
ਲੌਂਗੋਵਾਲ, 18 ਜਨਵਰੀ- ਆਮ ਆਦਮੀ ਪਾਰਟੀ, ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਲੌਂਗੋਵਾਲ ਵਿਖੇ ਇੱਕ ਵੱਡੇ ਰਾਜਨੀਤਿਕ ਸਮਾਗਮ ਦੌਰਾਨ ਅਕਾਲੀ ਦਲ ਉੱਤੇ ਸਿਆਸੀ ਪਲਟਵਾਰ ਕਰਦਿਆਂ ਅਕਾਲੀ ਦਲ ਦੇ 75 ਟਕਸਾਲੀ ਪਰਿਵਾਰਾਂ ਨੂੰ ਇਕੱਠੇ ਤੌਰ ’ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਇਆ। ਇਸ ਮੌਕੇ ਸ਼੍ਰੀ ਅਰੋੜਾ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਬੀਤੇ ਦਿਨ ਇੱਕ ਨਗਰ ਪੰਚਾਇਤ ਦੇ ਪ੍ਰਧਾਨ ਨੂੰ ਪਾਰਟੀ ਵਿੱਚ ਸ਼ਾਮਲ ਕਰਵਾ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਉੱਥੇ ਅੱਜ ਦੀ ਇਹ ਘਟਨਾ ਸਾਫ਼ ਦਰਸਾਉਂਦੀ ਹੈ ਕਿ ਪੰਜਾਬ ਦੇ ਲੋਕ ਹੁਣ ਪਰਿਵਾਰਵਾਦੀ, ਅਹੰਕਾਰਪੂਰਕ ਅਤੇ ਲੋਕ ਵਿਰੋਧੀ ਰਾਜਨੀਤੀ ਨੂੰ ਪੂਰੀ ਤਰ੍ਹਾਂ ਨਕਾਰ ਚੁੱਕੇ ਹਨ।
ਸ਼੍ਰੀ ਅਰੋੜਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਸੋਚ ਦਾ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਉਹ 52 ਸ਼ਹੀਦਾਂ ਦੀ ਧਰਤੀ ਲੌਂਗੋਵਾਲ ਤੋਂ ਕਿਸੇ ਵੀ ਸ਼ਹੀਦ ਨੂੰ ਨਤਮਸਤਕ ਹੋਏ ਅਤੇ ਕਿਸੇ ਵੀ ਸ਼ਹੀਦ ਦਾ ਨਾਮ ਲਏ ਬਿਨਾਂ ਹੀ ਕੇਵਲ ਸਿਆਸੀ ਗੱਲਾਂ ਕਰ ਕੇ ਹੀ ਵਾਪਿਸ ਚਲੇ ਗਏ।
ਸ਼੍ਰੀ ਅਮਨ ਅਰੋੜਾ ਨੇ ਨਵੇਂ ਸ਼ਾਮਲ ਹੋਏ ਪਰਿਵਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ਼ ਇੱਕ ਰਾਜਨੀਤਿਕ ਪਾਰਟੀ ਨਹੀਂ, ਸਗੋਂ ਲੋਕਾਂ ਦੀ ਉਮੀਦ ਅਤੇ ਵਿਸ਼ਵਾਸ ਦੀ ਪ੍ਰਤੀਕ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਪਾਰਦਰਸ਼ੀ, ਇਮਾਨਦਾਰ ਅਤੇ ਲੋਕ-ਹਿਤੈਸ਼ੀ ਸ਼ਾਸਨ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਹਰ ਵਰਗ ਦੇ ਲੋਕ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ।
