Saturday, November 14Malwa News
Shadow

ਹੰਡਿਆਇਆ ‘ਚ 7 ਕਰੋੜ ਦੀ ਲਾਗਤ ਨਾਲ ਬਣੇਗਾ ਕੌਮਾਂਤਰੀ ਪੱਧਰ ਦੀਆਂ ਸਹੂਲਤਾਂ ਵਾਲਾ ਕ੍ਰਿਕਟ ਸਟੇਡੀਅਮ: ਮੀਤ ਹੇਅਰ

ਬਰਨਾਲਾ/ ਹੰਡਿਆਇਆ, 14 ਨਵੰਬਰ-        ਲੋਕ ਸਭਾ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਲਾਕੇ ਵਿੱਚ ਖੇਡ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ ਬਹੁ-ਕਰੋੜੀ ਕ੍ਰਿਕਟ ਸਟੇਡੀਅਮ ਅਤੇ ਗੁਰਦੁਆਰਾ ਅੜੀਸਰ ਸਾਹਿਬ ਲਿੰਕ ਸੜਕ ਦੇ ਨਿਰਮਾਣ ਕਾਰਜਾਂ ਦਾ ਨੀਂਹ ਪੱਥਰ ਰੱਖਿਆ।

    ਉਹਨਾਂ ਕ੍ਰਿਕਟ ਸਟੇਡੀਅਮ ਹੰਡਿਆਇਆ ( ਨੇੜੇ ਲੁੱਕ ਪਲਾਂਟ) ਦਾ ਨੀਂਹ ਪੱਥਰ ਰੱਖਦਿਆਂ ਕਿਹਾ ਕਿ ਕਰੀਬ 7 ਕਰੋੜ ਰੁਪਏ ਦੀ ਲਾਗਤ ਨਾਲ ਸ਼ਾਨਦਾਰ ਕ੍ਰਿਕਟ ਸਟੇਡੀਅਮ ਤਿਆਰ ਕੀਤਾ ਜਾਵੇਗਾ, ਜਿਸ ਵਿੱਚ ਕੌਮਾਂਤਰੀ ਪੱਧਰ ਦੀਆਂ ਖੇਡ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਪ੍ਰੋਜੈਕਟ ਤਹਿਤ ਕਰੀਬ 4 ਕਰੋੜ ਰੁਪਏ ਸਟੇਡੀਅਮ ਦੀ ਉਸਾਰੀ ਅਤੇ 3 ਕਰੋੜ ਰੁਪਏ ਲਾਈਟਾਂ ਆਦਿ ਉੱਤੇ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਸਟੇਡੀਅਮ ਇਲਾਕੇ ਦੇ ਨੌਜਵਾਨਾਂ ਨੂੰ ਆਪਣੀ ਖੇਡ ਪ੍ਰਤਿਭਾ ਨਿਖਾਰਨ ਅਤੇ ਵੱਡੇ ਪੱਧਰ ‘ਤੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਦੇ ਮੌਕੇ ਦੇਵੇਗਾ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਖੇਡ ਬਜਟ ਵਿੱਚ ਇਤਿਹਾਸਕ ਵਾਧਾ ਕੀਤਾ ਗਿਆ। 147 ਕਰੋੜ ਰੁਪਏ ਦਾ ਖੇਡ ਬਜਟ ਵਧਾ ਕੇ 1800 ਕਰੋੜ ਰੁਪਏ ਕੀਤਾ ਗਿਆ ਹੈ। ਇਸ ਨਾਲ ਪੰਜਾਬ ਦੇ ਪਿੰਡ-ਪਿੰਡ ਵਿੱਚ ਖੇਡ ਮੈਦਾਨ ਅਤੇ ਖੇਡ ਸਹੂਲਤਾਂ ਵਿਕਸਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ ਪਿੰਡਾਂ ਦੇ ਖੇਡ ਮੈਦਾਨਾਂ ਦੇ ਵਿਕਾਸ ਲਈ 25 ਕਰੋੜ ਰੁਪਏ ਦੀ ਰਾਸ਼ੀ ਖਰਚੀ ਜਾ ਰਹੀ ਹੈ। ਉਹਨਾਂ ਕਿਹਾ ਕਿ ਧਨੌਲਾ ਖੁਰਦ ਅਤੇ ਠੁੱਲੇਵਾਲ ਸਮੇਤ ਕਈ ਅਜਿਹੇ ਪਿੰਡ ਹਨ ਜਿੱਥੇ ਪਹਿਲੀ ਵਾਰ ਖੇਡ ਮੈਦਾਨ ਬਣ ਰਹੇ ਹਨ।

