Thursday, October 22Malwa News
Shadow

ਪੰਜਾਬ ਵਿਧਾਨ ਸਭਾ ਨੇ ਵਿਦਿਆਰਥੀਆਂ ਲਈ ਖੋਲ੍ਹੇ ਦਰਵਾਜ਼ੇ; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਵੱਡੇ ਸੁਪਨੇ ਦੇਖਣ ਲਈ ਕੀਤਾ ਉਤਸ਼ਾਹਿਤ

ਚੰਡੀਗੜ੍ਹ; 22 ਅਕਤੂਬਰ, 2026: ਪੰਜਾਬ ਵਿਧਾਨ ਸਭਾ ਨੇ ਅੱਜ ਵਿਦਿਆਰਥੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ, ਜਿਸ ਨਾਲ ਨੌਜਵਾਨਾਂ ਨੂੰ ਇਹ ਜਾਣਨ ਦਾ ਮੌਕਾ ਮਿਲੇਗਾ ਕਿ ਕਾਨੂੰਨ ਕਿਸ ਤਰ੍ਹਾਂ ਬਣਦੇ ਹਨ, ਬਜਟ ਕਿਵੇਂ ਪਾਸ ਹੁੰਦੇ ਹਨ ਅਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਕਿਵੇਂ ਜਵਾਬਦੇਹ ਬਣਾਇਆ ਜਾਂਦਾ ਹੈ। ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਵੱਡੇ ਸੁਪਨੇ ਦੇਖਣ ਅਤੇ ਇਮਾਨਦਾਰੀ ਤੇ ਸਖ਼ਤ ਮਿਹਨਤ ਰਾਹੀਂ ਆਪਣੇ ਟੀਚਿਆਂ ਨੂੰ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਭਵਿੱਖ ਦਾ ਫੈਸਲਾ ਹੁਨਰ ਅਤੇ ਯੋਗਤਾ ਦੇ ਆਧਾਰ ‘ਤੇ ਹੋਣਾ ਚਾਹੀਦਾ ਹੈ, ਨਾ ਕਿ ਪਹੁੰਚ ਜਾਂ ਸਿਫ਼ਾਰਸ਼ਾਂ ਦੇ ਆਧਾਰ ‘ਤੇ। ਉਨ੍ਹਾਂ ਨੇ ਯੋਗਤਾ-ਆਧਾਰਿਤ ਭਰਤੀ ਪ੍ਰਤੀ ਸਰਕਾਰ ਦੀ ਵਚਨਬੱਧਤਾ ਅਤੇ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਯੋਗ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਕਵਰ ਪ੍ਰਦਾਨ ਕਰਨ ਬਾਰੇ ਵੀ ਚਾਨਣਾ ਪਾਇਆ।
ਪੰਜਾਬ ਵਿਧਾਨ ਸਭਾ ਵਿਖੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਨੌਜਵਾਨ ਪੰਜਾਬ ਦੀ ਸਭ ਤੋਂ ਵੱਡੀ ਤਾਕਤ ਹਨ। ਉਨ੍ਹਾਂ ਨੂੰ ਪ੍ਰੇਰਨਾ, ਮੌਕੇ ਅਤੇ ਅਗਾਂਹਵਧੂ ਮਾਹੌਲ ਪ੍ਰਦਾਨ ਕਰਨਾ ਪੰਜਾਬ ਦੇ ਰੌਸ਼ਨ ਭਵਿੱਖ ਦੇ ਨਿਰਮਾਣ ਲਈ ਬੇਹੱਦ ਜ਼ਰੂਰੀ ਹੈ। ਕਦੇ ਵੀ ਅਸਥਾਈ ਰੁਕਾਵਟਾਂ ਨੂੰ ਆਪਣੇ ਇਰਾਦੇ ਕਮਜ਼ੋਰ ਨਾ ਕਰਨ ਦਿਓ। ਸਫਲਤਾ ਦਾ ਅਸਲ ਪੈਮਾਨਾ ਇਹ ਨਹੀਂ ਹੈ ਕਿ ਤੁਸੀਂ ਕਿੱਥੋਂ ਆਏ ਹੋ, ਸਗੋਂ ਇਹ ਹੈ ਕਿ ਤੁਸੀਂ ਕਿੰਨੀ ਇਮਾਨਦਾਰੀ, ਸਖ਼ਤ ਮਿਹਨਤ ਅਤੇ ਦ੍ਰਿੜਤਾ ਨਾਲ ਆਪਣੇ ਟੀਚਿਆਂ ਦਾ ਪਿੱਛਾ ਕਰਦੇ ਹੋ।”

