Sunday, November 8Malwa News
Shadow

ਪਰਵਿੰਦਰ ਸਿੰਘ ਝੋਟੇ ਦਾ ਹੋਇਆ ਅੰਤਿਮ ਸਸਕਾਰ, ਪਿਤਾ ਅਤੇ ਦੋਵੇਂ ਬੱਚਿਆਂ ਨੇ ਦਿੱਤੀ ਚਿਖਾ ਨੂੰ ਅੱਗ

ਮਾਨਸਾ : ਜ਼ਿਲ੍ਹੇ ’ਚ ਸੋਸ਼ਲ ਐਕਟੀਵਿਕਸਟ ਪਰਵਿੰਦਰ ਸਿੰਘ ਝੋਟੇ ਦਾ ਬੀਤੇ ਦਿਨ ਚੰਡੀਗੜ੍ਹ ਦੇ ਪੀਜੀਆਈ ਵਿਖੇ ਪੋਸਟਮਾਰਟਮ ਕੀਤਾ ਗਿਆ। ਇਸ ਤੋਂ ਬਾਅਦ ਅੱਜ 26 ਦਿਨਾਂ ਬਾਅਦ ਉਨ੍ਹਾਂ ਦਾ ਅੰਤਿਮ ਸਸਕਾਰ 8 ਨਵੰਬਰ 2026 ਨੂੰ ਦੁਪਹਿਰ 2:30 ਵਜੇ ਮਾਨਸਾ ਦੇ ਚਕੇਰੀਆ ਰੋਡ ਸਥਿਤ ਉਨ੍ਹਾਂ ਦੇ ਜੱਦੀ ਖੇਤ ਵਿੱਚ ਕੀਤਾ ਗਿਆ ਹੈ। ਪਰਵਿੰਦਰ ਝੋਟਾ ਦੀ ਮ੍ਰਿਤਕ ਦੇਹ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਸਵੇਰੇ ਚੰਡੀਗੜ੍ਹ ਤੋਂ ਰਵਾਨਾ ਹੋਈ ਸੀ। ਇਸ ਦੌਰਾਨ ਮਾਨਸਾ ਜਾਂਦੇ ਸਮੇਂ ਰਸਤੇ ਵਿੱਚ ਵੱਖ-ਵੱਖ ਥਾਵਾਂ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਮਾਨਸਾ ਦੇ ਤਿਕੋਨੀ ਚੌਕ ‘ਤੇ ਚੱਲ ਰਹੇ ਧਰਨੇ ਵਿੱਚ ਫੁੱਲਾਂ ਦੀ ਵਰਖਾ ਕੀਤੀ ਗਈ।

ਇਸ ਤੋਂ ਬਾਅਦ ਪਰਵਿੰਦਰ ਝੋਟਾ ਦੀ ਦੇਹ ਨੂੰ ਉਨ੍ਹਾਂ ਦੇ ਘਰ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਪਤਨੀ, ਮਨਪ੍ਰੀਤ ਕੌਰ, ਉਨ੍ਹਾਂ ਦੀ ਮਾਂ, ਅਮਰਜੀਤ ਕੌਰ ਅਤੇ ਉਨ੍ਹਾਂ ਦੇ ਬੱਚਿਆਂ ਦੇ ਨਾਲ ਉੱਥੇ ਪਹੁੰਚੀਆਂ ਹਜ਼ਾਰਾਂ ਸੰਗਤਾਂ ਨੇ ਅੰਤਿਮ ਦਰਸ਼ਨ ਕੀਤੇ। ਇਸ ਤੋਂ ਬਾਅਦ ਪਰਵਿੰਦਰ ਝੋਟਾ ਦੀ ਦੇਹ ਨੂੰ ਸੈਂਟਰਲ ਪਾਰਕ ਦੇ ਬਾਹਰ ਜਨਤਾ ਦੇ ਅੰਤਿਮ ਦਰਸ਼ਨ ਲਈ ਰੱਖਿਆ ਗਿਆ ਸੀ।

