
ਮਲੋਟ / ਸ੍ਰੀ ਮੁਕਤਸਰ ਸਾਹਿਬ, 18 ਅਕਤੂਬਰ- ਬਜੁ਼ਰਗਾਂ ਦੀ ਸੇਵਾਂ ਤੇ ਸਨਮਾਨ ਕਰਨਾ ਪੰਜਾਬ ਸਰਕਾਰ ਦਾ ਮੁੱਖ ਟੀਚਾ ਹੈ, ਇਹ ਪ੍ਰਗਟਾਵਾਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਡਾ. ਬਲਜੀਤ ਕੌਰ ਨੇ ਪੰਜਾਬ ਸਰਕਾਰ ਵੱਲੋਂ ਬਜੁਰਗਾਂ ਦੀ ਭਲਾਈ ਲਈ ਸਟੇਟ ਐਕਸ਼ਨ ਪਲਾਨ ‘ਸਾਡਾ ਬਜ਼ੁਰਗ, ਸਾਡਾ ਮਾਣ’ ਤਹਿਤ ਮਲੋਟ ਵਿਖੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਕਰਵਾਏ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਬਜੁਰਗਾਂ ਨੂੰ ਮਾਣ ਸਨਮਾਨ ਦੇਣ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਜੁਰਗ ਸਾਡੇ ਸਮਾਜ ਦਾ ਸਰਮਾਇਆ ਹਨ ਅਤੇ ਇਹਨਾਂ ਨੂੰ ਕਦੇ ਵੀ ਆਪਣਾ ਬੋਝ ਨਹੀਂ ਸਮਝਣਾ ਚਾਹੀਦਾ ਅਤੇ ਸਾਨੂੰ ਸਾਂਝਾ ਪਰਿਵਾਰ ਨੂੰ ਕਾਮਯਾਬ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਅਤੇ ਬਜੁਰਗਾਂ ਵਿੱਚ ਆਪਸੀ ਸਬੰਧ ਮਜ਼ਬੂਰ ਕਰਨ ਵਿੱਚ ਇਹ ਕੈਂਪ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
ਇਸ ਮੌਕੇ ਸਿਹਤ ਵਿਭਾਗ ਵਲੋ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ ਅੱਖਾਂ ਦੇ ਮਾਹਿਰ, ਨੱਕ—ਕੰਨ—ਗਲੇ ਮਾਹਿਰ ਡਾਕਟਰ, ਹੱਡੀਆਂ ਦੇ ਮਾਹਿਰ ਡਾਕਟਰ, ਚਮੜੀ ਰੋਗ ਡਾਕਟਰ ਅਤੇ ਜਰਨਲ ਮੈਡੀਸਨ ਦੇ ਡਾਕਟਰਾਂ ਵੱਲੋਂ ਬਜ਼ੁਰਗਾਂ ਦਾ ਮੁਫ਼ਤ ਚੈਕਅੱਪ ਕੀਤਾ ਗਿਆ ਅਤੇ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਇਸ ਸਮਾਗਮ ਮੌਕੇ ਬਜੁਰਗਾਂ ਦੇ ਪੈਨਸ਼ਨ ਕਾਰਡ, ਸੀਨੀਅਰ ਸਿਟੀਜ਼ਨ ਕਾਰਡ, ਲਾਭਪਾਤਰੀ ਕਾਪੀਆਂ, ਸਿਹਤ ਬੀਮਾ ਕਾਰਡਾਂ ਦੇ ਫਾਰਮ ਭਰੇ ਗਏ ਅਤੇ
ਇਸ ਮੌਕੇ ਅਲਿਮਕੋ ਦੇ ਸਹਿਯੋਗ ਨਾਲ 250 ਦੇ ਕਰੀਬ ਜ਼ਰੂਰਤਮੰਦ ਬਜ਼ੁਰਗਾਂ ਅਤੇ ਦਿਵਿਆਂਗ ਲਾਭਪਾਤਰੀਆਂ ਨੂੰ 1250 ਸਹਾਇਕ ਉਪਕਰਨ, ਮੁਫ਼ਤ ਵ੍ਹੀਲ ਚੇਅਰਾਂ ਅਤੇ ਟ੍ਰਾਈਸਾਈਕਲਾਂ ਦੀ ਵੰਡ ਵੀ ਕੀਤੀ ਗਈ। ਇਸ ਮੌਕੇ *ਤੇ ਕੈਬਨਿਟ ਮੰਤਰੀ ਨੇ ਸਮਾਗਮ ਵਿੱਚ ਬਜਰੁਗਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ।
ਇਸ ਮੌਕੇ ਚੇਅਰਮੈਨ ਸਹਿਕਾਰੀ ਬੈਂਕ ਪੰਜਾਬ ਸ੍ਰੀ ਜਗਦੇਵ ਸਿੰਘ ਬਾਂਮ, ਚੇਅਰਮੈਨ ਸਿਮਰਜੀਤ ਸਿੰਘ ਲੱਖੇਵਾਲੀ, ਵਨੀਤ ਜਿੰਦਲ ਚੇਅਰਮੈਨ ਜਿ਼ਲ੍ਹਾ ਟਰੇਡ ਕਮਿਸ਼ਨ,
ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਡੈਵੀ ਗੋਇਲ, ਐਸ.ਡੀ.ਐੱਮ. ਸ੍ਰੀ ਪੰਕਜ ਕੁਮਾਰ, ਕਾਰਜਕਾਰੀ ਇੰਜੀਨੀਅਰ ਸ੍ਰੀ ਦਲਜੀਤ ਸਿੰਘ, ਜ਼ਿਲ੍ਹਾ ਮਹਿਲਾ ਪ੍ਰਧਾਨ (ਇਸਤਰੀ ਵਿੰਗ) ਪਰਮਿੰਦਰ ਕੌਰ, ਪ੍ਰਧਾਨ ਨਗਰ ਕੌਸਲ ਜ਼ੋਨੀ ਗਰਗ, ਹਲਕਾ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਵਿਰਦੀ, ਸੀਨੀਅਰ ਵਾਇਸ ਪ੍ਰਧਾਨ ਨਗਰ ਕੌਸਲ ਜਸਮੀਤ ਸਿੰਘ ਬਰਾੜ, ਸਿਵਲ ਸਰਜਨ ਡਾ. ਲਖਬੀਰ ਕੌਰ ਸਿੱਧੂ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਨਦੀਪ ਕੌਰ ਸੰਧੂ, ਜਿ਼ਲ੍ਹਾ ਸਮਾਜਿਕ ਨਿਆਂ ਅਧਿਕਾਰਤਾ ਅਫਸਰ ਜਗਮੋਹਨ ਸਿੰਘ ਮਾਨ, ਨਿੱਜੀ ਸਹਾਇਕ ਸ੍ਰੀ ਅਰਸ਼ਦੀਪ ਸਿੰਘ, ਸ੍ਰੀ ਸ਼ਿੰਦਰਪਾਲ ਸਿੰਘ, ਤੋਂ ਇਲਾਵਾ ਵੱਖ—ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।