ਹੈਦਰਾਬਾਦ: ਪੰਜਾਬੀ ਗਾਇਕ ਦਲੇਰ ਮਹਿੰਦੀ ਉੱਤਰਾਖੰਡ ਵਿੱਚ ਇੱਕ ਸੱਭਿਆਚਾਰਕ ਸਮਾਗਮ ਦੌਰਾਨ ਆਪਣੀ ਪੇਸ਼ਕਾਰੀ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਉੱਤਰਾਖੰਡ ਦੇ ਕੈਬਨਿਟ ਮੰਤਰੀ ਸੁਬੋਧ ਉਨਿਆਲ ਵੱਲੋਂ ਉਨ੍ਹਾਂ ਦੀ ਪੇਸ਼ਕਾਰੀ ‘ਤੇ ਸਵਾਲ ਚੁੱਕੇ ਜਾਣ ਤੋਂ ਬਾਅਦ ਇਹ ਮਾਮਲਾ ਲਗਾਤਾਰ ਭਖ਼ਦਾ ਜਾ ਰਿਹਾ ਹੈ।
ਇਸ ਵਿਵਾਦ ਵਿੱਚ ਹੁਣ ਮਨੋਰੰਜਨ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਵੀ ਸਾਹਮਣੇ ਆਈਆਂ ਹਨ। ਗਾਇਕ ਮੀਕਾ ਸਿੰਘ, ਕਾਮੇਡੀਅਨ ਕਪਿਲ ਸ਼ਰਮਾ, ਰੈਪਰ ਬਾਦਸ਼ਾਹ, ਅਦਾਕਾਰ ਅਨੁਪਮ ਖੇਰ, ਗਾਇਕ ਪਲਾਸ਼ ਸੇਨ, ਗੁਰਦਾਸ ਮਾਨ, ਮਾਸਟਰ ਸਲੀਮ, ਗੁਰਲੇਜ ਅਖ਼ਤਰ, ਰਾਜਪਾਲ ਯਾਦਵ ਅਤੇ ਅਦਾਕਾਰ ਸੁਦੇਸ਼ ਬੇਰੀ ਨੇ ਦਲੇਰ ਮਹਿੰਦੀ ਦਾ ਸਮਰਥਨ ਕੀਤਾ ਹੈ। ਦੂਜੇ ਪਾਸੇ ਗਾਇਕਾ ਸੋਨਾ ਮਹਾਪਾਤਰਾ ਨੇ ਕਲਾਕਾਰਾਂ ਦੀ ਪੇਸ਼ੇਵਰ ਜ਼ਿੰਮੇਵਾਰੀ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ।
ਮੀਕਾ ਸਿੰਘ ਨੇ ਦੱਸਿਆ ਦਲੇਰ ਮਹਿੰਦੀ ਦੀ ਸਿਹਤ ਦਾ ਹਾਲ
ਦਲੇਰ ਮਹਿੰਦੀ ਦੇ ਭਰਾ ਅਤੇ ਗਾਇਕ ਮੀਕਾ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝੀ ਕਰਦਿਆਂ ਆਪਣੇ ਭਰਾ ਦਾ ਬਚਾਅ ਕੀਤਾ। ਉਨ੍ਹਾਂ ਦੱਸਿਆ ਕਿ ਦਲੇਰ ਮਹਿੰਦੀ ਪਿਛਲੇ 2 ਸਾਲਾਂ ਤੋਂ ਬਿਮਾਰ ਹਨ ਅਤੇ ਹਾਲ ਹੀ ਵਿੱਚ ਉਨ੍ਹਾਂ ਦਾ ਆਪ੍ਰੇਸ਼ਨ ਵੀ ਹੋਇਆ ਹੈ। ਇਸ ਦੇ ਬਾਵਜੂਦ ਉਹ ਆਪਣੇ ਬੈਂਡ ਨਾਲ ਪੇਸ਼ਕਾਰੀਆਂ ਦੇ ਰਹੇ ਹਨ।
ਮੀਕਾ ਸਿੰਘ ਨੇ ਦਲੇਰ ਮਹਿੰਦੀ ਵੱਲੋਂ ਸ਼ਰਾਬ ਪੀ ਕੇ ਪੇਸ਼ਕਾਰੀ ਦੇਣ ਦੇ ਇਲਜ਼ਾਮਾਂ ਨੂੰ ਵੀ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਆਪਣੇ ਭਰਾ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਦਲੇਰ ਮਹਿੰਦੀ ਸ਼ਰਾਬ ਨਹੀਂ ਪੀਂਦੇ। ਉਨ੍ਹਾਂ ਇਹ ਵੀ ਕਿਹਾ ਕਿ ਲਾਈਵ ਸ਼ੋਅ ਦੌਰਾਨ ਬੈਕਗ੍ਰਾਊਂਡ ਟਰੈਕ ਦੀ ਵਰਤੋਂ ਆਮ ਗੱਲ ਹੈ। ਅਜਿਹੇ ਵਿੱਚ ਸਿਰਫ਼ ਦਲੇਰ ਮਹਿੰਦੀ ਨੂੰ ਨਿਸ਼ਾਨਾ ਬਣਾਉਣਾ ਠੀਕ ਨਹੀਂ ਹੈ।
