
ਰੂਪਨਗਰ, 17 ਜੁਲਾਈ: ਸਿਵਲ ਸਰਜਨ ਰੂਪਨਗਰ ਡਾ. ਰਮਨ ਕੁਮਾਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਹੇਠ “ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ” ਮੁਹਿੰਮ ਤਹਿਤ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਐਪੀਡਿਮੋਲੋਜਿਸਟ ਡਾ. ਵੰਸ਼ਧਾ ਭੱਟਾ ਦੀ ਅਗਵਾਈ ਹੇਠ ਦਸਤਕ ਅਭਿਆਨ ਚਲਾਇਆ ਗਿਆ। ਇਸ ਮੁਹਿੰਮ ਦਾ ਉਦੇਸ਼ ਡੇਂਗੂ ਅਤੇ ਹੋਰ ਮੱਛਰ-ਜਨਿਤ ਬਿਮਾਰੀਆਂ ਦੀ ਰੋਕਥਾਮ ਲਈ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਸਮੇਂ ਸਿਰ ਲਾਰਵਾ ਦੀ ਪਛਾਣ ਕਰਕੇ ਉਸ ਦਾ ਖਾਤਮਾ ਕਰਨਾ ਸੀ।
ਇਸ ਮੁਹਿੰਮ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਬੀ.ਐੱਸ.ਐੱਨ.ਐੱਲ. ਦਫ਼ਤਰ, ਜੀ.ਐੱਸ.ਟੀ. ਦਫ਼ਤਰ, ਫਾਇਰ ਦਫ਼ਤਰ, ਵਣ ਵਿਭਾਗ ਦਫ਼ਤਰ, ਜ਼ਿਲ੍ਹਾ ਪ੍ਰੀਸ਼ਦ ਦਫ਼ਤਰ, ਜ਼ਿਲ੍ਹਾ ਹੋਮਗਾਰਡ ਦਫ਼ਤਰ, ਜਲ ਸਪਲਾਈ ਵਿਭਾਗ, ਜ਼ਿਲ੍ਹਾ ਲਾਇਬ੍ਰੇਰੀ, ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ, ਈ.ਐੱਸ.ਆਈ. ਡਿਸਪੈਂਸਰੀ, ਸਰਕਾਰੀ ਹਸਪਤਾਲ, ਬਵੇਜਾ ਹਸਪਤਾਲ, ਸੁਰਜੀਤ ਹਸਪਤਾਲ, ਪਰਮਾਰ ਹਸਪਤਾਲ, ਚੌਧਰੀ ਹਸਪਤਾਲ, ਗਾਰਡਨ ਕਲੋਨੀ ਸਮੇਤ ਵੱਖ-ਵੱਖ ਇਲਾਕਿਆਂ ਵਿੱਚ ਘਰ-ਘਰ ਜਾ ਕੇ ਸਰਵੇ ਕੀਤਾ ਗਿਆ। ਇਸ ਦੌਰਾਨ ਲੋਕਾਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਸਿਹਤ ਸਿੱਖਿਆ ਦਿੱਤੀ ਗਈ ਅਤੇ ਜਾਗਰੂਕਤਾ ਪੈਂਫਲਟ ਵੀ ਵੰਡੇ ਗਏ।
ਸਿਵਲ ਸਰਜਨ ਡਾ. ਰਮਨ ਕੁਮਾਰ ਗੁਪਤਾ ਨੇ ਦੱਸਿਆ ਕਿ ਮੁਹਿੰਮ ਤਹਿਤ 303 ਘਰਾਂ ਦਾ ਸਰਵੇ ਕੀਤਾ ਗਿਆ ਅਤੇ 939 ਕੰਟੇਨਰਾਂ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ 4 ਵੱਖ-ਵੱਖ ਥਾਵਾਂ ‘ਤੇ 4 ਕੰਟੇਨਰਾਂ ਵਿੱਚ ਡੇਂਗੂ ਮੱਛਰ ਦਾ ਲਾਰਵਾ ਮਿਲਿਆ, ਜਿਸ ਨੂੰ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਲੋੜ ਅਨੁਸਾਰ ਐਂਟੀ-ਲਾਰਵਾ ਗਤੀਵਿਧੀਆਂ ਵੀ ਕਰਵਾਈਆਂ ਗਈਆਂ।
ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਡੇਂਗੂ ਅਤੇ ਹੋਰ ਮੱਛਰ-ਜਨਿਤ ਬਿਮਾਰੀਆਂ ਤੋਂ ਬਚਾਅ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਅਪੀਲ ਕੀਤੀ ਕਿ ਘਰਾਂ ਅਤੇ ਆਲੇ-ਦੁਆਲੇ ਕਿਤੇ ਵੀ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਕੂਲਰ, ਗਮਲੇ, ਟਾਇਰ, ਫਰਿੱਜ ਦੀਆਂ ਟਰੇਆਂ, ਪਾਣੀ ਦੀਆਂ ਟੈਂਕੀਆਂ ਅਤੇ ਹੋਰ ਪਾਣੀ ਵਾਲੇ ਭਾਂਡਿਆਂ ਨੂੰ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਚੰਗੀ ਤਰ੍ਹਾਂ ਸਾਫ਼ ਕਰਕੇ ਸੁੱਕਾਇਆ ਜਾਵੇ। ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖ਼ਾਰ, ਸਰੀਰ ਦਰਦ ਜਾਂ ਡੇਂਗੂ ਦੇ ਹੋਰ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਕੇ ਜਾਂਚ ਅਤੇ ਇਲਾਜ ਕਰਵਾਇਆ ਜਾਵੇ।
ਜ਼ਿਲ੍ਹਾ ਐਪੀਡਿਮੋਲੋਜਿਸਟ ਡਾ. ਵੰਸ਼ਧਾ ਭੱਟਾ ਨੇ ਕਿਹਾ ਕਿ ਦਸਤਕ ਅਭਿਆਨ ਦਾ ਮਕਸਦ ਡੇਂਗੂ ਸਮੇਤ ਮੌਸਮੀ ਅਤੇ ਮੱਛਰ-ਜਨਿਤ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਕਰਨਾ ਅਤੇ ਲੋਕਾਂ ਨੂੰ ਬਚਾਅ ਸਬੰਧੀ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਲਗਾਤਾਰ ਜਾਰੀ ਰਹੇਗੀ ਤਾਂ ਜੋ ਡੇਂਗੂ ਅਤੇ ਹੋਰ ਛੂਤ ਦੀਆਂ ਬਿਮਾਰੀਆਂ ‘ਤੇ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਪਾਇਆ ਜਾ ਸਕੇ।
ਇਸ ਮੌਕੇ ਸਿਹਤ ਸੁਪਰਵਾਈਜ਼ਰ ਲਖਵੀਰ ਸਿੰਘ, ਰਣਜੀਤ ਸਿੰਘ, ਮਲਟੀਪਰਪਜ਼ ਹੈਲਥ ਵਰਕਰ ਰਾਜਿੰਦਰ ਸਿੰਘ, ਹਰਦੀਪ ਸਿੰਘ, ਜਸਵੰਤ ਸਿੰਘ, ਗੁਰਵਿੰਦਰ ਸਿੰਘ, ਸੁਰਿੰਦਰ ਸਿੰਘ, ਤੇਜਿੰਦਰ ਸਿੰਘ, ਸੁਖਜਿੰਦਰ ਸਿੰਘ, ਰਵਿੰਦਰ ਸਿੰਘ, ਕਰਨੈਲ ਸਿੰਘ, ਗਗਨਦੀਪ ਸਿੰਘ, ਆਸ਼ਾ ਵਰਕਰਾਂ, ਏ.ਐੱਨ.ਐੱਮ. ਅਤੇ ਨਰਸਿੰਗ ਵਿਦਿਆਰਥਣਾਂ ਨੇ ਇਸ ਮੁਹਿੰਮ ਵਿੱਚ ਸਰਗਰਮ ਭੂਮਿਕਾ ਨਿਭਾਈ।