ਇਸ ਦੌਰਾਨ ਰਾਗੀ ਸਿੰਘਾਂ ਦੁਆਰਾ ਕੀਰਤਨ ਦਾ ਆਯੋਜਨ ਕੀਤਾ ਗਿਆ। ਅੰਤਿਮ ਸਸਕਾਰ ਤੋਂ ਪਹਿਲਾਂ, ਸਿੱਖ ਪਰੰਪਰਾ ਅਨੁਸਾਰ ਅਰਦਾਸ ਦੀ ਰਸਮ ਕੀਤੀ ਗਈ। ਇਸ ਤੋਂ ਬਾਅਦ, ਪਰਵਿੰਦਰ ਸਿੰਘ ਝੋਟਾ ਦੇ ਪਿਤਾ ਅਤੇ ਬੱਚਿਆਂ ਵੱਲੋਂ ਆਪਣੇ ਪਿਤਾ ਦੀ ਚਿਖਾ ਨੂੰ ਅਗਨੀ ਭੇਂਟ ਕੀਤੀ ਗਈ।

ਸਾਂਸਦ ਅੰਮ੍ਰਿਤਪਾਲ ਦੇ ਪਿਤਾ ਨੇ ਵੀ ਕੀਤੀ ਸ਼ਿਰਕਤ

ਅੰਤਿਮ ਯਾਤਰਾ ਵਿੱਚ ਸ਼ਾਮਲ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਰਵਿੰਦਰ ਸਿੰਘ ਝੋਟਾ ਅਮਰ ਰਹੇ, ਪਰਵਿੰਦਰ ਝੋਟਾ, ਅਸੀਂ ਤੁਹਾਡੇ ਵਿਚਾਰਾਂ ‘ਤੇ ਪਹਿਰਾ ਦੇਵਾਂਗੇ ਵਰਗੇ ਨਾਅਰੇ ਲਗਾਏ ਗਏ।

ਪਰਵਿੰਦਰ ਝੋਟਾ ਦੇ ਅੰਤਿਮ ਸਸਕਾਰ ਮੌਕੇ “ਵਾਰਿਸ ਪੰਜਾਬ ਦੇ” ਪਾਰਟੀ ਦੇ ਆਗੂ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, ਪਾਰਟੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਸਾਬਕਾ ਵਿਧਾਇਕ ਹਰਦੇਵ ਅਰਸ਼ੀ ਹਾਜ਼ਰ ਸਨ।

ਇਸ ਦੌਰਾਨ ਝੋਟਾ ਦੇ ਪਿਤਾ ਭੀਮ ਸਿੰਘ ਨੇ ਕਿਹਾ ਕਿ ਪਰਵਿੰਦਰ ਝੋਟਾ ਦੇ ਅੰਤਿਮ ਸਸਕਾਰ ਵਿੱਚ ਪਹੁੰਚੇ ਨੌਜਵਾਨਾਂ ਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਉਹ ਨਾ ਤਾਂ ਖੁਦ ਨਸ਼ੇ ਦਾ ਸੇਵਨ ਕਰਨਗੇ ਅਤੇ ਨਾ ਹੀ ਆਪਣੇ ਆਲੇ-ਦੁਆਲੇ ਨਸ਼ੇ ਵੇਚਣ ਦੇਣਗੇ, ਇਹੀ ਪਰਵਿੰਦਰ ਸਿੰਘ ਝੋਟਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਨਸ਼ਿਆਂ ਵਿਰੁੱਧ ਲੜਾਈ ਨੂੰ ਬੰਦ ਨਹੀਂ ਜਾਵੇਗਾ ਸਗੋਂ ਇਹ ਜੰਗ ਜਾਰੀ ਰਹੇਗੀ। ਇਸ ਦੌਰਾਨ ਪਿਤਾ ਭੀਮ ਸਿੰਘ ਨੇ ਐਸਐਸਪੀ ਵੈਭਵ ਚੌਧਰੀ ਦੇ ਅਸਤੀਫ਼ੇ ਦੀ ਮੰਗ ਕੀਤੀ।