
ਚੰਡੀਗੜ੍ਹ, ਅਗਸਤ 11: ਸੂਬੇ ਵਿੱਚ ਐਗਰੋਫਾਰੈਸਟਰੀ ਰਾਹੀਂ ਰੁੱਖਾਂ ਹੇਠ ਰਕਬਾ ਵਧਾਉਣਾ, ਕੁਦਰਤੀ ਸਰੋਤਾਂ ਦੀ ਸੰਭਾਲ ਕਰਨਾ ਅਤੇ ਜੈਵ ਵਿਭਿੰਨਤਾ ਨੂੰ ਸੁਰੱਖਿਅਤ ਕਰਨ ਦੇ ਨਾਲ-ਨਾਲ ਇਸ ਵਿੱਚ ਵਾਧਾ ਕਰਨਾ ਸੂਬਾ ਸਰਕਾਰ ਦੀਆਂ ਤਰਜੀਹਾਂ ਵਿੱਚ ਸ਼ਾਮਿਲ ਹੈ। ਇਨ੍ਹਾਂ ਉਦੇਸ਼ਾਂ ਨੂੰ ਪੂਰਾ ਕਰਨ ਲਈ ਪੰਜਾਬ ਵਣ ਵਿਭਾਗ ਵੱਲੋਂ ਜਾਪਾਨ ਕੌਮਾਂਤਰੀ ਸਹਿਯੋਗ ਏਜੰਸੀ (‘ਜੀਕਾ’) ਨਾਲ ਸਹਿਯੋਗ ਲਈ ਪਹੁੰਚ ਕੀਤੀ ਗਈ ਹੈ।
‘ਜੀਕਾ’ ਦੀ ਸਹਾਇਤਾ ਨਾਲ ਸੂਬੇ ਵਿੱਚ ਪੰਜਾਬ ਜੈਵ ਵਿਭਿੰਨਤਾ ਤੇ ਕੁਦਰਤੀ ਸਰੋਤ ਸੰਭਾਲ ਪ੍ਰੋਜੈਕਟ ਲਾਗੂ ਕਰਨ ਦੀ ਤਜਵੀਜ਼ ਹੈ, ਇਹ ਜਾਣਕਾਰੀ ਦਿੰਦੇ ਹੋਏ ਇੱਥੇ ਇੱਕ ਮੀਟਿੰਗ ਵਿੱਚ ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਐਗਰੋਫਾਰੈਸਟਰੀ ਨੂੰ ਉਤਸ਼ਾਹਿਤ ਕਰਨਾ, ਕੁਦਰਤੀ ਸਰੋਤਾਂ ਦੀ ਸੰਭਾਲ, ਜੈਵ ਵਿਭਿੰਨਤਾ ਦੀ ਸੁਰੱਖਿਆ, ਧਰਤੀ ਹੇਠ ਪਾਣੀ ਨੂੰ ਬਚਾਉਣਾ, ਸ਼ਿਵਾਲਿਕ ਖੇਤਰ ਵਿੱਚ ਏਕੀਕ੍ਰਿਤ ਵਾਟਰਸ਼ੈਡ ਪ੍ਰਬੰਧਨ ਕਰਨਾ ਹੈ। ਇਸ ਤੋਂ ਬਿਨਾਂ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨਾ ਅਤੇ ਪਰਾਲੀ ਨਾਲ ਹੋ ਰਹੇ ਵਾਯੂ ਪ੍ਰਦੂਸ਼ਣ ਨੂੰ ਰੋਕਣਾ ਅਤੇ ਪੇਂਡੂ ਭਾਈਚਾਰਿਆਂ ਦੀ ਆਮਦਨ ਵਿੱਚ ਵਾਧਾ ਕਰਨਾ ਵੀ ਅਹਿਮ ਪੱਖ ਹਨ।
ਇਸ ਪ੍ਰੋਜੈਕਟ ਦਾ ਇੱਕ ਉਦੇਸ਼ ਈਕੋਟੂਰਿਜ਼ਮ ਨੂੰ ਹੱਲਾਸ਼ੇਰੀ ਦੇਣਾ ਵੀ ਹੈ ਤਾਂ ਜੋ ਸਥਾਨਕ ਆਰਥਿਕਤਾ ਨੂੰ ਹੁਲਾਰਾ ਮਿਲ ਸਕੇ। ਇਸ ਤੋਂ ਇਲਾਵਾ ਜੈਵਿਕ ਵਿਭਿੰਨਤਾ ਦੀ ਸੰਭਾਲ ਅਤੇ ਰਾਜ ਦੇ ਵੈਟਲੈਂਡਜ਼ ਵਿੱਚ ਸੁਧਾਰ ਕਰਨਾ ਵੀ ਇਸ ਪ੍ਰੋਜੈਕਟ ਦਾ ਬੇਹੱਦ ਅਹਿਮ ਹਿੱਸਾ ਹੈ।
ਇਸ ਮੰਤਵ ਲਈ ਵਾਤਾਵਰਨ ਅਤੇ ਵਣਾਂ ਦੀ ਸਾਂਭ ਸੰਭਾਲ ਦੇ ਨਾਲ ਲੋਕਾਂ ਦੀ ਆਮਦਨ ਲਈ ਖੇਤੀਬਾੜੀ ਤੋਂ ਇਲਾਵਾ ਪਸ਼ੂ ਪਾਲਣ ਨੂੰ ਵਿਕਸਿਤ ਕੀਤਾ ਜਾਵੇਗਾ।
