Tuesday, June 23Malwa News
Shadow

ਛੋਲੇ-ਕੁਲਚਿਆਂ ਦੀ ਰੇਹੜੀ ਤੋਂ ਟੀਮ ਇੰਡੀਆ ਤੱਕ: ਅਰਜੁਨ ਰਾਜਪੂਤ ਨੇ ਭਾਰਤੀ ਅੰਡਰ-19 ਕ੍ਰਿਕਟ ‘ਚ ਬਣਾਈ ਜਗ੍ਹਾ

ਜਲੰਧਰ: ਜ਼ਿਲ੍ਹੇ ਦੇ ਰਾਮਨਗਰ ਇੰਡਸਟਰੀਅਲ ਏਰੀਆ ਦੀਆਂ ਤੰਗ ਗਲੀਆਂ ਵਿੱਚ ਰਹਿਣ ਵਾਲੇ ਇੱਕ ਸਧਾਰਨ ਪਰਿਵਾਰ ਦੇ ਪੁੱਤਰ ਅਰਜੁਨ ਰਾਜਪੂਤ ਨੇ ਇਸ ਕਹਾਵਤ ਨੂੰ ਸੱਚ ਕਰ ਵਿਖਾਇਆ ਹੈ। ਛੋਲੇ-ਕੁਲਚਿਆਂ ਦੀ ਰੇਹੜੀ ਲਗਾ ਕੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਪਿਤਾ ਦੇ ਪੁੱਤਰ ਅਰਜੁਨ ਦੀ ਚੋਣ ਭਾਰਤੀ ਅੰਡਰ-19 ਕ੍ਰਿਕਟ ਟੀਮ ਵਿੱਚ ਹੋਈ ਹੈ। ਉਸ ਦੀ ਇਸ ਪ੍ਰਾਪਤੀ ਨੇ ਨਾ ਸਿਰਫ਼ ਉਸ ਦੇ ਪਰਿਵਾਰ ਸਗੋਂ ਪੂਰੇ ਜਲੰਧਰ ਅਤੇ ਪੰਜਾਬ ਦਾ ਮਾਣ ਵਧਾਇਆ ਹੈ।

ਅਰਜੁਨ ਰਾਜਪੂਤ ਅਤੇ ਉਸਦੇ ਪਰਿਵਾਰ ਨਾਲ ਗੱਲਬਾਤ 

ਬੀਸੀਸੀਆਈ ਵੱਲੋਂ ਸ਼੍ਰੀਲੰਕਾ ਦੌਰੇ ਲਈ ਐਲਾਨੀ ਗਈ ਭਾਰਤੀ ਅੰਡਰ-19 ਟੀਮ ਵਿੱਚ ਅਰਜੁਨ ਰਾਜਪੂਤ ਨੂੰ ਸ਼ਾਮਲ ਕੀਤਾ ਗਿਆ ਹੈ। ਕ੍ਰਿਕਟ ਮੈਦਾਨ ‘ਤੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਉਸ ਨੇ ਚੋਣਕਾਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਕੂਚ ਬਿਹਾਰ ਟਰਾਫੀ ਵਿੱਚ ਕੇਰਲ ਖ਼ਿਲਾਫ਼ ਖੇਡੀ ਗਈ 200 ਦੌੜਾਂ ਦੀ ਸ਼ਾਨਦਾਰ ਪਾਰੀ ਅਤੇ ਸੌਰਾਸ਼ਟਰ ਖ਼ਿਲਾਫ਼ 121 ਦੌੜਾਂ ਦੀ ਸੈਂਚਰੀ ਉਸ ਦੇ ਕ੍ਰਿਕਟ ਕਰੀਅਰ ਦੀਆਂ ਮਹੱਤਵਪੂਰਨ ਉਪਲਬਧੀਆਂ ਵਿੱਚ ਸ਼ਾਮਲ ਹਨ। ਅਰਜੁਨ ਨੇ ਅੰਡਰ-14 ਅਤੇ ਅੰਡਰ-16 ਪੱਧਰ ‘ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਸਾਲਾਂ ਦੀ ਕੜੀ ਮਿਹਨਤ ਅਤੇ ਸਮਰਪਣ ਦਾ ਹੀ ਨਤੀਜਾ ਹੈ ਕਿ ਅੱਜ ਉਸ ਨੂੰ ਦੇਸ਼ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਹੈ।

