Tuesday, September 8Malwa News
Shadow

ਪੰਜਾਬ ਪੁਲਿਸ ਵੱਲੋਂ 10ਵੀਂ ਉੱਤਰੀ ਖੇਤਰੀ ਪੁਲਿਸ ਤਾਲਮੇਲ ਕਮੇਟੀ ਮੀਟਿੰਗ ਦੀ ਮੇਜ਼ਬਾਨੀ

ਚੰਡੀਗੜ੍ਹ, 8 ਸਤੰਬਰ: ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਅੰਤਰ-ਰਾਜੀ ਤਾਲਮੇਲ ਨੂੰ ਹੁਲਾਰਾ ਦੇਣ ਦੇ ਇੱਕ ਵੱਡੇ ਯਤਨ ਵਜੋਂ ਪੰਜਾਬ ਪੁਲਿਸ ਨੇ ਅੱਜ ਸਰਹੱਦ ਪਾਰੋਂ ਅੱਤਵਾਦ, ਗੈਂਗਸਟਰ ਸਿੰਡੀਕੇਟਾਂ, ਸੰਗਠਿਤ ਅਪਰਾਧ ਨੈੱਟਵਰਕਾਂ ਅਤੇ ਸਾਈਬਰ ਅਪਰਾਧ ਵਿਰੁੱਧ ਸਾਂਝੀਆਂ ਰਣਨੀਤੀਆਂ ਉਲੀਕਣ ਲਈ 10ਵੀਂ ਉੱਤਰੀ ਖੇਤਰੀ ਪੁਲਿਸ ਤਾਲਮੇਲ ਕਮੇਟੀ (ਐਨ.ਆਰ.ਪੀ.ਸੀ.ਸੀ.) ਮੀਟਿੰਗ ਦੀ ਮੇਜ਼ਬਾਨੀ ਕੀਤੀ।

ਇਸ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਕੀਤੀ। ਇਸ ਵਿੱਚ ਬਾਰਡਰ ਸਕਿਓਰਿਟੀ ਫੋਰਸ (ਬੀ.ਐਸ.ਐਫ.) ਵੈਸਟਰਨ ਕਮਾਂਡ ਚੰਡੀਗੜ੍ਹ ਦੇ ਸਪੈਸ਼ਲ ਡਾਇਰੈਕਟਰ ਜਨਰਲ ਸਤੀਸ਼ ਐਸ. ਖੰਡਾਰੇ, ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈ.ਟੀ.ਬੀ.ਪੀ.) ਹੈੱਡਕੁਆਰਟਰ ਵੈਸਟਰਨ ਕਮਾਂਡ ਦੇ ਆਈ.ਜੀ. ਰਾਜੇਸ਼ ਕੁਮਾਰ, ਬੀ.ਐਸ.ਐਫ. ਪੰਜਾਬ ਫਰੰਟੀਅਰ ਦੇ ਆਈ.ਜੀ. ਡਾ. ਅਤੁਲ ਫੁਲਜ਼ਲੇ ਅਤੇ ਡੀਜੀਪੀ ਚੰਡੀਗੜ੍ਹ ਡਾ. ਸਾਗਰਪ੍ਰੀਤ ਹੁੱਡਾ ਹਾਜ਼ਰ ਸਨ, ਜਦਕਿ ਡੀਜੀਪੀ ਉੱਤਰਾਖੰਡ ਦੀਪਮ ਸੇਠ ਅਤੇ ਡੀਜੀਪੀ ਲੱਦਾਖ ਆਨੰਦ ਕੁਮਾਰ ਜੈਨ ਵਰਚੁਅਲ ਤਰੀਕੇ ਨਾਲ ਮੀਟਿੰਗ ਵਿੱਚ ਸ਼ਾਮਲ ਹੋਏ। ਸੈਂਟਰਲ ਰਿਜ਼ਰਵ ਪੁਲਿਸ ਫੋਰਸ (ਸੀ.ਆਰ.ਪੀ.ਐਫ.), ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਅਤੇ ਸਬਸਿਡਰੀ ਇੰਟੈਲੀਜੈਂਸ ਬਿਊਰੋ (ਐਸ.ਆਈ.ਬੀ.) ਦੇ ਸੀਨੀਅਰ ਨੁਮਾਇੰਦਿਆਂ ਤੋਂ ਇਲਾਵਾ ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਦੇ ਰਾਜ ਪੁਲਿਸ ਬਲਾਂ ਅਤੇ ਹੋਰ ਕੇਂਦਰੀ ਤੇ ਸੁਰੱਖਿਆ ਏਜੰਸੀਆਂ ਨੇ ਵੀ ਵਿਚਾਰ-ਵਟਾਂਦਰੇ ਵਿੱਚ ਹਿੱਸਾ ਲਿਆ।

ਅੰਤਰ-ਏਜੰਸੀ ਤਾਲਮੇਲ ਨੂੰ ਸੰਸਥਾਗਤ ਰੂਪ ਦੇਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਐਨ.ਆਰ.ਪੀ.ਸੀ.ਸੀ. ਪੂਰੇ ਖੇਤਰ ਵਿੱਚ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਮੂਹਿਕ ਸਮੱਸਿਆ-ਹੱਲ, ਸਾਂਝੇ ਢੰਗ ਨਾਲ ਲਾਗੂਕਰਨ ਅਤੇ ਠੋਸ ਮੁਕੱਦਮੇਬਾਜ਼ੀ ਲਈ ਇੱਕ ਏਕੀਕ੍ਰਿਤ ਮੰਚ ਵਜੋਂ ਕੰਮ ਕਰਨਾ ਜਾਰੀ ਰੱਖੇਗੀ। ਉਨ੍ਹਾਂ ਕਿਹਾ, “ਮੂਲ ਰੂਪ ਵਿੱਚ, ਐਨ.ਆਰ.ਪੀ.ਸੀ.ਸੀ. ਦਾ ਉਦੇਸ਼ ਤਾਲਮੇਲ ਕਾਇਮ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਅਪਰਾਧ ਅਤੇ ਸੁਰੱਖਿਆ ਨੂੰ ਦਰਪੇਸ਼ ਖ਼ਤਰੇ ਰਾਜਾਂ ਦੀਆਂ ਹੱਦਾਂ ਤੋਂ ਪਾਰ ਫੈਲ ਰਹੇ ਹਨ, ਉੱਭਰ ਰਹੇ ਖ਼ਤਰਿਆਂ ਨਾਲ ਨਜਿੱਠਣ ਲਈ ਖੁਫ਼ੀਆ ਜਾਣਕਾਰੀ ਸਾਂਝੀ ਕਰਨਾ, ਨਿਰਵਿਘਨ ਅੰਤਰ-ਏਜੰਸੀ ਤਾਲਮੇਲ ਅਤੇ ਤੇਜ਼ੀ ਨਾਲ ਮਿਲ ਕੇ ਕਾਰਵਾਈ ਕਰਨਾ ਬੇਹੱਦ ਜ਼ਰੂਰੀ ਹੈ।”

ਡੀਜੀਪੀ ਨੇ ਕਿਹਾ ਕਿ ਸੰਗਠਿਤ ਅਪਰਾਧ, ਗੈਂਗਸਟਰ ਨੈੱਟਵਰਕਾਂ, ਸਾਈਬਰ ਅਪਰਾਧ, ਆਨਲਾਈਨ ਕੱਟੜਪੰਥੀ ਗਤੀਵਿਧੀਆਂ ਅਤੇ ਹੋਰ ਉੱਭਰ ਰਹੀਆਂ ਸੁਰੱਖਿਆ ਚੁਣੌਤੀਆਂ ਵਿਰੁੱਧ ਸਾਡੀ ਸਾਂਝੀ ਲੜਾਈ ਤਾਲਮੇਲ ਅਧਾਰਤ ਪੁਲਿਸਿੰਗ ਅਤੇ ਅੰਤਰ-ਰਾਜੀ ਸਹਿਯੋਗ ਦੀ ਤਾਕਤ ਨੂੰ ਦਰਸਾਉਂਦੀ ਹੈ।

