Tuesday, December 10Malwa News
Shadow

ਮੁੱਖ ਮੰਤਰੀ ਬਨਣ ਪਿਛੋਂ ਆਤਿਸ਼ੀ ਦਾ ਪਹਿਲਾ ਬਿਆਨ

ਨਵੀਂ ਦਿੱਲੀ : ਦਿੱਲੀ ਦੀ ਮੁੱਖ ਮੰਤਰੀ ਬਨਣ ਪਿਛੋਂ ਆਤਿਸ਼ੀ ਮਾਰਲੇਨਾ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਆਤਿਸ਼ੀ ਮੁੱਖ ਮੰਤਰੀ ਦੀ ਕੁਰਸੀ ‘ਤੇ ਬਿਠਾਉਣ ਲਈ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ ਹੈ। ਆਤਿਸ਼ੀ ਨੇ ਕਿਹਾ ਕਿ ਕੇਜਰੀਵਾਲ ਮੇਰੇ ਗੁਰੂ ਹਨ ਅਤੇ ਜਲਦੀ ਹੀ ਲੋਕਾਂ ਦੇ ਫਤਵੇ ਨਾਲ ਉਹ ਮੁੜ ਦਿੱਲੀ ਦੇ ਮੁੱਖ ਮੰਤਰੀ ਬਨਣਗੇ।
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਆਤਿਸ਼ੀ ਨੂੰ ਦਿੱਲੀ ਦੀ ਮੁੱਖ ਮੰਤਰੀ ਚੁਣੇ ਜਾਣ ਪਿਛੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਆਤਿਸ਼ੀ ਨੇ ਕਿਹਾ ਕਿ ਅਜਿਹਾ ਆਮ ਆਦਮੀ ਪਾਰਟੀ ਵਿਚ ਹੀ ਹੋ ਸਕਦਾ ਹੈ ਜਿਥੇ ਇਕ ਆਮ ਔਰਤ ਨੂੰ ਰਾਜਨੀਤੀ ਵਿਚ ਆਉਣ ਪਿਛੋਂ ਪਹਿਲੀ ਵਾਰ ਹੀ ਮੁੱਖ ਮੰਤਰੀ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਉਸ ‘ਤੇ ਜੋ ਭਰੋਸਾ ਜਿਤਾਇਆ ਹੈ, ਉਹ ਕਦੇ ਵੀ ਇਹ ਭਰੋਸ ਟੁੱਟਣ ਨਹੀਂ ਦੇਣਗੇ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੀ 2 ਕਰੋੜ ਜਨਤਾ ਦਾ ਕੇਵਲ ਇਕੋ ਹੀ ਮੁੱਖ ਮੰਤਰੀ ਹੈ, ਉਹ ਹੈ ਅਰਵਿੰਦ ਕੇਜਰੀਵਾਲ। ਉਨ੍ਹਾਂ ਨੇ ਕੇਜਰੀਵਾਲ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਜਿਹਾ ਆਦਮੀ ਜੋ ਮੁੱਖ ਮੰਤਰੀ ਪਦ ਤੋਂ ਅਸਤੀਫਾ ਦੇ ਸਕਦਾ ਹੈ ਅਤੇ ਆਪਣੀ ਸਰਕਾਰੀ ਨੌਕਰੀ ਛੱਡ ਕੇ ਲੋਕਾਂ ਦੀ ਸੇਵਾ ਕਰ ਸਕਦਾ ਹੈ, ਉਸ ਖਿਲਾਫ ਕੇਂਦਰ ਦੀ ਭਾਜਪਾ ਸਰਕਾਰ ਨੇ ਝੂਠੇ ਕੇਸ ਦਰਜ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਝੂਠੇ ਕੇਸਾਂ ਵਿਚ ਫਸਾ ਕੇ ਜੇਲ ਵਿਚ ਬੰਦ ਰੱਖਿਆ। ਕੇਜਰੀਵਾਲ ਦੀ ਥਾਂ ਕੋਈ ਹੋਰ ਨੇਤਾ ਹੁੰਦਾ ਤਾਂ ਭਾਜਪਾ ਦੇ ਅੱਤਿਆਚਾਰ ਤੋਂ ਡਰ ਕੇ ਦੋ ਮਿੰਟ ਵਿਚ ਗੋਡੇ ਟੇਕ ਦਿੰਦਾ। ਪਰ ਕੇਜਰੀਵਾਲ ਅਜਿਹੇ ਨੇਤਾ ਹਨ ਜੋ ਕਿਸੇ ਤੋਂ ਡਰਨ ਵਾਲੇ ਨਹੀਂ ਹਨ।
ਆਤਿਸ਼ੀ ਨੇ ਕਿਹਾ ਕਿ ਉਸ ਨੂੰ ਪਤਾ ਹੈ ਕਿ ਹੁਣ ਭਾਜਪਾ ਸਰਕਾਰ ਦਿੱਲੀ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਖੋਹਣ ਦੀ ਕੋਸ਼ਿਸ਼ ਕਰੇਗੀ, ਪਰ ਮੈਂ ਅਜਿਹਾ ਕਦੇ ਵੀ ਨਹੀਂ ਹੋਣ ਦੇਵਾਂਗੀ। ਹੁਣ ਅਸੀਂ ਦਿੱਲੀ ਦੇ ਲੋਕਾਂ ਨੂੰ ਹੋਰ ਵਧੀਆ ਸਹੂਲਤਾਂ ਦੇਣ ਦੀ ਕੋਸ਼ਿਸ਼ ਕਰਾਂਗੇ ਅਤੇ ਚੋਣਾ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਮੁੜ ਦਿੱਲੀ ਦਾ ਮੁੱਖ ਮੰਤਰੀ ਬਣਾਉਣ ਲਈ ਮਿਲ ਕੇ ਕੰਮ ਕਰਾਂਗੇ।