Sunday, November 29Malwa News
Shadow

ਟੀ.ਬੀ. ਦੀ ਬਿਮਾਰੀ ਦੀ ਮੁੱਢਲੀ ਪਛਾਣ ਲਈ 30 ਨਵੰਬਰ ਨੂੰ ਆਮ ਆਦਮੀ ਕਲੀਨਿਕ, ਮਿੰਨੀ ਸਕੱਤਰੇਤ ਰੋਪੜ ਵਿਖੇ ਲੱਗੇਗਾ ਮੁਫ਼ਤ ਐਕਸ-ਰੇ ਸਕਰੀਨਿੰਗ ਕੈਂਪ

ਰੂਪਨਗਰ, 29 ਨਵੰਬਰ: ਮੈਡੀਕਲ ਅਫ਼ਸਰ ਡਾ ਸੁਖਮਨੀਤ ਕੌਰ ਨੇ ਦੱਸਿਆ ਕਿ ਟੀ.ਬੀ. (ਤਪਦਿਕ) ਦੀ ਬਿਮਾਰੀ ਦੀ ਮੁੱਢਲੀ ਪਛਾਣ ਅਤੇ ਇਸ ਦੀ ਰੋਕਥਾਮ ਦੇ ਉਦੇਸ਼ ਨਾਲ ਸਿਹਤ ਵਿਭਾਗ ਵੱਲੋਂ 30 ਨਵੰਬਰ 2026 ਨੂੰ ਆਮ ਆਦਮੀ ਕਲੀਨਿਕ, ਮਿੰਨੀ ਸਕੱਤਰੇਤ, ਰੋਪੜ ਵਿਖੇ ਮੁਫ਼ਤ ਐਕਸ-ਰੇ ਸਕਰੀਨਿੰਗ ਕੈਂਪ ਲਗਾਇਆ ਜਾ ਰਿਹਾ ਹੈ ਅਤੇ ਇਹ ਕੈਂਪ ਸਵੇਰੇ 9 ਵਜੇ ਤੋਂ ਸ਼ੁਰੂ ਹੋਵੇਗਾ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ ਸੁਖਮਨੀਤ ਕੌਰ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਉਦੇਸ਼ ਟੀ.ਬੀ. ਦੀ ਬਿਮਾਰੀ ਦੀ ਸਮੇਂ ਸਿਰ ਪਛਾਣ ਕਰਨਾ ਅਤੇ ਸੰਭਾਵਿਤ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਲੋੜੀਂਦੀ ਸਿਹਤ ਸਹੂਲਤ ਮੁਹੱਈਆ ਕਰਵਾਉਣਾ ਹੈ। ਕੈਂਪ ਦੌਰਾਨ ਲੋਕਾਂ ਦੀ ਮੁਫ਼ਤ ਐਕਸ-ਰੇ ਸਕਰੀਨਿੰਗ ਕੀਤੀ ਜਾਵੇਗੀ, ਜਿਸ ਨਾਲ ਬਿਮਾਰੀ ਦੀ ਮੁੱਢਲੀ ਪਛਾਣ ਕਰਨ ਵਿੱਚ ਮਦਦ ਮਿਲੇਗੀ।

ਉਨ੍ਹਾਂ ਦੱਸਿਆ ਕਿ ਕਿ ਟੀ.ਬੀ. ਇੱਕ ਇਲਾਜਯੋਗ ਬਿਮਾਰੀ ਹੈ ਅਤੇ ਸਮੇਂ ਸਿਰ ਇਸ ਦੀ ਪਛਾਣ ਹੋਣ ਨਾਲ ਮਰੀਜ਼ ਨੂੰ ਸਹੀ ਇਲਾਜ ਮੁਹੱਈਆ ਕਰਵਾਇਆ ਜਾ ਸਕਦਾ ਹੈ। ਇਸ ਲਈ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਹੈ ਅਤੇ ਲੋੜ ਪੈਣ ‘ਤੇ ਸਿਹਤ ਜਾਂਚ ਕਰਵਾਉਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ।

ਉਨ੍ਹਾਂ ਵਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਮੁਫ਼ਤ ਸਕਰੀਨਿੰਗ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਇਸ ਸਬੰਧੀ ਜਾਣਕਾਰੀ ਆਪਣੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਆਸ-ਪਾਸ ਦੇ ਲੋਕਾਂ ਨਾਲ ਵੀ ਸਾਂਝੀ ਕਰਨ, ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਸਿਹਤ ਸਹੂਲਤ ਦਾ ਲਾਭ ਮਿਲ ਸਕੇ।