ਪਰਿਵਾਰ ਦੇ ਸੰਘਰਸ਼ ਨੂੰ ਮਿਲੀ ਵੱਡੀ ਪਛਾਣ

ਅਰਜੁਨ ਦੀ ਚੋਣ ਤੋਂ ਬਾਅਦ ਉਸ ਦੇ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ। ਪਰਿਵਾਰਕ ਮੈਂਬਰਾਂ ਲਈ ਇਹ ਕਿਸੇ ਸੁਫ਼ਨੇ ਦੇ ਸੱਚ ਹੋਣ ਵਰਗਾ ਹੈ। ਗੱਲਬਾਤ ਦੌਰਾਨ ਅਰਜੁਨ ਦੇ ਮਾਤਾ-ਪਿਤਾ ਨੇ ਦੱਸਿਆ ਕਿ ਬਚਪਨ ਤੋਂ ਹੀ ਉਸ ਨੂੰ ਕ੍ਰਿਕਟ ਖੇਡਣ ਦਾ ਬਹੁਤ ਸ਼ੌਕ ਸੀ। ਸਕੂਲ ਤੋਂ ਵਾਪਸ ਆਉਣ ਤੋਂ ਬਾਅਦ ਉਹ ਆਪਣਾ ਵੱਧਤਰ ਸਮਾਂ ਮੈਦਾਨ ਵਿੱਚ ਹੀ ਬਿਤਾਉਂਦਾ ਸੀ।

ਅਰਜੁਨ ਰਾਜਪੂਤ ਵੱਲੋਂ ਜਿੱਤੀਆਂ ਗਈਆਂ ਟਰਾਫੀਆਂ (Etv Bharat)

“ਵੱਡੇ ਭਰਾ ਨੂੰ ਕ੍ਰਿਕੇਟ ਖੇਡਦੇ ਦੇਖ ਕੇ ਪੈਦਾ ਹੋਇਆ ਸ਼ੌਂਕ”

ਅਰਜੁਨ ਨੇ ਦੱਸਿਆ ਕਿ “ਮੈਂ 6-7 ਸਾਲ ਦੀ ਉਮਰ ਵਿੱਚ ਹੀ ਖੇਡਣਾ ਸ਼ੁਰੂ ਕਰ ਦਿੱਤਾ ਸੀ, ਅਤੇ ਪਹਿਲਾ ਗਰਾਉਂਡ ਹਰਭਜਨ ਸਿੰਘ ਅਕੈਡਮੀ ਦਾ ਸੀ ਜਿੱਥੋਂ ਕ੍ਰਿਕੇਟ ਖੇਡਣ ਦੀ ਸ਼ੁਰੂਆਤ ਕੀਤੀ। ਪਹਿਲਾਂ ਮੇਰਾ ਵੱਡਾ ਭਰਾ ਕ੍ਰਿਕੇਟ ਖੇਡਦਾ ਸੀ, ਉਨ੍ਹਾਂ ਨੂੰ ਦੇਖ ਕੇ ਮੇਰੇ ਦਿਲ ਵਿੱਚ ਕ੍ਰਿਕੇਟ ਲਈ ਸ਼ੌਂਕ ਪੈਦਾ ਹੋਇਆ, ਜਿਸ ਤੋਂ ਬਾਅਦ ਮੇਰੀ ਕ੍ਰਿਕੇਟ ਜਰਨੀ ਸ਼ੁਰੂ ਹੋਈ। ਮੇਰਾ ਪੜਾਈ ਨਾਲੋਂ ਜਿਆਦਾ ਧਿਆਨ ਕ੍ਰਿਕੇਟ ਵੱਲ ਰਹਿੰਦਾ ਸੀ, ਪਰ ਜਿਵੇਂ ਹੀ ਪੇਪਰ ਨਜਦੀਕ ਆਉਂਦੇ ਸੀ ਤਾਂ ਮੇਰੀ ਭੈਣ ਮੈਨੂੰ ਪੜਾਉਂਦੀ ਸੀ ਤਾਂ ਇੱਦਾਂ ਹੀ ਨਾਲ-ਨਾਲ ਪੜਾਈ ਵੀ ਚੱਲਦੀ ਰਹੀ। ਹੁਣ ਵੀ ਮੈਂ ਰੋਜ਼ਾਨਾ ਚਾਰ-ਪੰਜ ਘੰਟੇ ਗਰਾਉਂਡ ਵਿੱਚ ਕ੍ਰਿਕੇਟ ਦੀ ਪ੍ਰੈਕਟਿਸ ਕਰਦਾ ਹਾਂ। ਮੇਰੇ ਪਾਪਾ ਛੋਲੇ ਭਟੂਰਿਆਂ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਨੂੰ ਦੇਖ ਕੇ ਮੇਰੇ ਦਿਲ ਵਿੱਚ ਆਉਂਦੀ ਸੀ ਕਿ ਅਸੀਂ ਅਜਿਹਾ ਕੁਝ ਕਰੀਏ ਕਿ ਪਾਪਾ ਨੂੰ ਸਹਾਰਾ ਲੱਗ ਸਕੇ, ਬੱਸ ਹੁਣ ਉਹੀ ਕੋਸ਼ਿਸ਼ ਵਿੱਚ ਲੱਗੇ ਹੋਏ ਹਾਂ। ਸਾਡੇ ਪਰਿਵਾਰ ਵਿੱਚ ਮੈਂ ਮੇੇਰੇ ਮੰਮੀ ਪਾਪਾ ਅਤੇ ਅਸੀਂ 5 ਭੈਣ ਭਰਾ ਹਾਂ, ਜਿੰਨ੍ਹਾਂ ਵਿੱਚ ਮੈਂ ਸਭ ਤੋਂ ਛੋਟਾ ਹਾਂ।”

