Sunday, March 23Malwa News
Shadow

ਪੰਜਾਬ ‘ਚ ਤੀਜੇ ਦਿਨ ਗ੍ਰਿਫਤਾਰ ਕੀਤੇ 70 ਨਸ਼ਾ ਤਸਕਰ

ਚੰਡੀਗੜ੍ਹ, 3 ਮਾਰਚ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੀ ਲਾਹਣਤ ਨੂੰ ਜੜ੍ਹੋਂ ਖ਼ਤਮ ਕਰਨ ਦੇ ਮੱਦੇਨਜ਼ਰ ਚਲਾਈ ਮੁਹਿੰਮ ‘‘ਯੁੱਧ ਨਸ਼ਿਆਂ ਦੇ ਵਿਰੁੱਧ’’ ਦੇ ਤੀਜੇ ਦਿਨ ਪੰਜਾਬ ਪੁਲਿਸ ਨੇ ਸੋਮਵਾਰ ਨੂੰ ਸੂਬੇ ਭਰ ਵਿੱਚ 48 ਐਫਆਈਆਰਜ਼ ਦਰਜ ਕਰਨ ਉਪਰੰਤ 70 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਵਿੱਚੋਂ ਦੋ ਤਸਕਰਾਂ ਨੂੰ ਗੋਲੀਬਾਰੀ ਤੋਂ ਬਾਅਦ ਕਾਬੂ ਕੀਤਾ ਗਿਆ ਹੈ। ਇਸ ਨਾਲ , ਮਹਿਜ਼ ਤਿੰਨ ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ ਹੁਣ 403 ਹੋ ਗਈ ਹੈ। ਪੁਲਿਸ ਟੀਮਾਂ ਨੇ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ਵਿੱਚੋਂ 4.63 ਕਿਲੋ ਹੈਰੋਇਨ, 500 ਗ੍ਰਾਮ ਗਾਂਜਾ, 100 ਗ੍ਰਾਮ ਅਫੀਮ, 1548 ਨਸ਼ੀਲੀਆਂ ਗੋਲੀਆਂ/ਟੀਕੇ ਅਤੇ 1.32 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ।
ਇਹ ਆਪ੍ਰੇਸ਼ਨ ਸੂਬੇ ਦੇ ਸਾਰੇ 28 ਪੁਲਿਸ ਜ਼ਿਲਿ੍ਹਆਂ ਵਿੱਚ ਇੱਕੋ ਸਮੇਂ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਚਲਾਇਆ ਗਿਆ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁਲਿਸ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਸੀਨੀਅਰ ਪੁਲਿਸ ਸੁਪਰਡੈਂਟ ਨੂੰ ਆਉਣ ਵਾਲੇ ਤਿੰਨ ਮਹੀਨਿਆਂ ਵਿੱਚ ਪੰਜਾਬ ਨੂੰ ਮੁਕੰਮਲ ਤੌਰ ’ਤੇ ਨਸ਼ਾ ਮੁਕਤ ਸੂਬਾ ਬਣਾਉਣ ਲਈ ਕਿਹਾ ਹੈ। ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਜੰਗ ਦੀ ਨਿਗਰਾਨੀ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ 5 ਮੈਂਬਰੀ ਕੈਬਨਿਟ ਸਬ-ਕਮੇਟੀ ਵੀ ਬਣਾਈ ਹੈ।
ਹੋਰ ਵੇਰਵੇ ਸਾਂਝੇ ਕਰਦਿਆਂ, ਵਿਸ਼ੇਸ਼ ਡੀਜੀਪੀ ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਕਿਹਾ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸ਼ਨੀਵਾਰ ਨੂੰ ਦੋਸ਼ੀ ਜਗਤਾਰ ਸਿੰਘ ਅਤੇ ਅੰਗਰੇਜ਼ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਦੇ ਕਬਜ਼ੇ ਚੋਂ 1 ਕਿਲੋ ਆਈ.ਸੀ.ਈ. (ਮੈਥੈਮਫੇਟਾਮਾਈਨ) ਅਤੇ 1.4 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਸੀ। ਜਗਤਾਰ ਸਿੰਘ ਦੇ ਖੁਲਾਸੇ ਤੋਂ ਬਾਅਦ ਜਦੋਂ ਪੁਲਿਸ ਟੀਮਾਂ ਉਸਨੂੰ ਬਰਾਮਦਗੀ ਲਈ ਦੱਸੇ ਟਿਕਾਣੇ ’ਤੇ ਲਿਜਾ ਰਹੀਆਂ ਸਨ ਤਾਂ ਉਸਨੇ ਡਿਫੈਂਸ ਡਰੇਨ ਅਟਾਰੀ ਨੇੜੇ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਪੁਲਿਸ ਨੂੰ ਗੋਲੀਬਾਰੀ ਕਰਨੀ ਪਈ ਤੇ ਦੋਸ਼ੀ ਦੀ ਸੱਜੀ ਲੱਤ ਜ਼ਖਮੀ ਹੋ ਗਈ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਦੁਬਾਰਾ ਫੜ ਲਿਆ ਗਿਆ ਅਤੇ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕਰਵਾਈ ਗਈ।
ਉਨ੍ਹਾਂ ਦੱਸਿਆ ਕਿ ਇੱਕ ਹੋਰ ਆਪ੍ਰੇਸ਼ਨ ਦੌਰਾਨ, ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਦਰ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਪਾਮ ਗਾਰਡਨ ਕਲੋਨੀ ਨੇੜੇ ਸੰਖੇਪ ਗੋਲੀਬਾਰੀ ਦੌਰਾਨ ਅੰਮ੍ਰਿਤਸਰ ਦੇ ਫੈਜ਼ਪੁਰਾ ਦੇ ਬਦਨਾਮ ਨਸ਼ਾ ਤਸਕਰ ਸਾਹਿਲ ਉਰਫ਼ ਨੀਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਜਦੋਂ ਦੋਸ਼ੀ ਦਾ ਪਿੱਛਾ ਕਰ ਰਹੀਆਂ ਸਨ ਤਾਂ ਉਸਨੇ ਪੁਲਿਸ ਟੀਮਾਂ ’ਤੇ ਗੋਲੀਬਾਰੀ ਕਰ ਕੀਤੀ, ਜਿਸ ਦੇ ਚਲਦਿਆਂ ਪੁਲਿਸ ਟੀਮਾਂ ਨੂੰ ਜਵਾਬੀ ਕਾਰਵਾਈ ਕਰਨੀ ਪਈ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਉਸਦੇ ਕਬਜ਼ੇ ਵਿੱਚੋਂ .32 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ।
ਸਪੈਸ਼ਲ ਡੀਜੀਪੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ‘ਚੋਂ ਨਸ਼ਿਆਂ ਦੇ ਖਾਤਮੇ ਲਈ ਤਿੰਨ-ਨੁਕਾਤੀ ਰਣਨੀਤੀ – ਇਨਫੋਰਸਮੈਂਟ, ਡੀਅਡਿੇਸ਼ਨ ਅਤੇ ਪ੍ਰੀਵੈਂਸ਼ਨ (ਈਡੀਪੀ) – ਲਾਗੂ ਕਰਨ ਦੇ ਨਾਲ, ਪੰਜਾਬ ਪੁਲਿਸ ਵੱਲੋਂ ਇਸ ਨੀਤੀ ਦੇ ‘ਪ੍ਰੀਵੈਂਸ਼ਨ’ ਹਿੱਸੇ ਵਜੋਂ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਨਸ਼ਿਆਂ ਵਿਰੁੱਧ ਲੜਾਈ ਵਿੱਚ ਆਮ ਲੋਕਾਂ ਦਾ ਸਹਿਯੋਗ ਪ੍ਰਾਪਤ ਕਰਨ ਲਈ ਵੱਖ-ਵੱਖ ਸਮਾਗਮ ਕਰਵਾਏ ਜਾ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਐਤਵਾਰ ਨੂੰ ਸਾਰੇ 28 ਪੁਲਿਸ ਜ਼ਿਲਿ੍ਹਆਂ ਵਿੱਚ 137 ਜਾਗਰੂਕਤਾ ਸਮਾਗਮ ਕਰਵਾਏ ਗਏ, ਜਿਨ੍ਹਾਂ ਵਿੱਚ ਜਾਗਰੂਕਤਾ ਕੈਂਪ, ਸੈਮੀਨਾਰ ਅਤੇ ਜਨਤਕ ਮੀਟਿੰਗਾਂ ਸ਼ਾਮਲ ਸਨ।
ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਵੱਲੋਂ ਜੇਲ੍ਹਾਂ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਲਈ ਸੂਬੇ ਦੀਆਂ ਅੱਠ ਵੱਖ-ਵੱਖ ਜੇਲ੍ਹਾਂ ਜਿਨ੍ਹਾਂ ਕੇਂਦਰੀ ਜੇਲ੍ਹ ਪਟਿਆਲਾ, ਨਵੀਂ ਜੇਲ੍ਹ ਨਾਭਾ, ਓਪਨ ਜੇਲ੍ਹ ਨਾਭਾ ਅਤੇ ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ ਤੇ ਰੂਪਨਗਰ ਜ਼ਿਲਿ੍ਹਆਂ ਦੀਆਂ ਜੇਲ੍ਹਾਂ ਸ਼ਾਮਲ ਹਨ, ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ, ‘‘ਸਾਡੀਆਂ ਪੁਲਿਸ ਟੀਮਾਂ ਵੱਲੋਂ ਜੇਲ੍ਹ ਕੰਪਲੈਕਸ ਵਿੱਚ ਬੈਰਕਾਂ, ਰਸੋਈ ਅਤੇ ਪਖਾਨਿਆਂ ਸਮੇਤ ਕੋਨੇ- ਕੋਨੇ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ ਹੈ।”

Basmati Rice Advertisment