ਕਪਿਲ ਸ਼ਰਮਾ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ
ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਵੀ ਦਲੇਰ ਮਹਿੰਦੀ ਦੇ ਸਮਰਥਨ ਵਿੱਚ ਸਾਹਮਣੇ ਆਏ ਹਨ। ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸਾਨੂੰ ਇੱਕ-ਦੂਜੇ ਪ੍ਰਤੀ ਥੋੜ੍ਹਾ ਹੋਰ ਹਮਦਰਦ ਹੋਣਾ ਚਾਹੀਦਾ ਹੈ, ਕਿਉਂਕਿ ਅਸੀਂ ਨਹੀਂ ਜਾਣਦੇ ਕਿ ਕੋਈ ਵਿਅਕਤੀ ਕਿਹੜੇ ਹਾਲਾਤ ਵਿੱਚੋਂ ਲੰਘ ਰਿਹਾ ਹੈ।
ਕਪਿਲ ਸ਼ਰਮਾ ਨੇ ਦਲੇਰ ਮਹਿੰਦੀ ਦੀ ਸਿਹਤ ਬਾਰੇ ਜਾਣਕਾਰੀ ਦੇਣ ਲਈ ਮੀਕਾ ਸਿੰਘ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਦਲੇਰ ਮਹਿੰਦੀ ਦੀ ਚੰਗੀ ਸਿਹਤ ਦੀ ਕਾਮਨਾ ਕਰਦਿਆਂ ਲਿਖਿਆ, “ਰੱਬ ਦਲੇਰ ਪਾਜੀ ਨੂੰ ਅਸੀਸ ਦੇਵੇ। ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਦਲੇਰ ਪਾਜੀ।”
ਬਾਦਸ਼ਾਹ ਨੇ ਲਿਆ ਦਲੇਰ ਮਹਿੰਦੀ ਦਾ ਪੱਖ
ਮਸ਼ਹੂਰ ਰੈਪਰ ਬਾਦਸ਼ਾਹ ਨੇ ਵੀ ਇਸ ਮਾਮਲੇ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਦਲੇਰ ਮਹਿੰਦੀ ਨੂੰ ਸੰਗੀਤ ਜਗਤ ਦਾ ਦਿੱਗਜ ਕਲਾਕਾਰ ਦੱਸਦਿਆਂ ਕਿਹਾ ਕਿ ਕਿਸੇ ਦੀ ਪੇਸ਼ਕਾਰੀ ਤੋਂ ਨਾਰਾਜ਼ਗੀ ਜ਼ਾਹਰ ਕਰਨਾ ਗਲਤ ਨਹੀਂ ਹੈ, ਪਰ ਉਸ ਨੂੰ ਜਨਤਕ ਤੌਰ ‘ਤੇ ਅਪਮਾਨਿਤ ਕਰਨਾ ਬੇਹੱਦ ਦੁਖਦਾਈ ਹੈ।
ਬਾਦਸ਼ਾਹ ਨੇ ਕਿਹਾ ਕਿ ਦਲੇਰ ਮਹਿੰਦੀ ਨੇ ਭਾਰਤੀ ਸੰਗੀਤ ਜਗਤ ਨੂੰ ਬਹੁਤ ਕੁਝ ਦਿੱਤਾ ਹੈ। ਅਜਿਹੇ ਕਲਾਕਾਰਾਂ ਨਾਲ ਸਨਮਾਨ ਨਾਲ ਪੇਸ਼ ਆਉਣਾ ਚਾਹੀਦਾ ਹੈ, ਖਾਸ ਕਰਕੇ ਉਸ ਸਮੇਂ ਜਦੋਂ ਉਹ ਸਿਹਤ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੋਣ।