“ਮੈਨੂੰ ਯੁਵਰਾਜ ਸਰ ਨੂੰ ਦੇਖਣ ਵਿੱਚ ਬਹੁਤ ਮਜ਼ਾ ਆਉਂਦਾ ਹੈ, ਮੈਨੂੰ ਉਨ੍ਹਾਂ ਦੀ ਬੈਟਿੰਗ ਬਹੁਤ ਪਸੰਦ ਹੈ। ਉਨ੍ਹਾਂ ਨੂੰ ਦੇਖ ਕੇ ਮੇਰੇ ਦਿਲ ਵਿੱਚ ਆਉਂਦੀ ਸੀ ਕਿ ਮੈਂ ਉਨ੍ਹਾਂ ਦੀ ਤਰ੍ਹਾਂ ਹੀ ਬੈਟਿੰਗ ਕਰਾਂ। ਮੈਨੂੰ ਉਨ੍ਹਾਂ ਦੇ ਖੇਡਣ ਦਾ ਸਟਾਇਲ ਬਹੁਤ ਜਿਆਦਾ ਪਸੰਦ ਹੈ, ਜਿਸ ਕਰਕੇ ਮੈਂ ਖੁਦ ਵੀ ਉਨ੍ਹਾਂ ਵਾਂਗੂ ਖੇਡਣ ਦੀ ਕੋਸ਼ਿਸ਼ ਕਰਦਾ ਹਾਂ। ਬਚਪਨ ਵਿੱਚ ਮੈਂ ਹਰਭਜਨ ਸਰ ਨੂੰ ਮਿਲਿਆ ਸੀ ਪਰ ਉਸ ਸਮੇਂ ਬਹੁਤ ਛੋਟਾ ਸੀ ਜਿਸ ਕਰਕੇ ਮੈਨੂੰ ਜਿਆਦਾ ਯਾਦ ਨਹੀਂ ਹੈ।” – ਅਰਜੁਨ ਰਾਜਪੂਤ