ਸ਼੍ਰੀ ਕਟਾਰੂਚੱਕ ਨੇ ਇਹ ਵੀ ਕਿਹਾ ਕਿ ਇਸ ਪ੍ਰੋਜੈਕਟ ਦੀ ਕੁੱਲ ਅਨੁਮਾਨਿਤ ਲਾਗਤ 760.30 ਕਰੋੜ ਰੁਪਏ ਹੈ, ਜਿਸ ਵਿੱਚ 85:15 ਦੇ ਅਨੁਪਾਤ ਅਨੁਸਾਰ ਵਿੱਤੀ ਹਿੱਸੇਦਾਰੀ ਹੈ। ਪ੍ਰੋਜੈਕਟ ਨੂੰ 8 ਸਾਲਾਂ ਦੀ ਮਿਆਦ ਦੌਰਾਨ ਲਾਗੂ ਕਰਨ ਦੀ ਤਜਵੀਜ਼ ਹੈ ਅਤੇ ਇਸ ਨੂੰ ਸੋਸਾਇਟੀ ਮੋਡ ਰਾਹੀਂ ਲਾਗੂ ਕੀਤਾ ਜਾਣਾ ਹੈ।
ਪੰਜਾਬ ਮੰਤਰੀ ਮੰਡਲ ਵੱਲੋਂ ਇਸ ਮਹੱਤਵਪੂਰਨ ਪ੍ਰੋਜੈਕਟ ਨੂੰ ਪਹਿਲਾਂ ਹੀ ਮਨਜ਼ੂਰੀ ਪ੍ਰਦਾਨ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ, ਪ੍ਰੋਜੈਕਟ ਲਈ ਲੋਨ ਐਗਰੀਮੈਂਟ ਉੱਤੇ ‘ਜੀਕਾ’ ਅਤੇ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਅਧੀਨ ਆਉਂਦੇ ਆਰਥਿਕ ਮਾਮਲੇ ਵਿਭਾਗ ਵਿਚਕਾਰ ਦਸਤਖ਼ਤ ਵੀ ਕੀਤੇ ਜਾ ਚੁੱਕੇ ਹਨ।
ਪੰਜਾਬ ਸਰਕਾਰ ਵੱਲੋਂ ਇਸ ਪ੍ਰੋਜੈਕਟ ਦੇ ਪ੍ਰਭਾਵਸ਼ਾਲੀ ਸੰਚਾਲਨ ਅਤੇ ਲਾਗੂਕਰਨ ਲਈ ਪੰਜਾਬ ਜੈਵ ਵਿਭਿੰਨਤਾ ਤੇ ਕੁਦਰਤੀ ਸਰੋਤ ਸੰਭਾਲ ਸੋਸਾਇਟੀ ਦੇ ਗਠਨ ਨੂੰ ਵੀ ਮਨਜ਼ੂਰੀ ਪ੍ਰਦਾਨ ਕੀਤੀ ਜਾ ਚੁੱਕੀ ਹੈ।
ਇਹ ਪ੍ਰੋਜੈਕਟ ਪੰਜਾਬ ਵਿੱਚ ਟਿਕਾਊ ਕੁਦਰਤੀ ਸਰੋਤ ਪ੍ਰਬੰਧਨ, ਵਾਤਾਵਰਨ ਸੰਭਾਲ, ਜੈਵ ਵਿਭਿੰਨਤਾ ਦੀ ਸੁਰੱਖਿਆ ਅਤੇ ਕਿਸਾਨਾਂ ਅਤੇ ਸਥਾਨਕ ਭਾਈਚਾਰਿਆਂ ਦੀ ਆਮਦਨ ਵਿੱਚ ਵਾਧੇ ਵੱਲ ਇੱਕ ਮਹੱਤਵਪੂਰਨ ਕਦਮ ਸਾਬਿਤ ਹੋਵੇਗਾ।
ਇਸ ਮੌਕੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਸਕੱਤਰ ਕਮਲ ਕਿਸ਼ੋਰ ਯਾਦਵ, ਪ੍ਰਮੁੱਖ ਮੁੱਖ ਵਣਪਾਲ (ਜੰਗਲਾਤ ਬਲ ਦੇ ਮੁਖੀ) ਧਰਮਿੰਦਰ ਸ਼ਰਮਾ, ਸੌਰਵ ਗੁਪਤਾ ਪੀਸੀਸੀਐਫ ਚੀਫ ਪ੍ਰੋਜੈਕਟ ਡਾਇਰੈਕਟਰ, ਮੁੱਖ ਜੰਗਲੀ ਜੀਵ ਵਾਰਡਨ ਬਸੰਤਾ ਰਾਜ ਕੁਮਾਰ, ਮੁੱਖ ਵਣਪਾਲ (ਪਲੇਨਜ਼) ਨਿਧੀ ਸ਼੍ਰੀਵਾਸਤਵ, ਮੁੱਖ ਵਣਪਾਲ (ਜੰਗਲੀ ਜੀਵ) ਸਤਿੰਦਰ ਸਾਗਰ ਤੇ ਹੋਰ ਅਧਿਕਾਰੀ ਵੀ ਹਾਜ਼ਿਰ ਸਨ।