
ਜਲੰਧਰ, 24 ਅਕਤੂਬਰ : ਅੰਤਰਰਾਸ਼ਟਰੀ ਹਾਕੀ ਟੀਮਾਂ ਦਾ ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ (ਬਰਲਟਨ ਪਾਰਕ) ਵਿਖੇ ਪਹੁੰਚਣ ’ਤੇ ਪੰਜਾਬੀ ਭੰਗੜੇ ਦੀਆਂ ਜੋਸ਼ੀਲੀਆਂ ਤਾਲਾਂ ਤੇ ਉਤਸ਼ਾਹ ਨਾਲ ਸ਼ਾਨਦਾਰ ਅਤੇ ਰਵਾਇਤੀ ਢੰਗ ਨਾਲ ਸਵਾਗਤ ਕੀਤਾ ਗਿਆ। ਬੰਗਲਾਦੇਸ਼, ਜਾਪਾਨ, ਚੀਨ ਅਤੇ ਮਲੇਸ਼ੀਆ ਦੀਆਂ ਟੀਮਾਂ ਅਭਿਆਸ ਸੈਸ਼ਨਾਂ ਲਈ ਸਟੇਡੀਅਮ ਪਹੁੰਚੀਆਂ, ਜਿਥੇ ਸਥਾਨਕ ਵਸਨੀਕਾਂ ਅਤੇ ਹਾਕੀ ਦੇ ਉੱਭਰਦੇ ਨੌਜਵਾਨ ਖਿਡਾਰੀਆਂ ਨੇ 27 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਪੁਰਸ਼ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਇਨ੍ਹਾਂ ਖਿਡਾਰੀਆਂ ਦਾ ਸਵਾਗਤ ਕੀਤਾ।
ਇਹ ਅਹਿਮ ਖੇਡ ਸਮਾਗਮ ਸੂਬੇ ਲਈ ਇੱਕ ਇਤਿਹਾਸਕ ਮੀਲ ਪੱਥਰ ਹੈ ਕਿਉਂਕਿ ਪੰਜਾਬ ਵਿੱਚ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਲਗਾਤਾਰ ਯਤਨਾਂ ਸਦਕਾ ਰਾਜ ਇਸ ਵੱਕਾਰੀ ਟੂਰਨਾਮੈਂਟ ਨੂੰ ਭਾਰਤੀ ਹਾਕੀ ਦੇ ਗੜ੍ਹ ਵਿੱਚ ਲਿਆਉਣ ਵਿੱਚ ਸਫ਼ਲ ਰਿਹਾ ਹੈ।
ਬਿਹਤਰੀਨ ਅਨੁਭਵ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਆਪਕ ਪ੍ਰਬੰਧ ਕੀਤੇ ਗਏ ਹਨ। ਟੂਰਨਾਮੈਂਟ ਤਹਿਤ ਭਾਗ ਲੈਣ ਵਾਲੇ 6 ਦੇਸ਼ਾਂ ਭਾਰਤ, ਜਾਪਾਨ, ਦੱਖਣੀ ਕੋਰੀਆ, ਚੀਨ, ਮਲੇਸ਼ੀਆ ਅਤੇ ਬੰਗਲਾਦੇਸ਼ ਲਈ ਉੱਚ ਪੱਧਰੀ ਮਹਿਮਾਨ-ਨਿਵਾਜ਼ੀ, ਵਿਸ਼ਵ ਪੱਧਰੀ ਸਹੂਲਤਾਂ ਅਤੇ ਪੁਖ਼ਤਾ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਗਏ ਹਨ।
27 ਅਕਤੂਬਰ ਨੂੰ ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ਜ਼ਬਰਦਸਤ ਐਕਸ਼ਨ ਦੀ ਸ਼ੁਰੂਆਤ ਹੋਵੇਗੀ। ਸ਼ਾਨਦਾਰ ਉਦਘਾਟਨੀ ਸਮਾਰੋਹ ਤੋਂ ਬਾਅਦ ਪਹਿਲੇ ਮੁਕਾਬਲਿਆਂ ਵਿੱਚ ਮਲੇਸ਼ੀਆ ਦਾ ਸਾਹਮਣਾ ਚੀਨ ਨਾਲ, ਜਾਪਾਨ ਦਾ ਕੋਰੀਆ ਨਾਲ ਅਤੇ ਮੇਜ਼ਬਾਨ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋਵੇਗਾ। ਜਲੰਧਰ ਵਿੱਚ ਪੂਲ ਮੈਚ 29 ਤੇ 30 ਅਕਤੂਬਰ ਅਤੇ 1 ਤੇ 2 ਨਵੰਬਰ ਨੂੰ ਖੇਡੇ ਜਾਣਗੇ। ਇਸ ਤੋਂ ਬਾਅਦ ਮੁਕਾਬਲੇ ਮੋਹਾਲੀ ਸਥਿਤ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਵਿੱਚ ਹੋਣਗੇ, ਜਿੱਥੇ 4 ਨਵੰਬਰ ਨੂੰ ਸੈਮੀਫਾਈਨਲ ਮੈਚ ਹੋਣਗੇ ਅਤੇ 5 ਨਵੰਬਰ ਨੂੰ ਸ਼ਾਨਦਾਰ ਫਾਈਨਲ ਮੁਕਾਬਲੇ ਨਾਲ ਟੂਰਨਾਮੈਂਟ ਦੀ ਸਮਾਪਤੀ ਹੋਵੇਗੀ।