ਮੀਟਿੰਗ ਦੌਰਾਨ ਸਪੈਸ਼ਲ ਡੀਜੀਪੀ ਟ੍ਰੈਫਿਕ ਏ.ਐਸ. ਰਾਏ ਨੇ ਪੰਜਾਬ ਦੀ ਪ੍ਰਮੁੱਖ ਸੜਕ ਸੁਰੱਖਿਆ ਫੋਰਸ (ਐਸਐਸਐਫ) ਬਾਰੇ ਇੱਕ ਪੇਸ਼ਕਾਰੀ ਦਿੱਤੀ, ਜਿਸ ਵਿੱਚ ਸੜਕੀ ਮੌਤਾਂ ਵਿੱਚ 52.87 ਫੀਸਦੀ ਦੀ ਕਮੀ, 6 ਮਿੰਟ ਅਤੇ 41 ਸਕਿੰਟ ਦਾ ਪ੍ਰਤੀਕਿਰਿਆ ਸਮਾਂ ਅਤੇ 56,283 ਸੜਕੀ ਘਟਨਾਵਾਂ ਵਿੱਚ 60,570 ਤੋਂ ਵੱਧ ਨਾਗਰਿਕਾਂ ਨੂੰ ਬਚਾਉਣ ਬਾਰੇ ਵੇਰਵੇ ਸਾਂਝੇ ਕੀਤੇ ਗਏ। ਜ਼ਿਕਰਯੋਗ ਹੈ ਕਿ ਡੀਜੀਪੀ ਲੱਦਾਖ ਵੱਲੋਂ ਵਿਆਪਕ ਤੌਰ ’ਤੇ ਇਸ ਮਾਡਲ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਉਨ੍ਹਾਂ ਨੇ ਪੰਜਾਬ ਦੇ ਐਸਐਸਐਫ ਮਾਡਲ ਤੋਂ ਸਿੱਖਣ ਵਿੱਚ ਬਾਖੂਬੀ ਦਿਲਚਸਪੀ ਦਿਖਾਈ।

ਆਈ.ਜੀ.ਪੀ. ਕਾਊਂਟਰ ਇੰਟੈਲੀਜੈਂਸ ਅਸ਼ੀਸ਼ ਚੌਧਰੀ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਵਿਦੇਸ਼ਾਂ ਤੋਂ ਅਪਰਾਧ ਅਤੇ ਅੱਤਵਾਦ ਨੂੰ ਅੰਜਾਮ ਦੇਣ ਵਾਲੇ ਭਗੌੜੇ ਅਪਰਾਧੀਆਂ ਤੱਕ ਪਹੁੰਚ ਕਰਨ ਲਈ ਓਵਰਸੀਜ਼ ਫਿਊਜਿਟਿਵ ਟ੍ਰਰੈਕਿੰਗ ਐਂਡ ਐਕਸਟ੍ਰੀਡਿਸ਼ਨ ਸੈੱਲ (ਓਐਫਟੀਈਸੀ) ਦਾ ਗਠਨ ਕੀਤਾ ਹੈ। ਸਾਲ 2024 ਤੋਂ ਕੁੱਲ 17 ਭਗੌੜਿਆਂ ਨੂੰ ਭਾਰਤ ਲਿਆਂਦਾ ਗਿਆ ਹੈ ਜਾਂ ਹਵਾਲਗੀ ਲਈ ਗਈ ਹੈ, ਜਿਨ੍ਹਾਂ ਵਿੱਚ ਨੌਂ ਓਐਫਟੀਈਸੀ ਰਾਹੀਂ, ਜਦੋਂ ਕਿ ਬਾਕੀ ਅੱਠ ਹੋਰ ਭਗੌੜੇ ਪੁਲਿਸ ਦੀਆਂ ਆਪਸੀ ਤਾਲਮੇਲ ਵਾਲੀਆਂ ਕਾਰਵਾਈਆਂ ਰਾਹੀਂ ਵਿਦੇਸ਼ਾਂ ਤੋਂ ਭਾਰਤ ਲਿਆਂਦੇ ਗਏ ਹਨ ।

