
ਜਲੰਧਰ, 18 ਅਕਤੂਬਰ : ਸ਼੍ਰੀ ਪੰਚਵਟੀ ਮੰਦਰ ਧਰਮਸ਼ਾਲਾ ਗਊਸ਼ਾਲਾ ਕਮੇਟੀ, ਮੇਨ ਬਾਜ਼ਾਰ ਬਸਤੀ ਗੁਜਾਂ ਅਤੇ ਭਾਰਤ ਵਿਕਾਸ ਪ੍ਰੀਸ਼ਦ ਜਲੰਧਰ ਦੱਖਣ ਦੇ ਸਾਂਝੇ ਉਪਰਾਲੇ ਨਾਲ 18 ਅਕਤੂਬਰ ਨੂੰ ਛੇ ਲੋੜਵੰਦ ਜੋੜਿਆਂ ਦੇ ਵਿਆਹ ਸਮਾਗਮ ਦਾ ਆਯੋਜਨ ਸ਼੍ਰੀ ਪੰਚਵਟੀ ਮੰਦਰ ਧਰਮਸ਼ਾਲਾ ਗਊਸ਼ਾਲਾ ਦੇ ਏਅਰ ਕੰਡੀਸ਼ਨਡ ਹਾਲ ਵਿੱਚ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਨੇ ਨਵ-ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੇ ਸੁਖਮਈ ਵਿਆਹੁਤਾ ਜੀਵਨ ਦੀ ਕਾਮਨਾ ਕੀਤੀ।
ਇਸ ਮੌਕੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਦੋਵਾਂ ਸੰਸਥਾਵਾਂ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਵਾਉਣ ਅਤੇ ਨਵ-ਵਿਆਹੇ ਜੋੜਿਆਂ ਨੂੰ ਗ੍ਰਹਿਸਥੀ ਜੀਵਨ ਸ਼ੁਰੂ ਕਰਨ ਲਈ ਜ਼ਰੂਰੀ ਸਾਮਾਨ ਮੁਹੱਈਆ ਕਰਵਾਉਣ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਲੋੜਵੰਦ ਪਰਿਵਾਰਾਂ ਦੀ ਮਦਦ ਕਰਨਾ ਅਤੇ ਧੀਆਂ ਦੇ ਵਿਆਹ ਵਿੱਚ ਸਹਿਯੋਗ ਦੇਣਾ ਸਮਾਜ ਸੇਵਾ ਦਾ ਇੱਕ ਮਹੱਤਵਪੂਰਨ ਕਾਰਜ ਹੈ। ਅਜਿਹੇ ਉਪਰਾਲਿਆਂ ਨਾਲ ਲੋੜਵੰਦ ਪਰਿਵਾਰਾਂ ਨੂੰ ਆਰਥਿਕ ਸਹਾਰਾ ਮਿਲਦਾ ਹੈ ਅਤੇ ਨਵ-ਵਿਆਹੇ ਜੋੜਿਆਂ ਨੂੰ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕਰਨ ਵਿੱਚ ਮਦਦ ਮਿਲਦੀ ਹੈ।
ਉਨ੍ਹਾਂ ਕਿਹਾ ਕਿ ਸਮਾਜ ਦੇ ਸਮਰੱਥ ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਆਪਸੀ ਸਹਿਯੋਗ, ਭਾਈਚਾਰੇ ਅਤੇ ਸੇਵਾ ਭਾਵਨਾ ਨਾਲ ਹੀ ਸਮਾਜ ਨੂੰ ਮਜ਼ਬੂਤ ਬਣਾਇਆ ਜਾ ਸਕਦਾ ਹੈ। ਇਸ ਤਰ੍ਹਾਂ ਦੇ ਸਮਾਗਮ ਸਮਾਜ ਵਿੱਚ ਸਕਾਰਾਤਮਕ ਸੰਦੇਸ਼ ਦਿੰਦੇ ਹਨ ਅਤੇ ਹੋਰਨਾਂ ਲੋਕਾਂ ਨੂੰ ਵੀ ਮਨੁੱਖਤਾ ਦੀ ਸੇਵਾ ਲਈ ਪ੍ਰੇਰਿਤ ਕਰਦੇ ਹਨ।
ਵਿਆਹ ਸਮਾਗਮ ਦੌਰਾਨ ਛੇ ਨਵ-ਵਿਆਹੇ ਜੋੜਿਆਂ ਨੂੰ ਗ੍ਰਹਿਸਥੀ ਜੀਵਨ ਦੀ ਸ਼ੁਰੂਆਤ ਕਰਨ ਲਈ ਘਰੇਲੂ ਵਰਤੋਂ ਦੀਆਂ ਵੱਖ-ਵੱਖ ਵਸਤਾਂ ਤੋਹਫ਼ੇ ਵਜੋਂ ਦਿੱਤੀਆਂ ਗਈਆਂ। ਇਨ੍ਹਾਂ ਵਿੱਚ ਡਬਲ ਬੈੱਡ, ਗੱਦੇ, ਬੈੱਡਸ਼ੀਟਾਂ, ਕੰਬਲ, ਬਰਤਨਾਂ ਦੇ ਪੂਰੇ ਸੈੱਟ, ਛੱਤ ਵਾਲੇ ਪੱਖੇ, ਪ੍ਰੈੱਸ ਅਤੇ ਅਲਮਾਰੀ ਸਮੇਤ ਹੋਰ ਜ਼ਰੂਰੀ ਸਾਮਾਨ ਸ਼ਾਮਲ ਸੀ। ਇਸ ਤੋਂ ਇਲਾਵਾ ਲਾੜੇ ਅਤੇ ਲਾੜੀ ਲਈ ਗਰਮ ਸਵੈਟਰ, ਲੜਕੀ ਲਈ ਸੂਟ ਅਤੇ ਸਾੜੀਆਂ ਅਤੇ ਲੜਕੇ ਲਈ ਪੈਂਟ ਤੇ ਰੈਡੀਮੇਡ ਕਮੀਜ਼ ਵੀ ਭੇਟ ਕੀਤੀ ਗਈ।