ਆਪਣੇ ਨਿੱਜੀ ਜੀਵਨ ਦੇ ਤਜਰਬੇ ਸਾਂਝੇ ਕਰਦਿਆਂ ਮੁੱਖ ਮੰਤਰੀ ਨੇ ਸਿਵਲ ਸੇਵਾਵਾਂ ਵਿੱਚ ਜਾਣ, ਵਕੀਲ, ਡਾਕਟਰ ਬਣਨ ਦੇ ਇੱਛੁਕ ਵਿਦਿਆਰਥੀਆਂ ਨੂੰ ਸਹੀ ਸਮੇਂ ਦੀ ਉਡੀਕ ਕਰਨ ਦੀ ਬਜਾਏ ਅੱਜ ਹੀ ਮਿਹਨਤ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ।

ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਦੇ ਕਥਨ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਦਿਆਰਥੀਆਂ ਨੂੰ ਯਾਦ ਦਿਵਾਇਆ, “ਅਸਲ ਸੁਪਨੇ ਉਹ ਹੁੰਦੇ ਹਨ ਜੋ ਇਨਸਾਨ ਨੂੰ ਉਦੋਂ ਵੀ ਕੋਸ਼ਿਸ਼ ਕਰਦੇ ਰਹਿਣ ਲਈ ਪ੍ਰੇਰਿਤ ਕਰਦੇ ਹਨ ਜਦੋਂ ਦੁਨੀਆ ਸੌਂ ਰਹੀ ਹੁੰਦੀ ਹੈ। ਇਮਤਿਹਾਨਾਂ ਦੇ ਨਤੀਜਿਆਂ ਜਾਂ ਸ਼ੁਰੂਆਤੀ ਅਸਫਲਤਾਵਾਂ ਤੋਂ ਨਿਰਾਸ਼ ਨਾ ਹੋਵੋ। ਮੈਂ ਖੁਦ ਆਪਣੀ ਪਹਿਲੀ ਚੋਣ ਹਾਰ ਗਿਆ ਸੀ, ਪਰ ਮੈਂ ਦ੍ਰਿੜ ਇਰਾਦੇ ਨਾਲ ਕੰਮ ਕਰਨਾ ਜਾਰੀ ਰੱਖਿਆ। ਰੁਕਾਵਟਾਂ ਸਫ਼ਰ ਦਾ ਅੰਤ ਨਹੀਂ ਹੁੰਦੀਆਂ; ਸਗੋਂ ਇਹ ਸਿੱਖਣ, ਸੁਧਾਰ ਕਰਨ ਅਤੇ ਹੋਰ ਮਜ਼ਬੂਤ ਹੋ ਕੇ ਵਾਪਸੀ ਕਰਨ ਦੇ ਮੌਕੇ ਹੁੰਦੇ ਹਨ।”

