Monday, November 23Malwa News
Shadow

ਯੁੱਧ ਨਸ਼ਿਆਂ ਵਿਰੁੱਧ: ਮਾਲੇਰਕੋਟਲਾ ਪੁਲਿਸ ਦਾ ਨਸ਼ਾ ਤਸਕਰਾਂ ’ਤੇ ਵੱਡਾ ਵਾਰ, ਹੈਰੋਇਨ ਦੀ ਕਮਾਈ ਨਾਲ ਬਣਿਆ ₹63 ਲੱਖ ਦਾ ਆਲੀਸ਼ਾਨ ਮਕਾਨ ਫ੍ਰੀਜ਼

**ਮਾਲੇਰਕੋਟਲਾ, 23 ਨਵੰਬਰ 2026:** ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਮਾਲੇਰਕੋਟਲਾ ਪੁਲਿਸ ਨੇ ਨਸ਼ਾ ਤਸਕਰਾਂ ਦੀ ਆਰਥਿਕ ਕਮਰ ਤੋੜਨ ਲਈ ਇੱਕ ਹੋਰ ਵੱਡੀ ਕਾਰਵਾਈ ਕੀਤੀ ਹੈ। ਪਿੰਡ ਬਾਗੜੀਆਂ ਦੇ ਬਦਨਾਮ ਨਸ਼ਾ ਤਸਕਰ ਦਾ ਹੈਰੋਇਨ ਦੀ ਕਾਲੀ ਕਮਾਈ ਨਾਲ ਬਣਾਇਆ ₹63 ਲੱਖ ਦਾ ਆਲੀਸ਼ਾਨ ਰਿਹਾਇਸ਼ੀ ਮਕਾਨ ਫ੍ਰੀਜ਼ ਕਰ ਦਿੱਤਾ ਗਿਆ ਹੈ।

ਸ੍ਰੀ ਹਰਕਮਲ ਪ੍ਰੀਤ ਸਿੰਘ ਖੱਖ, ਪੀ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਨੇ ਦੱਸਿਆ ਕਿ ਥਾਣਾ ਅਮਰਗੜ੍ਹ ਪੁਲਿਸ ਨੇ 08.09.2026 ਨੂੰ ਬਿੱਟੂ ਸਿੰਘ , ਵਾਸੀ ਪਿੰਡ ਬਾਗੜੀਆਂ ਨੂੰ 260 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਸੀ। ਉਸ ਖ਼ਿਲਾਫ਼ ਮੁਕੱਦਮਾ ਨੰ. 310 ਮਿਤੀ 08.09.2026 ਅ/ਧ 21/61 NDPS ਐਕਟ, ਥਾਣਾ ਅਮਰਗੜ੍ਹ ਦਰਜ ਹੈ।

ਦੋਸ਼ੀ ਕੋਈ ਆਮ ਤਸਕਰ ਨਹੀਂ, ਸਗੋਂ ਆਦਤਨ ਅਪਰਾਧੀ ਹੈ। ਸਾਲ 2020 ਤੋਂ ਹੁਣ ਤੱਕ ਉਸ ਖ਼ਿਲਾਫ਼ NDPS ਐਕਟ ਤਹਿਤ 11 ਮੁਕੱਦਮੇ ਦਰਜ ਹੋ ਚੁੱਕੇ ਹਨ, ਜਿਨ੍ਹਾਂ ਵਿੱਚ 15 ਕਿੱਲੋ ਤੱਕ ਭੁੱਕੀ ਅਤੇ ਹੈਰੋਇਨ ਦੀ ਬਰਾਮਦਗੀ ਸ਼ਾਮਲ ਹੈ।

ਥਾਣਾ ਅਮਰਗੜ੍ਹ ਪੁਲਿਸ ਦੀ ਡੂੰਘੀ ਵਿੱਤੀ ਜਾਂਚ ਵਿੱਚ ਖੁਲਾਸਾ ਹੋਇਆ ਕਿ ਦੋਸ਼ੀ ਨੇ ਪੁਲਿਸ ਦੀ ਅੱਖ ਤੋਂ ਬਚਣ ਲਈ ਇਹ ਮਕਾਨ ਆਪਣੇ ਪਿਤਾ  ਦੇ ਨਾਮ ’ਤੇ ਬਣਾਇਆ ਸੀ। ਇਸ ਮਕਾਨ ਦੀ ਉਸਾਰੀ ’ਤੇ ₹48 ਲੱਖ ਲੱਗੇ ਹਨ ਅਤੇ ਪਲਾਟ ਦੀ ਕੀਮਤ ₹15 ਲੱਖ ਹੈ, ਯਾਨੀ ਕੁੱਲ ₹63 ਲੱਖ। ਮੁੱਖ ਅਫ਼ਸਰ ਥਾਣਾ ਅਮਰਗੜ੍ਹ ਨੇ 22.10.2026 ਨੂੰ ਧਾਰਾ 68-F(1) NDPS ਐਕਟ ਤਹਿਤ ਜਾਇਦਾਦ ਫ੍ਰੀਜ਼ ਕਰਨ ਦੇ ਹੁਕਮ ਜਾਰੀ ਕੀਤੇ।