ਭੈਣ ਬੋਲੀ—ਇਹ ਸਾਡੇ ਪਰਿਵਾਰ ਦਾ ਸਭ ਤੋਂ ਵੱਡਾ ਸੁਫ਼ਨਾ ਸੀ

ਅਰਜੁਨ ਦੀ ਭੈਣ, ਜੋ ਖੁਦ ਇੱਕ ਬੈਡਮਿੰਟਨ ਖਿਡਾਰਨ ਹੈ, ਆਪਣੇ ਭਰਾ ਦੀ ਇਸ ਸਫਲਤਾ ਤੋਂ ਬੇਹੱਦ ਖੁਸ਼ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਇੱਕ ਸਧਾਰਨ ਮੱਧਵਰਗੀ ਪਰਿਵਾਰ ਹੈ ਅਤੇ ਉਨ੍ਹਾਂ ਦੇ ਪਿਤਾ ਦਿਨ-ਰਾਤ ਮਿਹਨਤ ਕਰਕੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਨ। ਅਰਜੁਨ ਕ੍ਰਿਕਟ ਪ੍ਰਤੀ ਇੰਨਾ ਸਮਰਪਿਤ ਸੀ ਕਿ ਉਹ ਆਪਣੇ ਆਰਾਮ ਅਤੇ ਹੋਰ ਚੀਜ਼ਾਂ ਨਾਲੋਂ ਆਪਣੇ ਖੇਡ ਨੂੰ ਵਧੇਰੇ ਤਰਜੀਹ ਦਿੰਦਾ ਸੀ। ਪਰਿਵਾਰ ਨੇ ਉਸਦੀ ਮਿਹਨਤ ਨੂੰ ਨੇੜੇ ਤੋਂ ਦੇਖਿਆ ਅਤੇ ਹਮੇਸ਼ਾ ਉਸਦਾ ਹੌਸਲਾ ਵਧਾਇਆ। ਭੈਣ ਨੇ ਭਾਵੁਕ ਹੁੰਦਿਆਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਅਰਜੁਨ ਦੇ ਭਾਰਤੀ ਅੰਡਰ-19 ਟੀਮ ਵਿੱਚ ਚੁਣੇ ਜਾਣ ਦੀ ਖ਼ਬਰ ਮਿਲੀ ਤਾਂ ਕੁਝ ਸਮੇਂ ਲਈ ਉਨ੍ਹਾਂ ਨੂੰ ਇਸ ‘ਤੇ ਯਕੀਨ ਹੀ ਨਹੀਂ ਹੋਇਆ। ਇਹ ਪਲ ਉਨ੍ਹਾਂ ਦੇ ਪੂਰੇ ਪਰਿਵਾਰ ਲਈ ਜ਼ਿੰਦਗੀ ਦੀਆਂ ਸਭ ਤੋਂ ਵੱਡੀਆਂ ਖੁਸ਼ੀਆਂ ਵਿੱਚੋਂ ਇੱਕ ਸੀ।

ਅਰਜੁਨ ਵੱਲੋਂ ਜਿੱਤੀਆਂ ਗਈਆਂ ਟਰਾਫੀਆਂ (Etv Bharat)

“ਰੱਬ ਮੇਰੇ ਭਰਾ ਤੇ ਮਿਹਰ ਬਣਾਏ ਰੱਖੇ ਉਹ ਹਮੇਸ਼ਾ ਖੁਸ਼ ਰਹੇ, ਇੱਕ ਦਿਨ ਅਜਿਹਾ ਆਵੇ ਕਿ ਪੂਰਾ ਇੰਡੀਆ ਮੇਰੇ ਭਰਾ ਤੇ ਮਾਣ ਮਹਿਸੂਸ ਕਰੇ ਅਤੇ ਪੂਰਾ ਇੰਡੀਆ ਕਹੇ ਕਿ ਆਪਣਾ ਬੱਚਾ। ਅਸੀਂ ਦੱਸ ਨਹੀਂ ਸਕਦੇ ਕਿ ਸਾਨੂੰ ਆਪਣੇ ਭਰਾ ਤੇ ਕਿੰਨਾ ਮਾਣ ਮਹਿਸੂਸ ਹੋ ਰਿਹਾ ਹੈ।”– ਅਰਜੁਨ ਦੀ ਭੈਣ

ਸ਼ੁਰੂਆਤ ਵਿੱਚ ਪਰਿਵਾਰ ਚਾਹੁੰਦੀ ਸੀ ਕਿ ਅਰਜੁਨ ਪੜ੍ਹਾਈ ਵੱਲ ਧਿਆਨ ਦੇਵੇ

ਅਰਜੁਨ ਦੇ ਪਿਤਾ ਹੋਤੀ ਰਾਮ ਅਤੇ ਮਾਤਾ ਨੰਨੀ ਦੇਵੀ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਆਪਣੇ ਪੁੱਤਰ ਦੇ ਭਵਿੱਖ ਦੀ ਚਿੰਤਾ ਰਹਿੰਦੀ ਸੀ ਅਤੇ ਉਹ ਚਾਹੁੰਦੇ ਸਨ ਕਿ ਉਹ ਪੜ੍ਹਾਈ ਵੱਲ ਵਧੇਰੇ ਧਿਆਨ ਦੇਵੇ। ਪਰ ਸਮੇਂ ਦੇ ਨਾਲ ਉਨ੍ਹਾਂ ਨੇ ਅਰਜੁਨ ਦਾ ਜਜ਼ਬਾ ਅਤੇ ਸਮਰਪਣ ਦੇਖਿਆ। ਇਸ ਤੋਂ ਬਾਅਦ ਪਰਿਵਾਰ ਨੇ ਉਸ ਦਾ ਹਰ ਸੰਭਵ ਸਹਿਯੋਗ ਕੀਤਾ ਅਤੇ ਕ੍ਰਿਕਟ ਵਿੱਚ ਅੱਗੇ ਵਧਣ ਲਈ ਪੂਰਾ ਸਾਥ ਦਿੱਤਾ।

ਉਨ੍ਹਾਂ ਦੱਸਿਆ ਕਿ ਅਰਜੁਨ ਨੇ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਦੀ ਕ੍ਰਿਕਟ ਅਕੈਡਮੀ ਵਿੱਚ ਸਿਖਲਾਈ ਹਾਸਲ ਕੀਤੀ, ਜਿੱਥੇ ਉਸ ਦੀ ਪ੍ਰਤਿਭਾ ਨੂੰ ਨਿਖਰਨ ਦਾ ਮੌਕਾ ਮਿਲਿਆ। ਅੱਜ ਆਪਣੇ ਪੁੱਤਰ ਨੂੰ ਭਾਰਤੀ ਟੀਮ ਵਿੱਚ ਚੁਣਿਆ ਗਿਆ ਦੇਖ ਕੇ ਪੂਰਾ ਪਰਿਵਾਰ ਭਾਵੁਕ ਅਤੇ ਮਾਣ ਮਹਿਸੂਸ ਕਰ ਰਿਹਾ ਹੈ।

ਪੰਜਾਬ ਦੇ ਚਾਰ ਖਿਡਾਰੀਆਂ ਨੂੰ ਮਿਲਿਆ ਮੌਕਾ

ਭਾਰਤੀ ਅੰਡਰ-19 ਟੀਮ ਵਿੱਚ ਇਸ ਵਾਰ ਪੰਜਾਬ ਦੇ ਚਾਰ ਖਿਡਾਰੀਆਂ ਨੂੰ ਜਗ੍ਹਾ ਮਿਲੀ ਹੈ। ਇਨ੍ਹਾਂ ਵਿੱਚ ਸਾਗਰ ਵਿਰਕ (ਪਟਿਆਲਾ), ਅਰਜੁਨ ਰਾਜਪੂਤ (ਜਲੰਧਰ), ਅਨਮੋਲਜੀਤ ਸਿੰਘ (ਲੁਧਿਆਣਾ) ਅਤੇ ਈਸ਼ਾਨ ਸੂਦ (ਰੋਪੜ) ਸ਼ਾਮਲ ਹਨ। ਚਾਰ ਖਿਡਾਰੀਆਂ ਦੀ ਚੋਣ ਪੰਜਾਬ ਕ੍ਰਿਕਟ ਦੀ ਮਜ਼ਬੂਤ ਪ੍ਰਤਿਭਾ ਅਤੇ ਬਿਹਤਰ ਕ੍ਰਿਕਟ ਢਾਂਚੇ ਨੂੰ ਵੀ ਦਰਸਾਉਂਦੀ ਹੈ।

