
ਗੁਰਦਾਸਪੁਰ, 18 ਸਤੰਬਰ : ਪੰਜਾਬ ਸਰਕਾਰ ਵਲੋਂ ਹੜ੍ਹਾਂ ਤੋਂ ਪਿਛੋਂ ਸ਼ੁਰੂ ਕੀਤੀ ਗਈ ਸਫਾਈ ਮੁਹਿੰਮ ਤਹਿਤ ਅੱਜ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਜਿਲਾ ਗੁਰਦਾਸਪੁਰ ਦੇ ਪਿੰਡ ਕਮਾਲਪੁਰ ਅਫਗਾਨਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀ ਸਫਾਈ ਕੀਤੀ। ਇਸ ਦੌਰਾਨ ਆਪ ਵਰਕਰਾਂ ਨੇ ਹੜ੍ਹਾਂ ਦੌਰਾਨ ਸਕੂਲ ਦੀ ਇਮਾਰਤ ਵਿਚ ਇਕੱਠੀ ਹੋਈ ਰੇਤਾ ਸਾਫ ਕੀਤੀ ਅਤੇ ਗੰਦਗੀ ਸਾਫ ਕੀਤੀ। ਇਲਾਕੇ ਵਿਚ ਆਏ ਹੜ੍ਹਾਂ ਦੌਰਾਨ ਸਕੂਲ ਦੇ ਕਮਰਿਆਂ ਵਿਚ ਅਤੇ ਮੈਦਾਨ ਵਿਚ ਬੁਰੀ ਤਰਾਂ ਰੇਤਾ ਅਤੇ ਚਿੱਕੜ ਭਰ ਗਿਆ ਸੀ। ਇਸ ਨਾਲ ਸਕੂਲ ਵਿਚ ਵਿਦਿਆਰਥੀਆਂ ਨੂੰ ਭਾਰੀ ਸਮੱਸਿਆਵਾਂ ਆ ਰਹੀਆਂ ਸਨ।
ਪਿਛਲੇ ਸਮੇਂ ਦੌਰਾਨ ਆਏ ਭਾਰੀ ਹੜ੍ਹਾਂ ਦੀ ਸਫਾਈ ਕਰਨ ਲਈ ਪੰਜਾਬ ਸਰਕਾਰ ਵਲੋਂ ਵੱਡੇ ਪੱਧਰ ‘ਤੇ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸੇ ਤਹਿਤ ਹੀ ਅੱਜ ਆਪ ਵਰਕਰਾਂ ਨੇ ਸਕੂਲ ਦੀ ਸਫਾਈ ਵੀ ਕੀਤੀ ਅਤੇ ਸਕੂਲਾਂ ਵਿਚ ਫੌਗਿੰਗ ਵੀ ਕੀਤੀ ਗਈ, ਜਿਸ ਨਾਲ ਪਾਣੀ ਤੋਂ ਪੈਦਾ ਹੋਏ ਮੱਛਰਾਂ ਨੂੰ ਖਤਮ ਕੀਤਾ ਗਿਆ। ਹੜ੍ਹਾਂ ਦੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਸਿਹਤ ਵਿਭਾਗ ਪੰਜਾਬ ਵਲੋਂ ਵੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਹੀ ਫੌਗਿੰਗ ਮਸ਼ੀਨਾਂ ਅਤੇ ਦਵਾਈਆਂ ਵੀ ਮੁਹਈਆ ਕਰਵਾਈਆਂ ਜਾ ਰਹੀਆਂ ਹਨ।