ਪੰਜਾਬ ਵਿਧਾਨ ਸਭਾ ਦੀ ਮਹੱਤਤਾ ਬਾਰੇ ਦੱਸਦਿਆਂ ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ ਸੂਬੇ ਦੀ ਸਭ ਤੋਂ ਉੱਚੀ ਵਿਧਾਨਕ ਸੰਸਥਾ ਦੇ ਕੰਮਕਾਜ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ, “ਵਿਧਾਨ ਸਭਾ ਵਿੱਚ ਬਿੱਲ ਪੇਸ਼ ਕੀਤੇ ਜਾਂਦੇ ਹਨ, ਉਨ੍ਹਾਂ ‘ਤੇ ਬਹਿਸ ਹੁੰਦੀ ਹੈ ਅਤੇ ਉਨ੍ਹਾਂ ਨੂੰ ਕਾਨੂੰਨ ਵਜੋਂ ਪਾਸ ਕੀਤਾ ਜਾਂਦਾ ਹੈ; ਇੱਥੋਂ ਹੀ ਸੂਬੇ ਦਾ ਬਜਟ ਵੀ ਮਨਜ਼ੂਰ ਹੁੰਦਾ ਹੈ। ਵਿਧਾਨ ਸਭਾ ਵਰਗੀਆਂ ਸੰਸਥਾਵਾਂ ਲੋਕਾਂ ਦੀਆਂ ਹਨ। ਨੌਜਵਾਨ ਨਾਗਰਿਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਲੋਕਤੰਤਰ ਕਿਵੇਂ ਕੰਮ ਕਰਦਾ ਹੈ, ਉਨ੍ਹਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਫੈਸਲੇ ਕਿਵੇਂ ਲਏ ਜਾਂਦੇ ਹਨ ਅਤੇ ਲੋਕ ਦੇ ਨੁਮਾਇੰਦੇ ਜਨਤਾ ਪ੍ਰਤੀ ਕਿਵੇਂ ਜਵਾਬਦੇਹ ਹੁੰਦੇ ਹਨ।”
ਬਚਪਨ ਤੋਂ ਹੀ ਸੰਸਦੀ ਕਾਰਵਾਈਆਂ ਵਿੱਚ ਆਪਣੀ ਦਿਲਚਸਪੀ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਸੰਸਦ ਮੈਂਬਰ ਵਜੋਂ ਆਪਣੇ ਕਾਰਜਕਾਲ ਦੌਰਾਨ ਵਿਦਿਆਰਥੀਆਂ ਨੂੰ ਸੰਸਦ ਵਿੱਚ ਸੱਦਾ ਦਿੱਤਾ ਸੀ ਤਾਂ ਜੋ ਉਹ ਲੋਕਤੰਤਰੀ ਇਕਾਈਆਂ ਦੇ ਕੰਮਕਾਜ ਨੂੰ ਨੇੜਿਓਂ ਦੇਖ ਸਕਣ।

ਮੁੱਖ ਮੰਤਰੀ ਨੇ ਕਿਹਾ, “ਮੇਰੀ ਸਰਕਾਰ ਅਜਿਹਾ ਪੰਜਾਬ ਸਿਰਜਣ ਲਈ ਵਚਨਬੱਧ ਹੈ ਜਿੱਥੇ ਨੌਜਵਾਨ ਸਿਫ਼ਾਰਸ਼ਾਂ ਜਾਂ ਰਸੂਖ ਦੀ ਬਜਾਏ, ਆਪਣੀ ਹੁਨਰ ਅਤੇ ਸਖ਼ਤ ਮਿਹਨਤ ਦੇ ਜ਼ਰੀਏ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣ।”
ਸਰਕਾਰੀ ਭਰਤੀ ਪ੍ਰਕਿਰਿਆ ਵਿੱਚ ਆਏ ਬਦਲਾਅ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ, “ਪੰਜਾਬ ਵਿੱਚ ਸਰਕਾਰੀ ਨੌਕਰੀਆਂ ਹੁਣ ਯੋਗਤਾ ਦੇ ਆਧਾਰ ‘ਤੇ ਦਿੱਤੀਆਂ ਜਾ ਰਹੀਆਂ ਹਨ, ਜਿਸ ਨਾਲ ਯੋਗ ਉਮੀਦਵਾਰਾਂ ਨੂੰ ਸੂਬੇ ਦੀ ਸੇਵਾ ਕਰਨ ਦਾ ਬਰਾਬਰ ਮੌਕਾ ਮਿਲ ਰਿਹਾ ਹੈ। ਹਰ ਨੌਜਵਾਨ ਨੂੰ ਭਾਵੇਂ ਉਸਦਾ ਪਿਛੋਕੜ ਕੋਈ ਵੀ ਹੋਵੇ, ਇਹ ਭਰੋਸਾ ਹੋਣਾ ਚਾਹੀਦਾ ਹੈ ਕਿ ਲਗਨ, ਯੋਗਤਾ ਅਤੇ ਦ੍ਰਿੜਤਾ ਬਿਹਤਰ ਭਵਿੱਖ ਦੇ ਰਾਹ ਖੋਲ੍ਹ ਸਕਦੇ ਹਨ।”

ਜਨਤਕ ਭਲਾਈ ਪ੍ਰਤੀ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਦਿਆਰਥੀਆਂ ਨੂੰ ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਬਾਰੇ ਦੱਸਿਆ, ਜਿਸ ਤਹਿਤ ਯੋਗ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਕਵਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, “ਸਿਹਤ ਸੰਭਾਲ ਤੱਕ ਬਿਹਤਰ ਪਹੁੰਚ ਪ੍ਰਦਾਨ ਕਰਨਾ ਇਹ ਯਕੀਨੀ ਬਣਾਉਣ ਦਾ ਇੱਕ ਅਹਿਮ ਹਿੱਸਾ ਹੈ ਕਿ ਪਰਿਵਾਰਾਂ ਨੂੰ ਆਰਥਿਕ ਤੰਗੀ ਕਾਰਨ ਇਲਾਜ ਨਾਲ ਸਮਝੌਤਾ ਕਰਨ ਲਈ ਮਜਬੂਰ ਨਾ ਹੋਣਾ ਪਵੇ।”

ਮੁੱਖ ਮੰਤਰੀ ਨੇ ਕਿ ਉਨ੍ਹਾਂ ਦੀ ਸਰਕਾਰ ਜ਼ਰੂਰੀ ਸੇਵਾਵਾਂ ਨੂੰ ਵਧੇਰੇ ਪਹੁੰਚਯੋਗ ਬਣਾਉਣ ਅਤੇ ਸੂਬੇ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਹੀ ਹੈ।

ਵਿਦਿਆਰਥੀਆਂ ਨੂੰ ਸਪੱਸ਼ਟ ਟੀਚੇ ਨਿਰਧਾਰਤ ਕਰਨ ਅਤੇ ਪੂਰੀ ਇਮਾਨਦਾਰੀ, ਅਨੁਸ਼ਾਸਨ ਅਤੇ ਸਮਰਪਣ ਨਾਲ ਉਨ੍ਹਾਂ ਦਾ ਪਿੱਛਾ ਕਰਨ ਲਈ ਪ੍ਰੇਰਿਤ ਕਰਦਿਆਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਫਲਤਾ ਉਨ੍ਹਾਂ ਨੂੰ ਮਿਲਦੀ ਹੈ ਜੋ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਇਮਾਨਦਾਰ ਰਹਿੰਦੇ ਹਨ ਅਤੇ ਰਸਤਾ ਔਖਾ ਹੋਣ ‘ਤੇ ਵੀ ਸਖ਼ਤ ਮਿਹਨਤ ਕਰਦੇ ਰਹਿੰਦੇ ਹਨ। ਇਮਾਨਦਾਰੀ ਨਾਲ ਕੀਤੀ ਗਈ ਸਖ਼ਤ ਮਿਹਨਤ ਕਦੇ ਵੀ ਵਿਅਰਥ ਨਹੀਂ ਜਾਂਦੀ। ਵਿਦਿਆਰਥੀਆਂ ਨੂੰ ਬਿਨਾਂ ਡਰ ਦੇ ਸੁਪਨੇ ਦੇਖਣੇ ਚਾਹੀਦੇ ਹਨ, ਬਿਨਾਂ ਕਿਸੇ ਬਹਾਨੇ ਦੇ ਕੰਮ ਕਰਨਾ ਚਾਹੀਦਾ ਹੈ ਅਤੇ ਆਪਣੀਆਂ ਕਦਰਾਂ-ਕੀਮਤਾਂ ਨਾਲ ਸਮਝੌਤਾ ਕੀਤੇ ਬਿਨਾਂ ਸਫਲ ਹੋਣਾ ਚਾਹੀਦਾ ਹੈ।”

ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।