ਨੌਜਵਾਨਾਂ ਲਈ ਪ੍ਰੇਰਣਾ ਬਣੇ ਅਰਜੁਨ

ਅਰਜੁਨ ਰਾਜਪੂਤ ਦੀ ਸਫਲਤਾ ਉਨ੍ਹਾਂ ਨੌਜਵਾਨਾਂ ਲਈ ਪ੍ਰੇਰਣਾ ਹੈ ਜੋ ਸੀਮਤ ਸਾਧਨਾਂ ਦੇ ਬਾਵਜੂਦ ਵੱਡੇ ਸੁਪਨੇ ਦੇਖਦੇ ਹਨ। ਇੱਕ ਸਧਾਰਨ ਪਰਿਵਾਰ ਤੋਂ ਨਿਕਲ ਕੇ ਭਾਰਤੀ ਅੰਡਰ-19 ਟੀਮ ਤੱਕ ਪਹੁੰਚਣਾ ਇਸ ਗੱਲ ਦਾ ਸਬੂਤ ਹੈ ਕਿ ਜੇਕਰ ਟੀਚਾ ਸਪੱਸ਼ਟ ਹੋਵੇ ਅਤੇ ਮਿਹਨਤ ਸੱਚੀ ਹੋਵੇ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਹੁੰਦੀ। ਹੁਣ ਸ਼੍ਰੀਲੰਕਾ ਦੌਰੇ ‘ਤੇ ਸਭ ਦੀਆਂ ਨਜ਼ਰਾਂ ਅਰਜੁਨ ਦੇ ਪ੍ਰਦਰਸ਼ਨ ‘ਤੇ ਹੋਣਗੀਆਂ। ਪਰਿਵਾਰ, ਕੋਚ ਅਤੇ ਸ਼ਹਿਰ ਵਾਸੀਆਂ ਨੂੰ ਉਮੀਦ ਹੈ ਕਿ ਇਹ ਨੌਜਵਾਨ ਖਿਡਾਰੀ ਆਉਣ ਵਾਲੇ ਸਾਲਾਂ ਵਿੱਚ ਭਾਰਤੀ ਸੀਨੀਅਰ ਟੀਮ ਤੱਕ ਦਾ ਸਫ਼ਰ ਵੀ ਤੈਅ ਕਰੇਗਾ ਅਤੇ ਦੇਸ਼ ਲਈ ਵੱਡੇ ਮੰਚਾਂ ‘ਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਏਗਾ।

ਅਰਜੁਨ ਦੇ ਗੁਰੂ ਵਿਕਰਮ ਨਾਲ ਗੱਲਬਾਤ

ਅਰਜੁਨ ਦੇ ਕੋਚ ਵਿਕਰਮ ਨੇ ਭਾਵੁਕ ਹੋ ਕੇ ਆਪਣੇ ਸ਼ਾਗਿਰਦ ਅਰਜੁਨ ਬਾਰੇ ਦੱਸਿਆ ਕਿ “ਉਹ ਬਹੁਤ ਹੀ ਸਧਾਰਨ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰ ਨਾਲ ਸਬੰਧਿਤ ਹੈ। ਉਸਦੇ ਮਾਤਾ-ਪਿਤਾ ਦੀ ਮਾਲੀ ਹਾਲਤ ਚੰਗੀ ਨਹੀਂ ਸੀ, ਪਰ ਉਨ੍ਹਾਂ ਨੇ ਕਦੇ ਵੀ ਆਪਣੇ ਪੁੱਤਰ ਦਾ ਹੌਸਲਾ ਨਹੀਂ ਟੁੱਟਣ ਦਿੱਤਾ। ਅਰਜੁਨ ਬਚਪਨ ਤੋਂ ਹੀ ਬਹੁਤ ਮਿਹਨਤੀ, ਸਮਝਦਾਰ ਅਤੇ ਅਨੁਸ਼ਾਸਿਤ ਰਿਹਾ ਹੈ। ਜਿਸ ਉਮਰ ਵਿੱਚ ਜ਼ਿਆਦਾਤਰ ਬੱਚੇ ਖੇਡਾਂ ਅਤੇ ਆਪਣੇ ਸ਼ੌਕਾਂ ਵਿੱਚ ਰੁੱਝੇ ਰਹਿੰਦੇ ਹਨ, ਉਸ ਉਮਰ ਵਿੱਚ ਅਰਜੁਨ ਨੇ ਕ੍ਰਿਕਟ ਨੂੰ ਆਪਣਾ ਟੀਚਾ ਬਣਾ ਲਿਆ ਸੀ ਅਤੇ ਉਸੇ ਦਿਸ਼ਾ ਵਿੱਚ ਲਗਾਤਾਰ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਸੀ। ਜਦੋਂ ਅਰਜੁਨ ਉਨ੍ਹਾਂ ਨੂੰ ਮਿਲਿਆ, ਤਦ ਉਹ ਪਹਿਲਾਂ ਹੀ ਹਰਭਜਨ ਕ੍ਰਿਕਟ ਅਕੈਡਮੀ ਨਾਲ ਜੁੜਿਆ ਹੋਇਆ ਸੀ। ਅਰਜੁਨ ਦੀਆਂ ਪਰਿਸਥਿਤੀਆਂ ਨੂੰ ਸਮਝਣ ਤੋਂ ਬਾਅਦ ਵੀ ਉਨ੍ਹਾਂ ਨੇ ਦੇਖਿਆ ਕਿ ਉਹ ਹਰ ਮੁਸ਼ਕਿਲ ਦੇ ਬਾਵਜੂਦ ਆਪਣੇ ਕ੍ਰਿਕਟ ਹੁਨਰ ਨੂੰ ਨਿਖਾਰਨ ਵਿੱਚ ਪੂਰੀ ਲਗਨ ਨਾਲ ਜੁਟਿਆ ਹੋਇਆ ਹੈ। ਜਦੋਂ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਨੇ ਅਰਜੁਨ ਦੀ ਪ੍ਰਤਿਭਾ ਨੂੰ ਪਰਖਿਆ ਤਾਂ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਇਸ ਬੱਚੇ ਨੂੰ ਸਹੀ ਮੌਕਾ ਮਿਲਣਾ ਚਾਹੀਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਅਰਜੁਨ ਨੂੰ ਅੱਗੇ ਵਧਾਉਣ ਲਈ ਹਰ ਸੰਭਵ ਯਤਨ ਕੀਤਾ।”

