Sunday, August 30Malwa News
Shadow

ਧਰਮ ਦੇ ਮਾਰਗ ’ਤੇ ਚੱਲ ਕੇ ਹੀ ਸਮਾਜ ਅਤੇ ਦੇਸ਼ ਦੀ ਤਰੱਕੀ ਨੂੰ ਨਵੀਆਂ ਉਚਾਈਆਂ ਤੱਕ ਲਿਜਾਇਆ ਜਾ ਸਕਦਾ ਹੈ: ਕੁਲਤਾਰ ਸਿੰਘ ਸੰਧਵਾਂ

ਚੰਡੀਗੜ੍ਹ, 30 ਅਗਸਤ: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਾਡੇ ਆਚਰਣ ਵਿੱਚ ਧਰਮ ਨੂੰ ਪ੍ਰਮੁੱਖਤਾ ਦੇਣਾ ਹੀ ਜੀਵਨ ਦੀ ਸਭ ਤੋਂ ਵੱਡੀ ਅਤੇ ਅਹਿਮ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਧਰਮ ਹੀ ਰਾਜਨੀਤੀ ਨੂੰ ਸਹੀ ਦਿਸ਼ਾ ਦਿਖਾਉਂਦਾ ਹੈ ਅਤੇ ਸਮਾਜ ਨੂੰ ਇੱਕਜੁੱਟ ਰੱਖਣ ਲਈ ਧਰਮ ਦੇ ਮੂਲ ਸਿਧਾਂਤਾਂ ਨੂੰ ਆਪਣੇ ਜੀਵਨ ਅਤੇ ਆਚਰਣ ਵਿੱਚ ਅਪਣਾਉਣਾ ਬਹੁਤ ਜ਼ਰੂਰੀ ਹੈ।

ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਐਤਵਾਰ ਸ਼ਾਮ ਸਵਾਮੀ ਸੰਪੂਰਨਾ ਨੰਦ ਬ੍ਰਹਮਚਾਰੀ ਜੀ ਦੀ ਸਰਪ੍ਰਸਤੀ ਹੇਠ ਸ਼੍ਰੀ ਅੰਮ੍ਰਿਤੇਸ਼ਵਰ ਮਹਾਂਦੇਵ ਮੰਦਿਰ, ਸੈਕਟਰ-89, ਮੋਹਾਲੀ ਵਿਖੇ ਸਾਉਣ ਮਹੀਨੇ ਦੇ ਰੁਦਰਾਭਿਸ਼ੇਕ ਅਤੇ ਦਿਵਿਆ ਪੂਜਨ ਦੀ ਸੰਪੂਰਤੀ ਮੌਕੇ ਕਰਵਾਈ ਗਈ ‘ਸਾਡੀ ਸਮਾਜਿਕ ਜ਼ਿੰਮੇਵਾਰੀ’ ਵਿਸ਼ੇ ’ਤੇ ਸੰਗੋਸ਼ਠੀ ਨੂੰ ਸੰਬੋਧਨ ਕਰ ਰਹੇ ਸਨ।

ਸ. ਸੰਧਵਾਂ ਨੇ ਕਿਹਾ ਕਿ ਜਦੋਂ ਸਾਡਾ ਆਚਰਣ ਧਰਮ ਦੀ ਅਗਵਾਈ ਨੂੰ ਸਵੀਕਾਰ ਕਰਦਿਆਂ ਸੱਚਾ, ਸੁੱਚਾ ਅਤੇ ਨੈਤਿਕ ਕਦਰਾਂ-ਕੀਮਤਾਂ ’ਤੇ ਆਧਾਰਿਤ ਹੋਵੇਗਾ ਤਾਂ ਅਸੀਂ ਨਾ ਸਿਰਫ਼ ਆਪਣੇ ਦੇਸ਼ ਨੂੰ ਵਿਸ਼ਵ ਪੱਧਰ ’ਤੇ ਨੰਬਰ ਇੱਕ ਬਣਾਉਣ ਵਿੱਚ ਯੋਗਦਾਨ ਪਾ ਸਕਾਂਗੇ, ਸਗੋਂ ਪੰਜਾਬ ਨੂੰ ਵੀ ਮੁੜ ਤਰੱਕੀ ਅਤੇ ਖੁਸ਼ਹਾਲੀ ਦੀਆਂ ਨਵੀਆਂ ਬੁਲੰਦੀਆਂ ’ਤੇ ਪਹੁੰਚਾ ਸਕਾਂਗੇ।

ਉਨ੍ਹਾਂ ਕਿਹਾ ਕਿ ਸਮਾਜ ਵਿੱਚ ਆਪਸੀ ਭਾਈਚਾਰੇ, ਏਕਤਾ, ਸਦਭਾਵਨਾ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨਾ ਸਾਡੀ ਸਾਂਝੀ ਸਮਾਜਿਕ ਜ਼ਿੰਮੇਵਾਰੀ ਹੈ। ਧਰਮ ਦੇ ਸੱਚ, ਸੇਵਾ, ਇਮਾਨਦਾਰੀ ਅਤੇ ਮਨੁੱਖਤਾ ਦੇ ਸਿਧਾਂਤਾਂ ਨੂੰ ਅਪਣਾ ਕੇ ਹੀ ਇੱਕ ਮਜ਼ਬੂਤ ਅਤੇ ਖੁਸ਼ਹਾਲ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।

ਇਸ ਮੌਕੇ ਮੋਹਾਲੀ ਦੇ ਵਿਧਾਇਕ ਸ. ਕੁਲਵੰਤ ਸਿੰਘ ਅਤੇ ਪੰਜਾਬ ਟੂਰਿਜ਼ਮ ਅਤੇ ਹੈਰੀਟੇਜ ਬੋਰਡ ਦੇ ਸਲਾਹਕਾਰ ਸ੍ਰੀ ਦੀਪਕ ਬਾਲੀ ਵੀ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਦੇ ਨਾਲ ਮੌਜੂਦ ਸਨ।