ਅਨੁਪਮ ਖੇਰ ਨੇ ਮੰਤਰੀ ਦੇ ਵਿਵਹਾਰ ‘ਤੇ ਚੁੱਕੇ ਸਵਾਲ
ਬਾਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਵੀ ਉੱਤਰਾਖੰਡ ਦੇ ਮੰਤਰੀ ਸੁਬੋਧ ਉਨਿਆਲ ਦੇ ਵਿਵਹਾਰ ‘ਤੇ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਇੰਸਟਾਗ੍ਰਾਮ ‘ਤੇ ਲਿਖਿਆ ਕਿ ਜੇਕਰ ਮੰਤਰੀ ਨੂੰ ਦਲੇਰ ਮਹਿੰਦੀ ਦੀ ਪੇਸ਼ਕਾਰੀ ਤੋਂ ਕੋਈ ਸ਼ਿਕਾਇਤ ਸੀ ਤਾਂ ਉਹ ਨਿੱਜੀ ਤੌਰ ‘ਤੇ ਵੀ ਆਪਣੀ ਗੱਲ ਕਹਿ ਸਕਦੇ ਸਨ।
ਅਨੁਪਮ ਖੇਰ ਨੇ ਸਵਾਲ ਕੀਤਾ ਕਿ ਕੀ ਇੱਕ ਸੀਨੀਅਰ ਕਲਾਕਾਰ ਨੂੰ ਸਟੇਜ ‘ਤੇ ਸਾਰਿਆਂ ਦੇ ਸਾਹਮਣੇ ਅਪਮਾਨਿਤ ਕਰਨਾ ਜ਼ਰੂਰੀ ਸੀ?
ਉਨ੍ਹਾਂ ਕਿਹਾ ਕਿ ਦਲੇਰ ਮਹਿੰਦੀ ਪਿਛਲੇ 30 ਤੋਂ 35 ਸਾਲਾਂ ਤੋਂ ਆਪਣੇ ਗੀਤਾਂ ਰਾਹੀਂ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ। ਸੰਗੀਤ ਜਗਤ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਦੇਖਦਿਆਂ ਉਨ੍ਹਾਂ ਨਾਲ ਸਨਮਾਨਜਨਕ ਵਿਵਹਾਰ ਹੋਣਾ ਚਾਹੀਦਾ ਸੀ।
ਪਲਾਸ਼ ਸੇਨ ਨੇ ਸ਼ਰਾਬ ਪੀਣ ਦੇ ਇਲਜ਼ਾਮ ਨੂੰ ਨਕਾਰਿਆ
ਗਾਇਕ ਪਲਾਸ਼ ਸੇਨ ਨੇ ਵੀ ਦਲੇਰ ਮਹਿੰਦੀ ਦੇ ਹੱਕ ਵਿੱਚ ਭਾਵੁਕ ਪੋਸਟ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਦੀ ਜ਼ਿੰਦਗੀ ਵਿੱਚ ਮਾੜਾ ਸਮਾਂ ਆ ਸਕਦਾ ਹੈ ਅਤੇ ਵੱਡੇ ਕਲਾਕਾਰ ਵੀ ਬਿਮਾਰ ਹੋ ਸਕਦੇ ਹਨ। ਉਨ੍ਹਾਂ ਦਲੇਰ ਮਹਿੰਦੀ ਵੱਲੋਂ ਸ਼ਰਾਬ ਪੀਣ ਦੇ ਇਲਜ਼ਾਮ ਨੂੰ ਨਕਾਰਦਿਆਂ ਕਿਹਾ ਕਿ ਦਲੇਰ ਪਾਜੀ ਨੇ ਕਦੇ ਸ਼ਰਾਬ ਨੂੰ ਹੱਥ ਨਹੀਂ ਲਾਇਆ ਅਤੇ ਨਾ ਹੀ ਉਹ ਅਜਿਹਾ ਕਰਨਗੇ।
ਪਲਾਸ਼ ਸੇਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ‘ਤੇ ਕਿਸੇ ਕਲਾਕਾਰ ਦਾ ਮਜ਼ਾਕ ਉਡਾਉਣ ਦੀ ਬਜਾਏ ਉਸ ਦੀ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰਨ।