ਵਿਕਰਮ ਨੇ ਦੱਸਿਆ ਕਿ ਸਿਰਫ਼ ਸਿਖਲਾਈ ਹੀ ਕਾਫ਼ੀ ਨਹੀਂ ਹੁੰਦੀ। ਇੱਕ ਖਿਡਾਰੀ ਨੂੰ ਚੰਗੀ ਖੁਰਾਕ, ਖੇਡ ਸਮੱਗਰੀ, ਵਧੀਆ ਸਿੱਖਿਆ ਅਤੇ ਅਨੁਕੂਲ ਮਾਹੌਲ ਦੀ ਵੀ ਲੋੜ ਹੁੰਦੀ ਹੈ। ਅਰਜੁਨ ਦੇ ਮਾਤਾ-ਪਿਤਾ ਦਾ ਆਸ਼ੀਰਵਾਦ ਅਤੇ ਸਹਿਯੋਗ ਤਾਂ ਉਸ ਦੇ ਨਾਲ ਸੀ ਹੀ, ਪਰ ਉਸ ਦੀਆਂ ਲੋੜਾਂ ਪੂਰੀਆਂ ਕਰਨ ਲਈ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਨੇ ਮਿਲ ਕੇ ਉਸਨੂੰ ਇੱਕ ਚੰਗੇ ਸਕੂਲ ਵਿੱਚ ਦਾਖਲਾ ਵੀ ਦਿਵਾਇਆ ਅਤੇ ਹਰ ਸੰਭਵ ਸਹਿਯੋਗ ਦਿੱਤਾ।

“ਉਸ ਨੂੰ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਪਰ ਉਸ ਨੇ ਕਦੇ ਹਾਰ ਨਹੀਂ ਮੰਨੀ”