ਕੰਪੀਟੈਂਟ ਅਥਾਰਟੀ ਅਤੇ ਐਡਮਿਨਿਸਟ੍ਰੇਟਰ, SAFEM(FOP)A ਤੇ NDPS ਐਕਟ, ਨਵੀਂ ਦਿੱਲੀ ਸਾਹਮਣੇ ਦੋਸ਼ੀ ਧਿਰ ਨੇ ਵਕੀਲ ਰਾਹੀਂ ਮਕਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਮੱਝਾਂ ਵੇਚ ਕੇ ਅਤੇ ਦਿਹਾੜੀ ਕਰਕੇ ਮਕਾਨ ਬਣਾਉਣ ਦੀਆਂ ਦਲੀਲਾਂ ਦਿੱਤੀਆਂ, ਪਰ ਆਮਦਨ ਦਾ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕੇ। ਮਾਲੇਰਕੋਟਲਾ ਪੁਲਿਸ ਦੀ ਮਜ਼ਬੂਤ ਪੈਰਵੀ ਅਤੇ ਪੁਖ਼ਤਾ ਸਬੂਤਾਂ ਦੇ ਆਧਾਰ ’ਤੇ ਅਥਾਰਟੀ ਨੇ ਸਾਰੀਆਂ ਦਲੀਲਾਂ ਰੱਦ ਕਰ ਦਿੱਤੀਆਂ। 18.11.2026 ਨੂੰ ਧਾਰਾ 68-F(2) ਤਹਿਤ ਫ੍ਰੀਜ਼ਿੰਗ ਹੁਕਮਾਂ ’ਤੇ ਪੱਕੀ ਮੋਹਰ ਲਗਾ ਦਿੱਤੀ ਗਈ। ਹੁਣ ਇਹ ਮਕਾਨ ਨਾ ਵੇਚਿਆ ਜਾ ਸਕਦਾ ਹੈ, ਨਾ ਕਿਸੇ ਦੇ ਨਾਮ ਤਬਦੀਲ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਕਿਸੇ ਹੋਰ ਤਰੀਕੇ ਨਾਲ ਵਰਤਿਆ ਜਾ ਸਕਦਾ ਹੈ।

ਐਸ.ਐਸ.ਪੀ. ਖੱਖ ਨੇ ਸਖ਼ਤ ਲਹਿਜੇ ਵਿੱਚ ਕਿਹਾ, “ਨਸ਼ਾ ਵੇਚ ਕੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਤਬਾਹ ਕਰਨ ਵਾਲਿਆਂ ਦੀ ਕਾਲੀ ਕਮਾਈ ਨਾਲ ਬਣੀ ਇੱਕ-ਇੱਕ ਇੱਟ ਦਾ ਹਿਸਾਬ ਲਿਆ ਜਾਵੇਗਾ। ਜਾਇਦਾਦ ਭਾਵੇਂ ਆਪਣੇ ਨਾਮ ’ਤੇ ਹੋਵੇ ਜਾਂ ਰਿਸ਼ਤੇਦਾਰਾਂ ਦੇ, ਕਾਨੂੰਨ ਦੇ ਹੱਥਾਂ ਤੋਂ ਨਹੀਂ ਬਚੇਗੀ।” ਉਨ੍ਹਾਂ ਨਸ਼ਾ ਤਸਕਰਾਂ ਨੂੰ ਸਪੱਸ਼ਟ ਚੇਤਾਵਨੀ ਦਿੱਤੀ ਕਿ ਉਹ ਇਹ ਕਾਲਾ ਧੰਦਾ ਤੁਰੰਤ ਛੱਡ ਦੇਣ, ਨਹੀਂ ਤਾਂ ਜੇਲ੍ਹ ਦੇ ਨਾਲ-ਨਾਲ ਜਾਇਦਾਦ ਤੋਂ ਵੀ ਹੱਥ ਧੋਣੇ ਪੈਣਗੇ।

ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਨਸ਼ਾ ਤਸਕਰੀ ਸਬੰਧੀ ਜਾਣਕਾਰੀ ਬੇਝਿਜਕ ਪੁਲਿਸ ਨਾਲ ਸਾਂਝੀ ਕਰਨ  । ਜਾਣਕਾਰੀ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ ।