ਗੁਰਜਿੰਦਰ ਸਿੰਘ ਸ਼ੌਕਰ,ਸਤਵਿੰਦਰ ਸਿੰਘ ਭੰਗਲ,ਹੈਪੀ ਜੈਲਦਾਰ, ਵਿੱਕੀ ਸਰਪੰਚ ਲੋਅਰ ਮਜਾਰੀ, ਦੀਪੂ ਬਾਸ,ਸੰਜੂ,ਕਾਕੂ ਚੋਧਰੀ, ਦਿਲਬਾਗ ਸਰਪੰਚ, ਸੋਨੂੰ ਚੋਧਰੀ ,ਰਿੰਕੂ ਜਿੰਦਵੜੀ,ਹਰਪ੍ਰੀਤ ਸਿੰਘ ਸ਼੍ਰੀ ਅਨੰਦਪੁਰ ਸਾਹਿਬ ,ਸੁਨੀਲ ਅਟਵਾਲ ਤੇ ਪਿੰਡਾਂ ਦੇ ਪੰਚ ਤੇ ਸਰਪੰਚ ਵੱਡੀ ਗਿਣਤੀ ਵਿਚ ਹਾਜ਼ਰ ਸਨ।
****