Saturday, November 8Malwa News
Shadow

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਕਿਤਾਬ ਮਾਣਯੋਗ ਚੀਫ਼ ਜਸਟਿਸ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਕੀਤੀ ਭੇਟ

ਚੰਡੀਗੜ੍ਹ, 27 ਅਕਤੂਬਰ: – ਰਾਜ ਸੂਚਨਾ ਕਮਿਸ਼ਨਰ ਪੰਜਾਬ  ਹਰਪ੍ਰੀਤ ਸੰਧੂ ਨੇ ਅੱਜ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਆਪਣਾ ਚਿੱਤਰਕਾਰੀ ਸੰਗ੍ਰਹਿ “ਗੁਰੂ ਤੇਗ਼ ਬਹਾਦਰ ਸਾਹਿਬ ਦੀ ਅਧਿਆਤਮਿਕ ਯਾਤਰਾ” ਹਾਈ ਕੋਰਟ ਚੰਡੀਗੜ੍ਹ ਦੇ ਚੀਫ਼ ਜਸਟਿਸ ਚੈਂਬਰਸ ਵਿਖੇ ਮਾਣਯੋਗ ਚੀਫ਼ ਜਸਟਿਸ ਹਾਈ ਕੋਰਟ ਸ੍ਰੀ ਜਸਟਿਸ ਸ਼ੀਲ ਨਾਗੂ ਨੂੰ ਭੇਟ ਕੀਤਾ। ਇਹ ਕਲਾਤਮਕ ਰਚਨਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਗਾਮੀ 350ਵੇਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਹੈ ਅਤੇ ਇਸ ਵਿੱਚ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਅਸਥਾਨਾਂ ਨੂੰ ਦਰਸਾਇਆ ਗਿਆ ਹੈ।

“ਗੁਰੂ ਤੇਗ਼ ਬਹਾਦਰ ਸਾਹਿਬ ਦੀ ਅਧਿਆਤਮਿਕ ਯਾਤਰਾ” ਕਿਤਾਬ ਵਿੱਚ ਗੁਰੂ ਸਾਹਿਬ ਦੀਆਂ ਯਾਤਰਾਵਾਂ, ਅਧਿਆਤਮਿਕ ਸਿੱਖਿਆਵਾਂ ਅਤੇ ਲਾਸਾਨੀ ਸ਼ਹਾਦਤ ਨੂੰ ਤਸਵੀਰਾਂ ਦੇ ਰੂਪ ਵਿੱਚ ਦਰਸਾਇਆ ਗਿਆ ਹੈ। ਤਸਵੀਰਾਂ ਅਤੇ ਸੰਖੇਪ ਇਤਿਹਾਸਕ ਜਾਣਕਾਰੀ ਦੇ ਕਲਾਤਮਕ ਮਿਸ਼ਰਣ ਰਾਹੀਂ ਇਹ ਕਿਤਾਬ ਗੁਰੂ ਸਾਹਿਬ ਦੇ ਵਿਸ਼ਵਵਿਆਪੀ ਭਾਈਚਾਰੇ, ਦਇਆ ਅਤੇ ਧਾਰਮਿਕ ਆਜ਼ਾਦੀ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਂਦੀ ਹੈ। ਲੇਖਕ ਹਰਪ੍ਰੀਤ ਸੰਧੂ ਨੇ ਇਹਨਾਂ ਪਵਿੱਤਰ ਸਥਾਨਾਂ ਦੇ ਸਾਰ ਨੂੰ ਬਹੁਤ ਬਾਰੀਕੀ ਨਾਲ ਚਿੱਤਰਿਆ ਹੈ ਅਤੇ ਸਿੱਖ ਵਿਰਾਸਤ ਤੇ ਇਤਿਹਾਸ ਬਾਰੇ ਜਾਗਰੂਕਤਾ ਪੈਦਾ ਕਰਦਿਆਂ ਪਾਠਕਾਂ ਲਈ ਇੱਕ ਕਲਾਤਮਕ ਯਾਤਰਾ ਤਿਆਰ ਕੀਤੀ ਹੈ। ਨੌਵੇਂ ਸਿੱਖ ਗੁਰੂ ਸਾਹਿਬ ਦੀ ਕੌਮ ਲਈ ਲਾਸਾਨੀ ਸ਼ਹਾਦਤ ਨੂੰ ਸ਼ਰਧਾਂਜਲੀ ਵਜੋਂ ਕਿਤਾਬਾਂ ਦਾ ਇੱਕ ਸੈੱਟ ਹਾਈ ਕੋਰਟ ਦੇ ਜੱਜਾਂ ਦੀ ਲਾਇਬ੍ਰੇਰੀ ਲਈ ਭੇਟ ਕੀਤਾ ਗਿਆ ਹੈ।

ਮਾਣਯੋਗ ਚੀਫ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸ੍ਰੀ ਜਸਟਿਸ ਸ਼ੀਲ ਨਾਗੂ ਨੇ ਕਿਤਾਬ ਦੀ ਪ੍ਰਸ਼ੰਸਾ ਕਰਦਿਆਂ ਗੁਰੂ ਤੇਗ਼ ਬਹਾਦਰ ਜੀ ਦੀ ਪਵਿੱਤਰ ਯਾਤਰਾ ਨੂੰ ਕਲਾਤਮਕ ਰੂਪ ਵਿੱਚ ਪ੍ਰਗਟ ਕਰਨ ਲਈ ਰਾਜ ਸੂਚਨਾ ਕਮਿਸ਼ਨਰ ਸ੍ਰੀ ਹਰਪ੍ਰੀਤ ਸੰਧੂ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਕਿਤਾਬ ਬਹਾਦਰੀ ਅਤੇ ਸੱਚਾਈ ਦੇ ਚਾਨਣ ਮੁਨਾਰੇ ਨੌਵੇਂ ਸਿੱਖ ਗੁਰੂ ਸਾਹਿਬ ਦੀ ਅਧਿਆਤਮਿਕ ਅਤੇ ਇਤਿਹਾਸਕ ਵਿਰਾਸਤ ਨੂੰ ਸੰਭਾਲਣ ਅਤੇ ਇਸ ਨੂੰ ਦੁਨੀਆਂ ਭਰ ਦੇ ਲੋਕਾਂ ਤੱਕ ਪਹੁੰਚਾਉਣ ਵਿੱਚ ਅਹਿਮ ਯੋਗਦਾਨ ਪਾਵੇਗੀ। ਚੀਫ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਪਹਿਲਕਦਮੀ ਦੀ ਵਿਦਿਅਕ ਅਤੇ ਸੱਭਿਆਚਾਰਕ ਮੁੱਲ ਪੱਖੋਂ ਸ਼ਲਾਘਾ ਕਰਦਿਆਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਜਿਹੀਆਂ ਕਲਾਤਮਕ ਰਚਨਾਵਾਂ ਵੱਖ-ਵੱਖ ਭਾਈਚਾਰਿਆਂ ਨੂੰ ਭਾਰਤ ਦੀ ਅਧਿਆਤਮਿਕ ਅਤੇ ਨੈਤਿਕ ਧਾਰਮਿਕ ਵਿਰਾਸਤ ਨਾਲ ਜੋੜਨ ਦਾ ਇੱਕ ਜ਼ਰੀਆ ਹਨ।