ਹੌਲੀ-ਹੌਲੀ ਅਰਜੁਨ ਦੀ ਮਿਹਨਤ ਅਤੇ ਸਮਰਪਣ ਰੰਗ ਲਿਆਉਣ ਲੱਗੀ। ਉਸ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਕਈ ਤਮਗੇ ਜਿੱਤੇ ਅਤੇ ਲਗਾਤਾਰ ਅੱਗੇ ਵਧਦਿਆਂ ਰਾਜ ਪੱਧਰ ਤੱਕ ਦਾ ਸਫ਼ਰ ਤੈਅ ਕੀਤਾ। ਹਾਲਾਂਕਿ ਇਸ ਮੁਕਾਮ ਤੱਕ ਪਹੁੰਚਣ ਲਈ ਉਸ ਨੂੰ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਪਰ ਉਸ ਨੇ ਕਦੇ ਹਾਰ ਨਹੀਂ ਮੰਨੀ। ਵਿਕਰਮ ਦਾ ਕਹਿਣਾ ਹੈ ਕਿ ਅਰਜੁਨ ਦੀ ਸਫਲਤਾ ਦੇ ਪਿੱਛੇ ਕਈ ਲੋਕਾਂ ਦੀ ਮਿਹਨਤ ਅਤੇ ਯੋਗਦਾਨ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਅਰਜੁਨ ਨੂੰ ਹਮੇਸ਼ਾ ਆਪਣੇ ਪੁੱਤਰ ਵਾਂਗ ਸਿਖਲਾਈ ਦਿੱਤੀ। ਉਸ ਦੀ ਪੂਰੀ ਯਾਤਰਾ ਦੌਰਾਨ ਉਨ੍ਹਾਂ ਨੇ ਲੋੜ ਪੈਣ ‘ਤੇ ਸਖ਼ਤੀ ਵੀ ਕੀਤੀ ਅਤੇ ਪਿਆਰ ਵੀ ਦਿੱਤਾ, ਪਰ ਅਰਜੁਨ ਨੇ ਕਦੇ ਉਨ੍ਹਾਂ ਨੂੰ ਨਿਰਾਸ਼ ਨਹੀਂ ਕੀਤਾ।

“ਅੱਜ ਅਰਜੁਨ ਨੂੰ ਇਸ ਮੁਕਾਮ ‘ਤੇ ਦੇਖ ਕੇ ਮੈਨੂੰ ਬੇਹੱਦ ਖੁਸ਼ੀ ਅਤੇ ਮਾਣ ਮਹਿਸੂਸ ਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਸਾਡੀ ਸਾਰਿਆਂ ਦੀ ਮਿਹਨਤ ਅੱਜ ਰੰਗ ਲਿਆਈ ਹੈ।” ਵਿਕਰਮ, ਅਰਜੁਨ ਦੇ ਕੋਚ

ਵਿਕਰਮ ਦਾ ਮੰਨਣਾ ਹੈ ਕਿ ਜੇਕਰ ਕਿਸੇ ਇਨਸਾਨ ਦੇ ਅੰਦਰ ਮਿਹਨਤ, ਲਗਨ ਅਤੇ ਆਪਣੇ ਟੀਚੇ ਪ੍ਰਤੀ ਸਮਰਪਣ ਹੋਵੇ ਤਾਂ ਦੁਨੀਆਂ ਦੀ ਕੋਈ ਵੀ ਤਾਕਤ ਉਸ ਨੂੰ ਕਾਮਯਾਬ ਹੋਣ ਤੋਂ ਨਹੀਂ ਰੋਕ ਸਕਦੀ। ਇਹੀ ਜਜ਼ਬਾ ਅਤੇ ਜਨੂੰਨ ਅਰਜੁਨ ਦੇ ਅੰਦਰ ਮੌਜੂਦ ਹੈ। ਉਨ੍ਹਾਂ ਅੰਤ ਵਿੱਚ ਕਿਹਾ, “ਮੇਰਾ ਆਸ਼ੀਰਵਾਦ ਅਤੇ ਸਹਿਯੋਗ ਹਮੇਸ਼ਾ ਅਰਜੁਨ ਦੇ ਨਾਲ ਰਹੇਗਾ, ਭਾਵੇਂ ਉਹ ਜ਼ਿੰਦਗੀ ਵਿੱਚ ਕਿੰਨੀਆਂ ਵੀ ਉੱਚਾਈਆਂ ਕਿਉਂ ਨਾ ਛੂਹ ਲਵੇ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਇਸੇ ਤਰ੍ਹਾਂ ਮਿਹਨਤ ਅਤੇ ਸਮਰਪਣ ਨਾਲ ਅੱਗੇ ਵਧਦਾ ਰਹੇ, ਸਫਲਤਾ ਦੀਆਂ ਨਵੀਆਂ ਉੱਚਾਈਆਂ ਨੂੰ ਛੂਹੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰੇ।