Thursday, January 15Malwa News
Shadow

ਜ਼ਿਲ੍ਹਾ ਸੰਗਰੂਰ ਦੇ ਆਂਗਣਵਾੜੀ ਕੇਂਦਰਾਂ ਵਿੱਚ 6 ਮਹੀਨੇ ਦੇ ਬੱਚਿਆਂ ਲਈ ਅੰਨਪ੍ਰਾਸ਼ਨ ਦਿਵਸ ਮਨਾਇਆ

ਸੰਗਰੂਰ, 14 ਜਨਵਰੀ (000) – ਜ਼ਿਲ੍ਹਾ ਸੰਗਰੂਰ ਦੇ ਸਾਰੇ ਆਂਗਣਵਾੜੀ ਕੇਂਦਰਾਂ ਵਿੱਚ ਅੰਨਪ੍ਰਾਸ਼ਨ ਦਿਵਸ ਮਨਾਇਆ ਗਿਆ। ਇਸ ਦਿਨ 6 ਮਹੀਨੇ ਦੀ ਉਮਰ ਪੂਰੀ ਕਰ ਚੁੱਕੇ ਨੰਨ੍ਹੇ ਬੱਚਿਆਂ ਨੂੰ ਮਾਂ ਦੇ ਦੁੱਧ ਦੇ ਨਾਲ-ਨਾਲ ਪਹਿਲੀ ਵਾਰ ਉਪਰਾਂਤ ਪੌਸ਼ਟਿਕ ਆਹਾਰ ਦੀ ਸ਼ੁਰੂਆਤ ਕਰਵਾਉਣ ਦੇ ਮਹੱਤਵ ਬਾਰੇ ਮਾਵਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਜਾਣੂ ਕਰਵਾਇਆ ਗਿਆ।

ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀਮਤੀ ਰਤਿੰਦਰ ਕੌਰ ਨੇ ਦੱਸਿਆ ਕਿ ਇਸ ਮੌਕੇ ਆਂਗਣਵਾੜੀ ਵਰਕਰਾਂ ਵੱਲੋਂ ਮਾਵਾਂ ਨੂੰ ਵਿਸਥਾਰ ਨਾਲ ਸਮਝਾਇਆ ਗਿਆ ਕਿ ਬੱਚੇ ਦੇ ਪਹਿਲੇ 1000 ਦਿਨ (ਗਰਭ ਅਵਸਥਾ ਤੋਂ 2 ਸਾਲ ਤੱਕ) ਉਸ ਦੀ ਸਰੀਰਕ, ਮਾਨਸਿਕ ਅਤੇ ਬੁੱਧੀਕ ਵਿਕਾਸ ਲਈ ਬਹੁਤ ਹੀ ਮਹੱਤਵਪੂਰਨ ਹੁੰਦੇ ਹਨ। 6 ਮਹੀਨੇ ਦੀ ਉਮਰ ਤੋਂ ਬਾਅਦ ਕੇਵਲ ਮਾਂ ਦਾ ਦੁੱਧ ਬੱਚੇ ਦੀਆਂ ਪੌਸ਼ਟਿਕ ਜ਼ਰੂਰਤਾਂ ਪੂਰੀਆਂ ਕਰਨ ਲਈ ਕਾਫ਼ੀ ਨਹੀਂ ਰਹਿੰਦਾ, ਇਸ ਲਈ ਉਪਰਾਂਤ ਆਹਾਰ ਦੀ ਸ਼ੁਰੂਆਤ ਕਰਨੀ ਲਾਜ਼ਮੀ ਹੁੰਦੀ ਹੈ।

ਆਂਗਣਵਾੜੀ ਕੇਂਦਰਾਂ ਵਿੱਚ ਮਾਵਾਂ ਨੂੰ ਘਰੇਲੂ ਤੌਰ ‘ਤੇ ਆਸਾਨੀ ਨਾਲ ਤਿਆਰ ਹੋ ਸਕਣ ਵਾਲੇ ਪੌਸ਼ਟਿਕ ਭੋਜਨ ਜਿਵੇਂ ਕਿ ਦਲੀਏ, ਸਬਜ਼ੀਆਂ ਵਾਲੀ ਖਿਚੜੀ, ਦਾਲ-ਚਾਵਲ, ਸੁਜੀ, ਮਸਲੀ ਹੋਈ ਸਬਜ਼ੀ ਅਤੇ ਫਲਾਂ ਦੀ ਪਿਉਰੀ ਬਾਰੇ ਵਿਧੀ ਸਮੇਤ ਦੱਸਿਆ ਗਿਆ। ਇਸ ਦੇ ਨਾਲ ਇਹ ਵੀ ਸਮਝਾਇਆ ਗਿਆ ਕਿ ਬੱਚੇ ਦੀ ਉਮਰ ਅਨੁਸਾਰ ਖੁਰਾਕ ਦੀ ਮਾਤਰਾ, ਗਾੜ੍ਹਾਪਣ ਅਤੇ ਖੁਰਾਕ ਦੇ ਸਮੇਂ ਵਿੱਚ ਹੌਲੀ-ਹੌਲੀ ਵਾਧਾ ਕਰਨਾ ਚਾਹੀਦਾ ਹੈ।

