
ਚੰਡੀਗੜ੍ਹ, 19 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਇਕ ਪਾਸੇ ਪੰਜਾਬ ਦਾ ਕਿਸਾਨ ਆਪਣੀਆਂ ਮੰਗਾਂ ਮੰਨਵਾਉਣ ਲਈ ਮਰਨ ਵਰਤ ‘ਤੇ ਬੈਠਾ ਹੈ ਅਤੇ ਦੂਜੇ ਪਾਸੇ ਰਵਾਇਤੀ ਸਿਆਸੀ ਪਾਰਟੀਆਂ ਦੇ ਆਗੂ ਵਿਆਹਾਂ, ਰਿਸੈਪਸ਼ਨਾਂ ਅਤੇ ਦਾਅਵਤਾਂ ਦਾ ਆਨੰਦ ਮਾਣ ਰਹੇ ਹਨ।
ਮੁੱਖ ਮੰਤਰੀ ਦਫਤਰ ਵਲੋਂ ਜਾਰੀ ਇਕ ਬਿਆਨ ਵਿਚ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਸੁਨੀਲ ਜਾਖੜ ਵਰਗੇ ਰਵਾਇਤੀ ਸਿਆਸੀ ਆਗੂਆਂ ਗੈਰ ਸੰਜੀਦਗੀ ਸਪਸ਼ਟ ਝਲਕਦੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਆਗੂ ਆਪਣੇ ਸੌੜੇ ਸਿਆਸੀ ਹਿੱਤਾਂ ਨੂੰ ਮੁੱਖ ਰੱਖ ਕੇ ਸੂਬੇ ਦੇ ਲੋਕਾਂ ਦੇ ਮਸਲਿਆਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਨ। ਇਹ ਸਟੇਜ਼ਾਂ ‘ਤੇ ਤਾਂ ਇਕ ਦੂਜੇ ਖਿਲਾਫ ਜ਼ਹਿਰ ਉਗਲਦੇ ਹਨ, ਪਰ ਨਿੱਜੀ ਸਮਾਗਮਾਂ ਵਿਚ ਇਕ ਦੂਜੇ ਦੇ ਗਲੇ ਲੱਗਦੇ ਹਨ, ਜਿਸ ਨਾਲ ਇਨ੍ਹਾਂ ਦਾ ਅਸਲੀ ਚਿਹਰਾ ਨੰਗਾ ਹੋ ਜਾਂਦਾ ਹੈ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਰਵਾਇਤੀ ਆਗੂਆਂ ਨੇ ਆਮ ਲੋਕਾਂ ਨੂੰ ਹਮੇਸ਼ਾਂ ਲੜਾ ਕੇ ਰੱਖਿਆ ਅਤੇ ਅੰਦਰਖਾਤੇ ਆਪ ਇਕਮਿਕ ਹੋ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਆਗੂਆਂ ਨੇ ਲੋਕਾਂ ਨੂੰ ਬਥੇਰਾ ਸਮਾਂ ਮੂਰਖ ਬਣਾ ਲਿਆ, ਪਰ ਹੁਣ ਪੰਜਾਬ ਦੇ ਲੋਕ ਇਨ੍ਹਾਂ ਦੇ ਗੁੰਮਰਾਹਕੁੰਨ ਪ੍ਰਚਾਰ ਵਿਚ ਨਹੀਂ ਆਉਣਗੇ।