
ਤਰਨ ਤਾਰਨ, 21 ਅਕਤੂਬਰ – ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਕਰਵਾਈਆਂ ਜ਼ਿਲ੍ਹਾ ਪੱਧਰੀ ਵਿਸ਼ੇਸ਼ ਖੇਡਾਂ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਸਭ ਦਾ ਦਿਲ ਜਿੱਤ ਲਿਆ।
ਇਹ ਖੇਡਾਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਰਜਿੰਦਰ ਕੌਰ ਦੀ ਅਗਵਾਈ ਹੇਠ ਪੁਲਿਸ ਲਾਈਨ ਸਟੇਡੀਅਮ, ਤਰਨ ਤਾਰਨ ਵਿਖੇ ਕਰਵਾਈਆਂ ਗਈਆਂ। ਇਨ੍ਹਾਂ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਤੋਂ 82 ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ।
8 ਤੋਂ 11 ਸਾਲ, 12 ਤੋਂ 15 ਸਾਲ ਅਤੇ 16 ਤੋਂ 21 ਸਾਲ ਉਮਰ ਵਰਗ ਵਿੱਚ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ ਦੌੜਾਂ, ਸ਼ਾਟਪੁੱਟ, ਸਾਫਟ ਬਾਲ ਥ੍ਰੋਅ, ਬੈਡਮਿੰਟਨ, ਫੁੱਟਬਾਲ, ਦੌੜ ਕੇ ਲੰਬੀ ਛਾਲ ਅਤੇ ਖੜ੍ਹੇ ਹੋ ਕੇ ਲੰਬੀ ਛਾਲ ਵਰਗੀਆਂ ਖੇਡਾਂ ਕਰਵਾਈਆਂ ਗਈਆਂ।
ਇਨ੍ਹਾਂ ਖੇਡਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਡੀਵਿੰਡ ਦੀ ਸੁਣਨ ਵਿੱਚ ਅਸਮਰੱਥ ਵਿਦਿਆਰਥਣ ਅਰਸ਼ਦੀਪ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਧਰੀ ਕਲਾਂ ਦੇ ਨੇਤਰਹੀਣ ਵਿਦਿਆਰਥੀ ਰਣਜੋਧਬੀਰ ਸਿੰਘ ਅਤੇ ਸਰਕਾਰੀ ਮਿਡਲ ਸਕੂਲ ਬਿਹਾਰੀਪੁਰ ਦੀ ਨੇਤਰਹੀਣ ਵਿਦਿਆਰਥਣ ਸੁਮਨਜੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸੁਮਨਜੀਤ ਕੌਰ ਨੇ ਆਪਣੇ ਸਾਰੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਵਿਸ਼ੇਸ਼ ਪ੍ਰਾਪਤੀ ਕੀਤੀ।
ਜ਼ਿਲ੍ਹੇ ਦੇ ਵਿਦਿਆਰਥੀਆਂ ਨੇ ਕੁੱਲ 68 ਤੋਂ ਵੱਧ ਪੁਜ਼ੀਸ਼ਨਾਂ ਹਾਸਲ ਕਰਕੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ।
ਇਸ ਮੌਕੇ ਡਿਪਟੀ ਡੀ.ਈ.ਓ ਰਜਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਬੱਚੇ ਵਿੱਚ ਕੋਈ ਨਾ ਕੋਈ ਵਿਸ਼ੇਸ਼ ਪ੍ਰਤਿਭਾ ਹੁੰਦੀ ਹੈ, ਲੋੜ ਹੈ ਉਸ ਨੂੰ ਪਛਾਣਨ ਅਤੇ ਮੌਕਾ ਦੇਣ ਦੀ। ਵਿਸ਼ੇਸ਼ ਬੱਚਿਆਂ ਨੂੰ ਜ਼ਿੰਦਗੀ ਦੇ ਹਰ ਪੜਾਅ ‘ਤੇ ਅੱਗੇ ਵਧਣ ਦੇ ਮੌਕੇ ਦਿੱਤੇ ਜਾਣ ਤਾਂ ਜੋ ਉਹ ਆਤਮ-ਨਿਰਭਰ ਬਣ ਸਕਣ।
ਇਸ ਮੌਕੇ ਜ਼ਿਲ੍ਹਾ ਵਿਸ਼ੇਸ਼ ਅਧਿਆਪਕ ਅਨੁਜ ਚੌਧਰੀ ਅਤੇ ਸਮੁੱਚੀ ਆਈ.ਈ.ਡੀ ਟੀਮ ਨੇ ਮੈਡਮ ਦਾ ਧੰਨਵਾਦ ਕੀਤਾ ਅਤੇ ਸਾਰੇ ਜੇਤੂ ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ।