Monday, August 17Malwa News
Shadow

ਡਾ. ਬਲਜੀਤ ਕੌਰ ਵੱਲੋਂ ਗੁਰਦਾਸਪੁਰ ਦੇ ਘੱਟ ਗਿਣਤੀ ਬਹੁਲ ਖੇਤਰਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 8.33 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਸਮਾਵੇਸ਼ੀ ਵਿਕਾਸ ਲਈ ਵਚਨਬੱਧ

ਚੰਡੀਗੜ੍ਹ, 17 ਅਗਸਤ: ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਐਲਾਨ ਕੀਤਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਘੱਟ ਗਿਣਤੀ ਬਹੁਲ ਖੇਤਰਾਂ ਵਿੱਚ ਅਹਿਮ ਬੁਨਿਆਦੀ ਢਾਂਚਾਗਤ ਪ੍ਰੋਜੈਕਟਾਂ ਨੂੰ ਮੁਕੰਮਲ ਕਰਨ ਲਈ 8.33 ਕਰੋੜ ਰੁਪਏ ਮਨਜ਼ੂਰ ਕਰਕੇ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਉਪਰਾਲੇ ਸੂਬਾ ਸਰਕਾਰ ਵੱਲੋਂ ਜਨਤਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਘੱਟ ਗਿਣਤੀ ਭਾਈਚਾਰਿਆਂ ਦੇ ਵਿਦਿਅਕ, ਸਮਾਜਿਕ ਅਤੇ ਆਰਥਿਕ ਸਸ਼ਕਤੀਕਰਨ ਨੂੰ ਯਕੀਨੀ ਬਣਾਉਣ ਲਈ ਕੀਤੀ ਜਾ ਰਹੀ ਦ੍ਰਿੜ ਵਚਨਬੱਧਤਾ ਦਾ ਪ੍ਰਤੀਕ ਹਨ, ਜਿਸ ਨਾਲ ਸਮਾਵੇਸ਼ੀ  ਵਿਕਾਸ ਨੂੰ ਹੋਰ ਗਤੀ ਮਿਲੇਗੀ।

ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਹ ਰਾਸ਼ੀ ਗੁਰਦਾਸਪੁਰ, ਕਲਾਨੌਰ, ਡੇਰਾ ਬਾਬਾ ਨਾਨਕ ਅਤੇ ਧਾਰੀਵਾਲ ਬਲਾਕਾਂ ਵਿੱਚ 258 ਆਂਗਣਵਾੜੀ ਕੇਂਦਰਾਂ, 4 ਕਮਿਊਨਿਟੀ ਕੰਪਲੈਕਸਾਂ ਅਤੇ 6 ਐਡੀਸ਼ਨਲ ਕਲਾਸ ਰੂਮਾਂ ਦੇ ਨਿਰਮਾਣ ਕਾਰਜ ਮੁਕੰਮਲ ਕਰਨ ਲਈ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਭਾਈਚਾਰਕ ਬੁਨਿਆਦੀ ਢਾਂਚਾ ਹੋਰ ਮਜ਼ਬੂਤ ਹੋਵੇਗਾ, ਲੋਕਾਂ ਨੂੰ ਬਿਹਤਰ ਜਨਤਕ ਸੇਵਾਵਾਂ ਮਿਲਣਗੀਆਂ ਅਤੇ ਬੱਚਿਆਂ, ਮਹਿਲਾਵਾਂ ਅਤੇ ਸਥਾਨਕ ਵਸਨੀਕਾਂ ਲਈ ਸੁਵਿਧਾਵਾਂ ਵਿੱਚ ਵਾਧਾ ਹੋਵੇਗਾ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਮਨਜ਼ੂਰਸ਼ੁਦਾ ਪ੍ਰੋਜੈਕਟਾਂ ਵਿੱਚ ਗੁਰਦਾਸਪੁਰ ਬਲਾਕ ਵਿੱਚ 78 ਆਂਗਣਵਾੜੀ ਕੇਂਦਰਾਂ ਅਤੇ 01 ਕਮਿਉਨਿਟੀ ਕੰਪਲੈਕਸ, ਡੇਰਾ ਬਾਬਾ ਨਾਨਕ ਬਲਾਕ ਵਿੱਚ 57 ਆਂਗਣਵਾੜੀ ਕੇਂਦਰਾਂ, 01 ਕਮਿਉਨਿਟੀ ਕੰਪਲੈਕਸ ਅਤੇ 5 ਐਡੀਸ਼ਨਲ ਕਲਾਸ ਰੂਮ, ਕਲਾਨੌਰ ਬਲਾਕ ਵਿੱਚ 51 ਆਂਗਣਵਾੜੀ ਕੇਂਦਰਾਂ, 01 ਕਮਿਉਨਿਟੀ ਕੰਪਲੈਕਸ ਅਤੇ 01 ਐਡੀਸ਼ਨਲ ਕਲਾਸ ਰੂਮ, ਜਦਕਿ ਧਾਰੀਵਾਲ ਬਲਾਕ ਵਿੱਚ 72 ਆਂਗਣਵਾੜੀ ਕੇਂਦਰਾਂ ਅਤੇ 01 ਕਮਿਉਨਿਟੀ ਕੰਪਲੈਕਸ ਦੇ ਨਿਰਮਾਣ ਕਾਰਜ ਮੁਕੰਮਲ ਕੀਤੇ ਜਾਣਗੇ।

ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਪ੍ਰੋਜੈਕਟ ਸਥਾਈ ਭਾਈਚਾਰਕ ਸੰਪਤੀਆਂ ਸਿਰਜਣ ਦੇ ਨਾਲ-ਨਾਲ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਲਿਆਉਣਗੇ ਅਤੇ ਵਿਕਾਸ ਦੇ ਲਾਭ ਜ਼ਿਲ੍ਹੇ ਦੇ ਹਰ ਕੋਨੇ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਉਣਗੇ।

ਡਾ. ਬਲਜੀਤ ਕੌਰ ਨੇ ਦੁਹਰਾਇਆ ਕਿ ਇਹ ਪ੍ਰੋਜੈਕਟ ਜ਼ਮੀਨੀ ਪੱਧਰ ‘ਤੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਬਾਲ ਸੰਭਾਲ, ਸਿੱਖਿਆ ਅਤੇ ਭਾਈਚਾਰਕ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣਗੇ, ਜਿਸ ਦਾ ਲਾਭ ਸਮਾਜ ਦੇ ਹਰ ਵਰਗ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਆਧੁਨਿਕ ਜਨਤਕ ਬੁਨਿਆਦੀ ਢਾਂਚੇ ਦੇ ਵਿਕਾਸ ਰਾਹੀਂ ਸਮਾਜ ਦੇ ਹਰ ਵਰਗ ਤੱਕ ਵਿਕਾਸ ਦੇ ਲਾਭ ਪਹੁੰਚਾਉਣ ਅਤੇ “ਰੰਗਲਾ ਪੰਜਾਬ” ਦੇ ਸੁਪਨੇ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।