ਸਰਹੱਦੀ ਸੁਰੱਖਿਆ ਅਤੇ ਡਰੋਨ ਵਿਰੋਧੀ ਉਪਾਵਾਂ ’ਤੇ ਜ਼ੋਰ ਦਿੰਦਿਆਂ ਡੀਆਈਜੀ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏਐਨਟੀਐਫ) ਅਖਿਲ ਚੌਧਰੀ ਨੇ ਆਪਣੀ ਪੇਸ਼ਕਾਰੀ ਵਿੱਚ ਮਾਨਵ ਰਹਿਤ ਹਵਾਈ ਪ੍ਰਣਾਲੀਆਂ ਰਾਹੀਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਰਹੱਦ ਪਾਰੋਂ ਤਸਕਰੀ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਨੇ ਤਿੰਨ ਐਂਟੀ-ਡਰੋਨ ਪ੍ਰਣਾਲੀਆਂ ਕਾਰਜਸ਼ੀਲ ਕੀਤੀਆਂ ਹਨ ਅਤੇ ਇਸ ਦੇ  ਨਾਲ ਹੀ  ਲਗਭਗ 600 ਕਰਮਚਾਰੀਆਂ ਦੀ ਤਾਇਨਾਤੀ ਵਾਲੇ 64 ਸਮਰਪਿਤ ਨਾਕੇ ਵੀ ਲਗਾਏ ਗਏ ਹਨ, ਜਿੱਥੇ ਡਰੋਨ ਨਾਲ ਸਬੰਧਤ ਖਤਰਿਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਦਾ ਜਵਾਬ ਦੇਣ ਲਈ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ।

ਇਸ ਦੌਰਾਨ ਹਰਿਆਣਾ, ਦਿੱਲੀ, ਚੰਡੀਗੜ੍ਹ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਲੱਦਾਖ ਦੇ ਪੁਲਿਸ ਬਲਾਂ ਵੱਲੋਂ ਪੁਲਿਸਿੰਗ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਹੋਰ ਉੱਭਰ ਰਹੀਆਂ ਤਕਨਾਲੋਜੀਆਂ ਦਾ ਲਾਭ ਉਠਾਉਣਾ, ਅੰਤਰ-ਰਾਜੀ ਅੱਤਵਾਦੀ-ਗੈਂਗਸਟਰ-ਅਪਰਾਧੀ ਗਠਜੋੜ ਦੀ ਨਿਗਰਾਨੀ ਕਰਨ – ਅੰਤਰਰਾਜੀ ਤਾਲਮੇਲ, ਨਵੇਂ ਅਪਰਾਧਿਕ ਕਾਨੂੰਨ, ਸਾਈਬਰ ਅਪਰਾਧ ਦਾ ਮੁਕਾਬਲਾ ਕਰਨ, ਸੋਸ਼ਲ ਮੀਡੀਆ ਨਿਗਰਾਨੀ ਆਦਿ ਵਿਸ਼ਿਆਂ ਤੇ ਪੇਸ਼ਕਾਰੀਆਂ ਵੀ ਦਿੱਤੀਆਂ ਗਈਆਂ।

ਜਿਕਰਯੋਗ ਹੈ ਕਿ ਮੀਟਿੰਗ ਏਡੀਜੀਪੀ ਕਾਊਂਟਰ ਇੰਟੈਲੀਜੈਂਸ ਅਮਿਤ ਪ੍ਰਸਾਦ ਵੱਲੋਂ ਦਿੱਤੇ ਗਏ ਰਸਮੀ ਧੰਨਵਾਦ ਮਤੇ ਨਾਲ ਸਮਾਪਤ ਹੋਈ।