ਸੁਦੇਸ਼ ਬੇਰੀ ਵੀ ਆਏ ਦਲੇਰ ਮਹਿੰਦੀ ਦੇ ਸਮਰਥਨ ਵਿੱਚ
ਅਦਾਕਾਰ ਸੁਦੇਸ਼ ਬੇਰੀ ਨੇ ਵੀ ਦਲੇਰ ਮਹਿੰਦੀ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਦਲੇਰ ਮਹਿੰਦੀ ਨੂੰ 30 ਸਾਲਾਂ ਤੋਂ ਵੱਧ ਸਮੇਂ ਤੋਂ ਜਾਣਦੇ ਹਨ। ਕਿਸੇ ਵੀ ਕਲਾਕਾਰ ਦੀ ਪੇਸ਼ਕਾਰੀ ਬਾਰੇ ਸ਼ਿਕਾਇਤ ਹੋ ਸਕਦੀ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਉਸ ਦਾ ਜਨਤਕ ਤੌਰ ‘ਤੇ ਅਪਮਾਨ ਕੀਤਾ ਜਾਵੇ।
ਸੁਦੇਸ਼ ਬੇਰੀ ਨੇ ਕਿਹਾ ਕਿ ਹਰ ਕਲਾਕਾਰ ਅਤੇ ਹਰ ਵਿਅਕਤੀ ਸਨਮਾਨ ਦਾ ਹੱਕਦਾਰ ਹੈ। ਉਨ੍ਹਾਂ ਲੋਕਾਂ ਨੂੰ ਬਿਨਾਂ ਪੂਰੀ ਜਾਣਕਾਰੀ ਦੇ ਕਿਸੇ ਬਾਰੇ ਰਾਏ ਨਾ ਬਣਾਉਣ ਦੀ ਅਪੀਲ ਕੀਤੀ।
ਸੋਨਾ ਮਹਾਪਾਤਰਾ ਨੇ ਚੁੱਕੇ ਕਲਾਕਾਰਾਂ ਦੀ ਜ਼ਿੰਮੇਵਾਰੀ ‘ਤੇ ਸਵਾਲ
ਇਸ ਵਿਵਾਦ ਵਿੱਚ ਗਾਇਕਾ ਸੋਨਾ ਮਹਾਪਾਤਰਾ ਨੇ ਦੂਜੇ ਕਲਾਕਾਰਾਂ ਤੋਂ ਵੱਖਰੀ ਰਾਏ ਰੱਖੀ ਹੈ। ਉਨ੍ਹਾਂ ਕਿਹਾ ਕਿ ਦਲੇਰ ਮਹਿੰਦੀ ਵਰਗੇ ਸੀਨੀਅਰ ਕਲਾਕਾਰ ਸਨਮਾਨ ਦੇ ਹੱਕਦਾਰ ਹਨ, ਪਰ ਇਸ ਦੇ ਨਾਲ ਹੀ ਦਰਸ਼ਕਾਂ ਪ੍ਰਤੀ ਉਨ੍ਹਾਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ।
ਸੋਨਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਾਲ ਮਾਰਚ ਵਿੱਚ ਦਿੱਲੀ ਦੇ ਸੁੰਦਰ ਨਰਸਰੀ ਵਿੱਚ ਹੋਏ ਸੂਫੀ ਹੈਰੀਟੇਜ ਫੈਸਟੀਵਲ ਦੌਰਾਨ ਦਲੇਰ ਮਹਿੰਦੀ ਦੀ ਪੇਸ਼ਕਾਰੀ ਦੇਖੀ ਸੀ। ਉਨ੍ਹਾਂ ਮੁਤਾਬਕ ਉਸ ਸਮੇਂ ਦਲੇਰ ਮਹਿੰਦੀ ਦੀ ਪੇਸ਼ਕਾਰੀ ਨਿਰਾਸ਼ਾਜਨਕ ਰਹੀ ਸੀ।
ਸੋਨਾ ਨੇ ਦਾਅਵਾ ਕੀਤਾ ਕਿ ਦਲੇਰ ਮਹਿੰਦੀ ਸਟੇਜ ‘ਤੇ ਕੁਝ ਉਲਝੇ ਹੋਏ ਨਜ਼ਰ ਆ ਰਹੇ ਸਨ ਅਤੇ ਇੱਕੋ ਸੰਗੀਤਕ ਲਾਈਨ ਨੂੰ ਵਾਰ-ਵਾਰ ਦੁਹਰਾ ਰਹੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਪੇਸ਼ਕਾਰੀ ਦੌਰਾਨ ਕਈ ਦਰਸ਼ਕ ਉੱਥੋਂ ਜਾਣ ਲੱਗ ਪਏ ਸਨ।