ਉਹਨਾਂ ਕਿਹਾ ਕਿ ਲੋਕਤੰਤਰ ਵਿੱਚ ਕਿਸੇ ਇੱਕ ਵਿਅਕਤੀ ਦੀ ਤਾਕਤ ਨਹੀਂ, ਸਗੋਂ ਲੋਕਾਂ ਦੀ ਸਾਂਝੀ ਤਾਕਤ ਸਭ ਤੋਂ ਵੱਡੀ ਹੁੰਦੀ ਹੈ। ਉਹਨਾਂ ਕਿਹਾ ਕਿ ਉਹ ਪੰਜਾਬ ਵਿਧਾਨ ਸਭਾ ਵਿੱਚ 96 ਵਿਧਾਇਕਾਂ ਅਤੇ ਦੇਸ਼ ਦੀ ਸੰਸਦ ਵਿੱਚ 10 ਸੰਸਦ ਮੈਂਬਰਾਂ ਵਾਲੀ ਪਾਰਟੀ ਦੇ ਪ੍ਰਧਾਨ ਹਨ, ਜਦਕਿ ਸੁਖਬੀਰ ਸਿੰਘ ਬਾਦਲ ਇੱਕ ਵਿਧਾਇਕ ਅਤੇ ਇੱਕ ਸੰਸਦ ਮੈਂਬਰ ਵਾਲੀ ਪਾਰਟੀ ਦੇ ਪ੍ਰਧਾਨ ਬਣ ਕੇ ਸਿਰਫ਼ ਖੋਖਲੇ ਦਾਅਵੇ ਕਰ ਰਹੇ ਹਨ।
ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਅਕਾਲੀ ਦਲ ਦੀ ਹਾਲਤ ਅੱਜ ਐਸੀ ਹੋ ਚੁੱਕੀ ਹੈ ਕਿ ਪਾਰਟੀ ਦੇ ਪੁਰਾਣੇ ਸਾਥੀ ਵੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਅਕਾਲੀ ਦਲ ਨੇ ਸਦਾ ਪੰਜਾਬ ਦੇ ਲੋਕਾਂ ਦੇ ਨਾਂ ’ਤੇ ਰਾਜਨੀਤੀ ਕੀਤੀ ਪਰ ਹਮੇਸ਼ਾ ਪਰਿਵਾਰਕ ਸਵਾਰਥਾਂ ਨੂੰ ਪਹਿਲ ਦਿੱਤੀ, ਜਿਸ ਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ।
ਇਸ ਮੌਕੇ ਨਵੇਂ ਸ਼ਾਮਲ ਹੋਏ ਪਰਿਵਾਰਾਂ ਨੇ ਵੀ ਆਮ ਆਦਮੀ ਪਾਰਟੀ ਦੀਆਂ ਲੋਕ-ਹਿਤੈਸ਼ੀ ਨੀਤੀਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ’ਤੇ ਪੂਰਾ ਵਿਸ਼ਵਾਸ ਜਤਾਉਂਦਿਆਂ ਕਿਹਾ ਕਿ ਉਹ ਪੰਜਾਬ ਦੇ ਵਿਕਾਸ ਅਤੇ ਇਮਾਨਦਾਰ ਰਾਜਨੀਤੀ ਲਈ ਆਮ ਆਦਮੀ ਪਾਰਟੀ ਦੇ ਨਾਲ ਖੜ੍ਹੇ ਰਹਿਣਗੇ।
ਇਸ ਮੌਕੇ ਸਾਬਕਾ ਪ੍ਰਧਾਨ ਮੇਲਾ ਸਿੰਘ ਸੂਬੇਦਾਰ, ਵਿੱਕੀ ਵਸ਼ਿਸ਼ਟ, ਬਲਵਿੰਦਰ ਸਿੰਘ ਐਮ ਸੀ, ਗੁਰਮੀਤ ਸਿੰਘ ਫੌਜੀ, ਰਣਜੀਤ ਸਿੰਘ( ਰਿਕੂੰ) ਬਲਾਕ ਪ੍ਰਧਾਨ, ਪਰਮਜੀਤ ਕੌਰ ਬਲਾਕ ਸੰਮਤੀ ਮੈਂਬਰ, ਵਿਕਾ ਐਮ ਸੀ, ਸੁਖਪਾਲ ਸਿੰਘ ਬਾਜਵਾ, ਰਾਜ ਸਿੰਘ ਰਾਜੂ ,ਗੁਰਜੰਟ ਖਾਨ, ਸਿੱਪੀ ਧਮਾਨ, ਬਲਕਾਰ ਸਿੱਧੂ, ਜੀਵਨ ਸਿੰਘ, ਬਲਵਿੰਦਰ ਸਿੰਘ ਢਿੱਲੋਂ, ਅੰਮ੍ਰਿਤਪਾਲ ਸਿੰਘ ਸਿੱਧੂ, ਗੁਰਦੀਪ ਸਿੰਘ ਸਰਪੰਚ ਤਕੀਪੁਰ, ਸਰਪੰਚ ਭੀਮ ਬਾਵਾ, ਸਰਪੰਚ ਨਿਹਾਲ ਸਿੰਘ, ਸਰਪੰਚ ਜਗਸੀਰ ਸਿੰਘ, ਸਰਪੰਚ ਜੁਗਰਾਜ ਸਿੰਘ, ਲੱਕੀ ਸਰਪੰਚ, ਡਾਕਟਰ ਮੋਹਨ ਸਿੰਘ, ਨਰੇਸ਼, ਗੁਰਚਰਨ ਸਿੰਘ, ਤੋਤੇ ਕਾ ਜਿੰਦਲ, ਲਖਵਿੰਦਰ ਸਿੰਘ ਜਗਾਤੀਆ, ਨਛੱਤਰ ਸਿੰਘ ਮਾਟੀ, ਗੁਰਪਿਆਰ ਸਿੰਘ, ਸੇਵਕ ਸਿੰਘ, ਬਿੰਦਰ ਸਿੰਘ, ਬੂਟਾ ਸਿੰਘ, ਗੁਰਵਿੰਦਰ ਸਿੰਘ, ਜਗਤਾਰ ਸਿੰਘ, ਵੀਰ ਸਿੰਘ, ਰੁਪਿੰਦਰ ਸਿੰਘ, ਬੀਰਬਲ ਸਿੰਘ, ਹਰਪ੍ਰੀਤ ਸਿੰਘ, ਰਾਮ ਸਿੰਘ ਹਾਜ਼ਰ ਸਨ।