ਉਨ੍ਹਾਂ ਹੰਡਿਆਇਆ ਦੀਆਂ ਕ੍ਰਿਕਟ ਟੀਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਹੋਈ ਕ੍ਰਿਕਟ ਲੀਗ ਵਿੱਚ ਇਥੋਂ ਦੀਆਂ ਟੀਮਾਂ ਨੇ ਮੋਹਰੀ ਸਥਾਨ ਹਾਸਲ ਕੀਤੇ ਹਨ ਅਤੇ ਹੁਣ ਇਸ ਕ੍ਰਿਕਟ ਸਟੇਡੀਅਮ ਨਾਲ ਨੌਜਵਾਨਾਂ ਨੂੰ ਇੱਥੇ ਕੌਮਾਂਤਰੀ ਪੱਧਰ ਦੀਆਂ ਸਹੂਲਤਾਂ ਮਿਲਣ ਨਾਲ ਉਹ ਆਉਣ ਵਾਲੇ ਸਮੇਂ ਵਿੱਚ ਵੱਡੀਆਂ ਮੱਲਾਂ ਮਾਰਨਗੇ।

ਇਸ ਦੌਰਾਨ ਲੋਕ ਸਭਾ ਮੈਂਬਰ ਮੀਤ ਹੇਅਰ ਅਤੇ ਜਥੇਦਾਰ ਬਾਬਾ ਬਾਬੂ ਸਿੰਘ (ਕਾਰ ਸੇਵਾ ਦਿੱਲੀ ਵਾਲੇ) ਗੁਰਦੁਆਰਾ ਅੜੀਸਰ ਸਾਹਿਬ ਵਾਲਿਆਂ ਨੇ ਲਿੰਕ ਸੜਕ ( ਹੰਡਿਆਇਆ – ਧੌਲਾ) ਦਾ ਨੀਂਹ ਪੱਥਰ ਰੱਖਿਆ ਜਿਸ ਉੱਤੇ ਦੇ ਨਿਰਮਾਣ ਕਾਰਜ ਉੱਤੇ 1 ਕਰੋੜ 54 ਲੱਖ ਰੁਪਏ ਖਰਚ ਕੀਤੇ ਜਾਣਗੇ। 

ਸ. ਮੀਤ ਹੇਅਰ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਮੁਹੱਈਆ ਕਰਵਾਉਣ ਲਈ ਸੜਕਾਂ ਦਾ ਨਿਰਮਾਣ ਅਤੇ ਚੌੜਾ ਕੀਤਾ ਜਾ ਰਿਹਾ ਹੈ। ਪਿੰਡਾਂ ਦੀਆਂ ਕਈ ਸੜਕਾਂ ਨੂੰ 9 ਫੁੱਟ ਤੋਂ ਵਧਾ ਕੇ 18 ਫੁੱਟ ਚੌੜਾ ਕੀਤਾ ਗਿਆ ਹੈ, ਜਿਸ ਨਾਲ ਆਵਾਜਾਈ ਹੋਰ ਸੁਖਾਲੀ ਹੋਈ ਅਤੇ ਪਿੰਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਮਿਲੀ ਹੈ।

ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਪਰਮਿੰਦਰ ਸਿੰਘ ਭੰਗੂ, ਮੇਅਰ ਨਗਰ ਨਿਗਮ ਬਰਨਾਲਾ ਹਸਨ ਭਾਰਦਵਾਜ, ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ, ਹਰਿੰਦਰ ਧਾਲੀਵਾਲ, ਮੈਂਬਰ ਐੱਸਸੀ ਕਮਿਸ਼ਨ ਰੁਪਿੰਦਰ ਸਿੰਘ ਸੀਤਲ ਸਮੇਤ ਵੱਖ ਵੱਖ ਕੌਂਸਲਰ ਤੇ ਇਲਾਕੇ ਦੇ ਮੋਹਤਬਰ ਹਾਜ਼ਰ ਸਨ।