ਸੋਨਾ ਮਹਾਪਾਤਰਾ ਨੇ ਕਿਹਾ ਕਿ ਦੋ ਗੱਲਾਂ ਇੱਕੋ ਸਮੇਂ ਸਹੀ ਹੋ ਸਕਦੀਆਂ ਹਨ। ਇੱਕ ਪਾਸੇ ਸੀਨੀਅਰ ਕਲਾਕਾਰ ਆਪਣੇ ਯੋਗਦਾਨ ਲਈ ਸਨਮਾਨ ਅਤੇ ਹਮਦਰਦੀ ਦਾ ਹੱਕਦਾਰ ਹੈ, ਦੂਜੇ ਪਾਸੇ ਪੈਸੇ ਖਰਚ ਕੇ ਸ਼ੋਅ ਦੇਖਣ ਆਏ ਦਰਸ਼ਕ ਵੀ ਚੰਗੀ ਅਤੇ ਇਮਾਨਦਾਰ ਪੇਸ਼ਕਾਰੀ ਦੇ ਹੱਕਦਾਰ ਹਨ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਕਲਾਕਾਰ ਬਿਮਾਰ ਹੈ ਤਾਂ ਇਸ ਬਾਰੇ ਪ੍ਰਬੰਧਕਾਂ ਅਤੇ ਦਰਸ਼ਕਾਂ ਨੂੰ ਸਹੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਮੁਤਾਬਕ ਉਮਰ, ਪ੍ਰਸਿੱਧੀ ਅਤੇ ਸੰਗੀਤ ਜਗਤ ਵਿੱਚ ਵੱਡਾ ਯੋਗਦਾਨ ਹੋਣ ਦੇ ਬਾਵਜੂਦ ਕੋਈ ਵੀ ਕਲਾਕਾਰ ਆਪਣੀ ਪੇਸ਼ੇਵਰ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦਾ।
ਗੁਰਦਾਸ ਮਾਨ ਨੇ ਕੀਤਾ ਬਚਾਅ
ਪੰਜਾਬੀ ਗਾਇਕ ਗੁਰਦਾਸ ਮਾਨ ਨੇ ਦਲੇਰ ਮਹਿੰਦੀ ਦੇ ਵਿਵਾਦ ਉਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਇੰਸਟਾਗ੍ਰਾਮ ਉਤੇ ਸਟੋਰੀ ਸਾਂਝੀ ਕੀਤੀ, ਉਨਾਂ ਨੇ ਲਿਖਿਆ, “ਦਲੇਰ ਮਹਿੰਦੀ ਸਾਬ੍ਹ ਇੱਕ ਪ੍ਰਸਿੱਧ ਕਲਾਕਾਰ ਹਨ, ਜਿਨ੍ਹਾਂ ਨੇ ਸਾਡੇ ਸੰਗੀਤ ਨੂੰ ਬਹੁਤ ਕੁਝ ਦਿੱਤਾ ਹੈ। ਉਨ੍ਹਾਂ ਦੀ ਸਰਜਰੀ ਹੋਈ ਹੈ ਅਤੇ ਉਹ ਠੀਕ ਨਹੀਂ ਹਨ। ਉਨ੍ਹਾਂ ਦੇ ਹਾਲੀਆ ਪ੍ਰਦਰਸ਼ਨ ਵੀ ਇਸ ਨੂੰ ਦਰਸਾਉਂਦੇ ਹਨ। ਫਿਰ ਵੀ, ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਪ੍ਰਤੀ ਆਪਣੀ ਵਚਨਬੱਧਤਾ ਦਾ ਸਨਮਾਨ ਕਰਨਾ ਚੁਣਿਆ। ਹਰ ਵਿਅਕਤੀ ਇੱਜ਼ਤ, ਹਮਦਰਦੀ ਅਤੇ ਸਤਿਕਾਰ ਦਾ ਹੱਕਦਾਰ ਹੈ। ਮਹਿੰਦੀ ਸਾਬ੍ਹ, ਤੁਹਾਡਾ ਬਹੁਤ ਧੰਨਵਾਦ। ਵਾਹਿਗੁਰੂ ਸਭ ਨੂੰ ਚੜਦੀ ਕਲਾ ਵਿੱਚ ਰੱਖੇ।”
ਇਸ ਤੋਂ ਇਲਾਵਾ ਮਨੀਕਰਤ ਔਲਖ, ਮਾਸਟਰ ਸਲੀਮ ਅਤੇ ਗੁਰਲੇਜ ਅਖਤਰ ਵਰਗੇ ਸਿਤਾਰੇ ਗਾਇਕ ਦਲੇਰ ਮਹਿੰਦੀ ਦੇ ਬਚਾਅ ਵਿੱਚ ਆਏ।
ਕੀ ਹੈ ਪੂਰਾ ਮਾਮਲਾ?