ਇਸ ਉਪਰਾਲੇ ਦਾ ਮੁੱਖ ਉਦੇਸ਼ ਨਵ-ਵਿਆਹੇ ਜੋੜਿਆਂ ਨੂੰ ਸਨਮਾਨ ਨਾਲ ਆਪਣੇ ਵਿਆਹੁਤਾ ਜੀਵਨ ਦੀ ਸ਼ੁਰੂਆਤ ਕਰਨ ਵਿੱਚ ਸਹਾਇਤਾ ਦੇਣਾ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਆਰਥਿਕ ਚਿੰਤਾਵਾਂ ਨੂੰ ਘਟਾਉਣਾ ਸੀ।
ਸ਼੍ਰੀ ਪੰਚਵਟੀ ਮੰਦਰ ਧਰਮਸ਼ਾਲਾ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਲੱਕੀ ਮਲਹੋਤਰਾ ਅਤੇ ਭਾਰਤ ਵਿਕਾਸ ਪ੍ਰੀਸ਼ਦ ਜਲੰਧਰ ਦੱਖਣ ਦੇ ਪ੍ਰਧਾਨ ਐਡਵੋਕੇਟ ਚੰਦਰ ਮੋਹਨ ਸ਼ਰਮਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਦੀਆਂ ਤਿਆਰੀਆਂ ਦੋਵਾਂ ਸੰਸਥਾਵਾਂ ਦੇ ਮੈਂਬਰਾਂ ਨੇ ਮਿਲ ਕੇ ਸੰਭਾਲੀਆਂ। ਸੰਸਥਾਵਾਂ ਵੱਲੋਂ ਸ਼ਹਿਰ ਦੇ ਦਾਨੀ ਸੱਜਣਾਂ ਅਤੇ ਸਮਰੱਥ ਪਰਿਵਾਰਾਂ ਨੂੰ ਵੀ ਲੋੜਵੰਦ ਲੋਕਾਂ ਦੀ ਮਦਦ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ।
ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਇਸ ਮੌਕੇ ਸਮਾਜ ਸੇਵਾ ਦੀ ਭਾਵਨਾ ਨੂੰ ਅੱਗੇ ਵਧਾਉਣ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਲੋੜਵੰਦ ਪਰਿਵਾਰਾਂ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਣਾ ਅਤੇ ਮੁਸ਼ਕਲ ਹਾਲਾਤਾਂ ਵਿੱਚ ਉਨ੍ਹਾਂ ਦਾ ਸਹਾਰਾ ਬਣਨਾ ਸਾਡੇ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।
ਇਸ ਮੌਕੇ ਲੱਕੀ ਮਲਹੋਤਰਾ, ਐਡਵੋਕੇਟ ਚੰਦਰ ਮੋਹਨ ਸ਼ਰਮਾ, ਡਾ. ਰਾਜੇਸ਼ ਮਨਨ, ਰਮੇਸ਼ ਵਿਜ, ਦਵਿੰਦਰ ਅਰੋੜਾ, ਸਤਨਾਮ ਅਰੋੜਾ, ਰਵੀ ਮਹਾਜਨ, ਨਵੀਨ ਗੋਸਵਾਮੀ, ਕੇ.ਐੱਲ. ਅਰੋੜਾ, ਅਸ਼ੋਕ ਸਾਰੰਗਲ, ਚਮਨ ਲਾਲ ਸਾਰੰਗਲ, ਅਸ਼ੋਕ ਅਰੋੜਾ, ਯਸ਼ਪਾਲ ਸਿੰਗਲਾ, ਅਰੁਣ ਓਬਰਾਏ ਸਮੇਤ ਦੋਵਾਂ ਸੰਸਥਾਵਾਂ ਦੇ ਕਈ ਮੈਂਬਰ ਹਾਜ਼ਰ ਸਨ। ਸਾਰਿਆਂ ਨੇ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ਭਵਿੱਖ ਵਿੱਚ ਵੀ ਅਜਿਹੇ ਸੇਵਾ ਕਾਰਜ ਜਾਰੀ ਰੱਖਣ ਦਾ ਸੰਕਲਪ ਲਿਆ।