ਅੰਮ੍ਰਿਤਸਰ, 9 ਦਸੰਬਰ : ਪੁਲਿਸ ਨੇ ਨਸ਼ੇ ਦੇ ਖਿਲਾਫ਼ ਕਾਰਵਾਈ ਕਰਦਿਆਂ 35 ਕਰੋੜ ਦੀ ਹੇਰੋਇਨ ਸਮੇਤ ਸਿਵਲ ਸਰਜਨ ਦਫਤਰ ਫਿਰੋਜ਼ਪੁਰ ਦੇ ਇਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਫੜਿਆ ਗਿਆ ਤਸਕਰ ਫੌਰਚੂਨਰ ਕਾਰ ਵਿਚ ਘੁੰਮ ਰਿਹਾ ਸੀ। ਜਦੋਂ ਉਹ ਲੋਹਾਰਕਾ ਰੋਡ ‘ਤੇ ਜਾ ਰਿਹਾ ਸੀ ਤਾਂ ਨਾਕੇ ‘ਤੇ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ।
ਸਿਵਲ ਸਰਜਨ ਦਫਤਰ ਫਿਰੋਜਪੁਰ ਵਿਚ ਡਰਾਈਵਰ ਵਜੋਂ ਨੌਕਰੀ ਕਰਦੇ ਗੁਰਵੀਰ ਸਿੰਘ ਪਾਸੋਂ ਪੁਲੀਸ ਨੇ 5 ਕਿੱਲੋ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਬਾਜਾਰੀ ਕੀਮਤ 35 ਕਰੋੜ ਦੱਸੀ ਜਾ ਰਹੀ ਹੈ। ਪੁਲੀਸ ਨੂੰ ਮਿਲੀ ਜਾਣਕਾਰੀ ਅਨੁਸਾਰ ਗੁਰਵੀਰ ਸਿੰਘ ਹੈਰੋਇਨ ਦੀ ਇਸ ਖੇਪ ਨੂੰ ਫਿਰੋਜਪੁਰ ਵੱਲ ਲੈ ਕੇ ਜਾ ਰਿਹਾ ਸੀ। ਨਸ਼ੇ ਦੀ ਇਹ ਖੇਪ ਪਾਕਿਸਤਾਨ ਤੋਂ ਆਈ ਸੀ ਅਤੇ ਅੰਮ੍ਰਿਤਸਰ ਜਿਲੇ ਨਾਲ ਲੱਗਦੀ ਸਰਹੱਦ ਤੋਂ ਇਹ ਨਸ਼ਾ ਫਿਰੋਜਪੁਰ ਲੈ ਕੇ ਜਾਇਆ ਜਾ ਰਿਹਾ ਸੀ। ਰਸਤੇ ਵਿਚ ਲੋਹਾਰਕੇ ਕੋਲ ਪੁਲੀਸ ਨੇ ਨਾਕਾ ਲਾਇਆ ਹੋਇਆ ਸੀ। ਜਦੋਂ ਨਾਕੇ ‘ਤੇ ਗੁਰਵੀਰ ਸਿੰਘ ਦੀ ਫਾਰਚੂਨਰ ਗੱਡੀ ਰੋਕ ਕੇ ਤਲਾਸ਼ੀ ਲਈ ਗਈ ਤਾਂ ਗੱਡੀ ਵਿਚੋਂ ਹੈਰੋਇਨ ਬਰਾਮਦ ਕਰ ਲਈ ਗਈ।
ਪੁਲੀਸ ਵਲੋਂ ਕੀਤੀ ਗਈ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਗੁਰਵੀਰ ਸਿੰਘ 2021 ਤੋਂ ਸਿਵਲ ਸਰਜਨ ਦਫਤਰ ਫਿਰੋਜਪੁਰ ਵਿਖੇ ਡਰਾਈਵਰ ਵਜੋਂ ਨੌਕਰੀ ਕਰ ਰਿਹਾ ਸੀ। ਗੁਰਵੀਰ ਸਿੰਘ ਜਿਲਾ ਫਿਰੋਜਪੁਰ ਦੀ ਬਸਤੀ ਸ਼ਾਹਵਾਲੀ ਦਾ ਵਾਸੀ ਹੈ ਅਤੇ ਉਸਦੀ ਉਮਰ 32 ਸਾਲ ਹੈ। ਉਹ ਬਾਰਵੀਂ ਜਮਾਤ ਪਾਸ ਹੈ। ਕੁੱਝ ਸਮਾਂ ਪਹਿਲਾਂ ਹੀ ਉਹ ਨਸ਼ਾ ਸਮਗਲਿੰਗ ਦੇ ਧੰਦੇ ਵਿਚ ਪਿਆ ਸੀ। ਪੈਸੇ ਦੇ ਲਾਲਚ ਵਿਚ ਨਸ਼ੇ ਦੇ ਨੈਟਵਰਕ ਨਾਲ ਜੁੜਿਆ ਗੁਰਵੀਰ ਅੱਜ ਪੁਲੀਸ ਧੱਕੇ ਚੜ੍ਹ ਗਿਆ।
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਦਾ ਪੂਰਾ ਨੈਟਵਰਕ ਬਣਿਆ ਹੋਇਆ ਹੈ। ਇਕ ਵਿਅਕਤੀ ਸਰਹੱਦੀ ਇਲਾਕੇ ਵਿਚੋਂ ਨਸ਼ਾ ਚੁੱਕਦਾ ਹੈ ਅਤੇ ਦੂਜੇ ਥਾਂ ਪਹੁੰਚਾ ਦਿੰਦਾ ਹੈ। ਉਥੋਂ ਅੱਗੇ ਨਸ਼ਾ ਸਪਲਾਈ ਹੋਣ ਲਈ ਅੱਗੇ ਚਲਾ ਜਾਂਦਾ ਹੈ।
ਹੁਣ ਪੁਲੀਸ ਵਲੋਂ ਇਸ ਨੈਟਵਰਕ ਨਾਲ ਜੁੜੀਆਂ ਹੋਰ ਕੜੀਆਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਗੁਰਵੀਰ ਸਿੰਘ ਤੋਂ ਪੁੱਛਗਿੱਛ ਤੋਂ ਬਾਅਦ ਹੋਰ ਸਮਗਲਰਾਂ ਦੇ ਵੀ ਨਾਂ ਸਾਹਮਣੇ ਆਉਣ ਦੀ ਉਮੀਦ ਹੈ।