ਦਰਅਸਲ, 18 ਅਕਤੂਬਰ ਨੂੰ ਉੱਤਰਾਖੰਡ ਵਿੱਚ ਸਿੱਧਪੀਠ ਮਾਂ ਕੁੰਜਾਪੁਰੀ ਸੈਰ-ਸਪਾਟਾ ਅਤੇ ਵਿਕਾਸ ਮੇਲੇ ਦੌਰਾਨ ਦਲੇਰ ਮਹਿੰਦੀ ਦੀ ਪੇਸ਼ਕਾਰੀ ਰੱਖੀ ਗਈ ਸੀ। ਇਸ ਦੌਰਾਨ ਉੱਤਰਾਖੰਡ ਦੇ ਕੈਬਨਿਟ ਮੰਤਰੀ ਸੁਬੋਧ ਉਨਿਆਲ ਨੇ ਸਟੇਜ ‘ਤੇ ਪਹੁੰਚ ਕੇ ਦਲੇਰ ਮਹਿੰਦੀ ਦੀ ਪੇਸ਼ਕਾਰੀ ‘ਤੇ ਸਵਾਲ ਚੁੱਕੇ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ।
ਮੰਤਰੀ ਨੇ ਦੋਸ਼ ਲਾਇਆ ਕਿ ਦਲੇਰ ਮਹਿੰਦੀ ਲਾਈਵ ਗਾਉਣ ਦੀ ਬਜਾਏ ਲਿਪ-ਸਿੰਕ ਕਰ ਰਹੇ ਸਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਗਾਇਕ ਨੂੰ ਇਸ ਪੇਸ਼ਕਾਰੀ ਲਈ 35 ਲੱਖ ਰੁਪਏ ਦਿੱਤੇ ਗਏ ਸਨ। ਵਾਇਰਲ ਵੀਡੀਓ ਵਿੱਚ ਮੰਤਰੀ ਦਲੇਰ ਮਹਿੰਦੀ ਨੂੰ ਇਹ ਕਹਿੰਦੇ ਸੁਣਾਈ ਦਿੱਤੇ ਕਿ ਜਦੋਂ ਉਹ ਠੀਕ ਤਰ੍ਹਾਂ ਬੋਲ ਵੀ ਨਹੀਂ ਸਕਦੇ ਤਾਂ ਗਾਉਣ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ।
ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਦਾ ਮਨੋਰੰਜਨ ਕਰਨ ਲਈ ਸੱਦਿਆ ਗਿਆ ਸੀ, ਪਰ ਉਨ੍ਹਾਂ ਦੀ ਪੇਸ਼ਕਾਰੀ ਉਮੀਦਾਂ ਮੁਤਾਬਕ ਨਹੀਂ ਰਹੀ। ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਦਲੇਰ ਮਹਿੰਦੀ ਬਾਰੇ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ। ਕੁਝ ਲੋਕਾਂ ਨੇ ਉਨ੍ਹਾਂ ‘ਤੇ ਸ਼ਰਾਬ ਪੀ ਕੇ ਪੇਸ਼ਕਾਰੀ ਦੇਣ ਦੇ ਇਲਜ਼ਾਮ ਵੀ ਲਾਏ। ਹੁਣ ਇਹ ਵਿਵਾਦ ਸਿਰਫ਼ ਦਲੇਰ ਮਹਿੰਦੀ ਦੀ ਪੇਸ਼ਕਾਰੀ ਤੱਕ ਸੀਮਤ ਨਹੀਂ ਰਿਹਾ, ਸਗੋਂ ਕਲਾਕਾਰਾਂ ਦੇ ਸਨਮਾਨ, ਉਨ੍ਹਾਂ ਦੀ ਸਿਹਤ ਅਤੇ ਦਰਸ਼ਕਾਂ ਪ੍ਰਤੀ ਪੇਸ਼ੇਵਰ ਜ਼ਿੰਮੇਵਾਰੀ ਨੂੰ ਲੈ ਕੇ ਵੀ ਬਹਿਸ ਛਿੜ ਗਈ ਹੈ।