ਚੰਡੀਗੜ੍ਹ, 19 ਸਤੰਬਰ: ਸੂਬੇ ਵਿੱਚ ਨਿਵੇਸ਼ ਦੀ ਗਤੀ ਨੂੰ ਜਾਰੀ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮਾਡਰਨ ਆਟੋਮੋਟਿਵਜ਼ ਲਿਮਟਡ ਨੂੰ ਸੂਬੇ ਵਿੱਚ ਆਪਣੇ ਪ੍ਰਾਜੈਕਟ ਦਾ ਵਿਸਥਾਰ ਕਰਨ ਅਤੇ ਲਗਜ਼ਰੀ ਕਾਰਾਂ ਬਣਾਉਣ ਵਾਲੀ ਨਾਮੀ ਕੰਪਨੀ ਬੀ.ਐਮ.ਡਬਲਿਊ. ਦੇ ਅਹਿਮ ਪਾਰਟਸ ਬਣਾਉਣ ਵਿੱਚ ਪੂਰਨ ਸਹਿਯੋਗ ਤੇ ਮਦਦ ਦਾ ਭਰੋਸਾ ਦਿੱਤਾ।
ਮਾਡਰਨ ਆਟੋਮੋਟਿਵ ਲਿਮਟਡ ਦੇ ਵਫ਼ਦ ਦੇ ਨੁਮਾਇੰਦਿਆਂ ਅਦਿੱਤਿਆ ਗੋਇਲ, ਸੁਹੇਲ ਗੋਇਲ ਅਤੇ ਮਨੀਸ਼ ਬੱਗਾ ਨੇ ਅੱਜ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਮਾਡਰਨ ਆਟੋਮੋਟਿਵ ਦੇਸ਼ ਦੀ ਪਹਿਲੀ ਕੰਪਨੀ ਹੈ ਜਿਸ ਨੂੰ ਜਰਮਨ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਬੀ.ਐਮ.ਡਬਲਿਊ. ਏ.ਜੀ. ਮਿਊਨਿਖ ਵੱਲੋਂ ਪਿਨੀਓਨ ਸ਼ਾਫਟਾਂ ਡਲਿਵਰ ਕਰਨ ਲਈ ਪ੍ਰਵਾਨਗੀ ਪ੍ਰਾਪਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ 150 ਕਰੋੜ ਰੁਪਏ ਦੀ ਕੀਮਤ ਵਾਲੇ 25 ਲੱਖ ਯੂਨਿਟਾਂ ਲਈ ਆਰਡਰ ਦੀ ਪੁਸ਼ਟੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਵਿਕਾਸ ਅਤੇ ਟੈਸਟਿੰਗ ਲਈ ਸੈਂਕੜੇ ਕਰੋੜ ਰੁਪਏ ਦੇ ਨਿਵੇਸ਼ ਵਾਲੇ ਮਾਡਲਾਂ ਨੂੰ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁੱਝ ਇਕ ਹੀ ਜਗ੍ਹਾ ਹੋਵੇਗਾ, ਜਿਸ ਨਾਲ ਵਾਧੂ ਉਤਪਾਦਨ ਇਕਾਈਆਂ ਜੋੜੀਆਂ ਜਾਣਗੀਆਂ, ਇਸ ਨਾਲ ਹੋਰ ਮਾਲੀਆ ਆਉਣ ਦੇ ਨਾਲ-ਨਾਲ ਰੋਜ਼ਗਾਰ ਦੇ ਜ਼ਿਆਦਾ ਮੌਕੇ ਪੈਦਾ ਹੋਣਗੇ।
ਨਿਵੇਸ਼ ਕੰਪਨੀ ਨੂੰ ਭਵਿੱਖ ਦੇ ਉੱਦਮਾਂ ਲਈ ਪੂਰਨ ਸਮਰਥਨ ਅਤੇ ਸਹਿਯੋਗ ਦਾ ਭਰੋਸਾ ਦਿੰਦਿਆਂ ਮੁੱਖ ਮੰਤਰੀ ਨੇ ਅਗਲੇ ਮਹੀਨੇ ਪਲਾਂਟ ਦਾ ਨੀਂਹ ਪੱਥਰ ਰੱਖਣ ਲਈ ਵਫ਼ਦ ਦੇ ਸੱਦੇ ਨੂੰ ਸਵੀਕਾਰ ਕਰ ਲਿਆ। ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਮੋਹਰੀ ਆਟੋਮੋਟਿਵ ਦਿੱਗਜ਼ ਬੀ.ਐਮ.ਡਬਲਿਊ. ਦੇ ਪਾਰਟਸ ਹੁਣ ਸੂਬੇ ਵਿੱਚ ਤਿਆਰ ਕੀਤੇ ਜਾਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਕਦਮ ਪੰਜਾਬ ਨੂੰ ਅੰਤਰਰਾਸ਼ਟਰੀ ਨਕਸ਼ੇ ‘ਤੇ ਉਜਾਗਰ ਕਰਨ ਦੇ ਨਾਲ-ਨਾਲ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਨਿਵੇਸ਼ਕਾਂ ਦੀ ਭਲਾਈ ਲਈ ਸਹੀ ਮਾਅਨਿਆਂ ਵਿੱਚ ਸਿੰਗਲ ਵਿੰਡੋ ਸਿਸਟਮ ਵਾਲੀ ਉਦਯੋਗ ਪੱਖੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਮੌਕਿਆਂ ਦੀ ਧਰਤੀ ਹੈ ਅਤੇ ਵਿਸ਼ਵ ਭਰ ਦੀਆਂ ਪ੍ਰਮੁੱਖ ਕੰਪਨੀਆਂ ਸੂਬੇ ਵਿੱਚ ਨਿਵੇਸ਼ ਕਰਨ ਲਈ ਤਿਆਰ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਭਾਈਚਾਰਕ ਸਾਂਝ, ਉਦਯੋਗਿਕ ਵਿਕਾਸ ਲਈ ਸੁਖਾਵਾਂ ਮਾਹੌਲ ਅਤੇ ਉਦਯੋਗਕਿ ਸ਼ਾਂਤੀ ਹੈ, ਜੋ ਕਿ ਇਸ ਦੇ ਸਰਵਪੱਖੀ ਵਿਕਾਸ, ਖੁਸ਼ਹਾਲੀ ਅਤੇ ਤਰੱਕੀ ਨੂੰ ਹੁਲਾਰਾ ਦੇ ਰਹੇ ਹਨ।