ਇਸ ਦੌਰਾਨ ਮਾਵਾਂ ਨੂੰ ਸਫ਼ਾਈ ਅਤੇ ਸਿਹਤ ਸੰਭਾਲ ਸਬੰਧੀ ਜ਼ਰੂਰੀ ਜਾਣਕਾਰੀ ਵੀ ਦਿੱਤੀ ਗਈ, ਜਿਸ ਵਿੱਚ ਖੁਰਾਕ ਤਿਆਰ ਕਰਨ ਤੋਂ ਪਹਿਲਾਂ ਹੱਥ ਧੋਣਾ, ਸਾਫ਼ ਬਰਤਨਾਂ ਦੀ ਵਰਤੋਂ, ਤਾਜ਼ਾ ਭੋਜਨ ਤਿਆਰ ਕਰਨਾ ਅਤੇ ਬੱਚੇ ਨੂੰ ਬਿਮਾਰੀਆਂ ਤੋਂ ਬਚਾਉਣ ਦੇ ਤਰੀਕਿਆਂ ਬਾਰੇ ਜਾਗਰੂਕ ਕੀਤਾ ਗਿਆ।

ਪ੍ਰੋਗਰਾਮ ਦੌਰਾਨ ਇਹ ਵੀ ਦੱਸਿਆ ਗਿਆ ਕਿ ਅੰਨਪ੍ਰਾਸ਼ਨ ਬੱਚੇ ਦੇ ਸਿਹਤਮੰਦ ਵਜ਼ਨ, ਉਚਾਈ ਅਤੇ ਸਮੁੱਚੇ ਵਿਕਾਸ ਲਈ ਇੱਕ ਮਹੱਤਵਪੂਰਨ ਕਦਮ ਹੈ। ਸਹੀ ਸਮੇਂ ‘ਤੇ ਸਹੀ ਖੁਰਾਕ ਨਾ ਮਿਲਣ ਕਾਰਨ ਬੱਚਿਆਂ ਵਿੱਚ ਕੂਪੋਸ਼ਣ, ਕਮਜ਼ੋਰੀ ਅਤੇ ਬਿਮਾਰੀਆਂ ਦਾ ਖਤਰਾ ਵੱਧ ਸਕਦਾ ਹੈ, ਜਿਸ ਤੋਂ ਬਚਾਅ ਲਈ ਅੰਨਪ੍ਰਾਸ਼ਨ ਦਿਵਸ ਵਰਗੇ ਜਾਗਰੂਕਤਾ ਕਾਰਜਕ੍ਰਮ ਬਹੁਤ ਲਾਭਕਾਰੀ ਸਾਬਤ ਹੁੰਦੇ ਹਨ।

ਇਸ ਮੌਕੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਮਾਵਾਂ ਨੂੰ ਅਪੀਲ ਕੀਤੀ ਗਈ ਕਿ ਉਹ ਬੱਚਿਆਂ ਨੂੰ 2 ਸਾਲ ਦੀ ਉਮਰ ਤੱਕ ਮਾਂ ਦਾ ਦੁੱਧ ਜਾਰੀ ਰੱਖਣ ਦੇ ਨਾਲ-ਨਾਲ ਪੌਸ਼ਟਿਕ ਅਤੇ ਸੰਤੁਲਿਤ ਆਹਾਰ ਜ਼ਰੂਰ ਦੇਣ ਅਤੇ ਬੱਚਿਆਂ ਦੀ ਨਿਯਮਤ ਤੌਰ ‘ਤੇ ਵਜ਼ਨ ਅਤੇ ਸਿਹਤ ਜਾਂਚ ਆਂਗਣਵਾੜੀ ਕੇਂਦਰ ਰਾਹੀਂ ਕਰਵਾਉਂਦੀਆਂ ਰਹਿਣ।