Monday, June 22Malwa News
Shadow

ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ‘ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਪ੍ਰੋਗਰਾਮਾਂ ਵਿੱਚ ਸ਼ਰਧਾਲੂਆਂ ਨਾਲ ਹੋਣਗੇ ਸ਼ਾਮਲ

ਚੰਡੀਗੜ੍ਹ, 22 ਜੂਨ- ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਸੋਮਵਾਰ ਨੂੰ ਅਧਿਆਤਮਿਕ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਦੇ ਅਮੀਰ ਧਾਰਮਿਕ ਤੇ ਸੱਭਿਆਚਾਰਕ ਵਿਰਸੇ ਨੂੰ ਸ਼ਰਧਾ ਨਾਲ ਮਨਾਉਣ ਲਈ ਅੰਮ੍ਰਿਤਸਰ, ਗੁਰਦਾਸਪੁਰ ਅਤੇ ਬਟਾਲਾ ਵਿੱਚ ‘ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਸਿਰਲੇਖ ਹੇਠ ਤਿੰਨ ਸ਼ਾਨਦਾਰ ਧਾਰਮਿਕ ਸਮਾਗਮਾਂ ਦੇ ਆਯੋਜਨ ਦਾ ਐਲਾਨ ਕੀਤਾ।

ਸਨਾਤਨ ਸੇਵਾ ਸਮਿਤੀ ਦੇ ਰਾਸ਼ਟਰੀ ਪ੍ਰਧਾਨ ਵਿਜੇ ਕੁਮਾਰ ਸ਼ਰਮਾ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਾਲੀ ਨੇ ਕਿਹਾ ਕਿ ਮਨੁੱਖੀ ਜੀਵਨ ਅਤੇ ਸਮਾਜ ਨੂੰ ਘੜਨ ਵਿੱਚ ਧਰਮ ਅਤੇ ਅਧਿਆਤਮਿਕਤਾ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵੇਦਾਂ, ਰਾਮਾਇਣ, ਉਪਨਿਸ਼ਦਾਂ, ਮਹਾਭਾਰਤ, ਪੁਰਾਣਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੀ ਇੱਕ ਪਵਿੱਤਰ ਧਰਤੀ ਹੈ ਅਤੇ ਇਸ ਅਮੀਰ ਵਿਰਸੇ ਨੂੰ ਸੰਭਾਲਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਮੌਜੂਦਾ ਪੀੜ੍ਹੀ ਦੀ ਜ਼ਿੰਮੇਵਾਰੀ ਹੈ।

ਬਾਲੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਾਰੇ ਭਾਈਚਾਰਿਆਂ ਦੀਆਂ ਧਾਰਮਿਕ ਅਤੇ ਸੱਭਿਆਚਾਰਕ ਪਰੰਪਰਾਵਾਂ ਨੂੰ ਉਤਸ਼ਾਹਿਤ ਕਰਨ ਅਤੇ ਮਨਾਉਣ ਲਈ ਸੁਹਿਰਦ ਯਤਨ ਕਰ ਰਹੀ ਹੈ। ਉਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸਫ਼ਲ ਰਾਜ ਪੱਧਰੀ ਸਮਾਗਮਾਂ ਅਤੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੱਲ ਰਹੇ ਸਮਾਗਮਾਂ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ।

ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੇ ਸਨਾਤਨ ਪਰੰਪਰਾਵਾਂ ਦੇ ਪ੍ਰਚਾਰ ਲਈ ਵੀ ਕਈ ਪਹਿਲਕਦਮੀਆਂ ਕੀਤੀਆਂ ਹਨ। ਪਹਿਲੀ ਵਾਰ ਪੰਜਾਬ ਸਰਕਾਰ ਵੱਲੋਂ ਹਿੰਦੂ ਨਵੇਂ ਸਾਲ (ਨਵ ਸੰਵਤਸਰ) ਮਨਾਏ ਗਏ। ਹਾਲ ਹੀ ਵਿੱਚ ਜਲੰਧਰ ਵਿਖੇ ਕਰਵਾਏ ਗਏ ਇੱਕ ਸ਼ਾਨਦਾਰ ਸ਼ਰਧਾ ਭਰਪੂਰ ਸਮਾਗਮ ‘ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਨੂੰ ਸ਼ਰਧਾਲੂਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ, ਜਿੱਥੇ ਹਾਜ਼ਰੀ ਉਮੀਦਾਂ ਤੋਂ ਕਿਤੇ ਵੱਧ ਰਹੀ।

ਬਾਲੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸੂਬੇ ਦੀ ਤੀਰਥ ਯਾਤਰਾ ਯੋਜਨਾ ਤਹਿਤ ਤਿੰਨ ਨਵੇਂ ਤੀਰਥ ਸਰਕਟ ਜੋੜੇ ਗਏ ਹਨ, ਜਿਨ੍ਹਾਂ ਵਿੱਚ ਖਾਟੂ ਸ਼ਿਆਮ ਸਾਲਾਸਰ, ਮਥੁਰਾ-ਵ੍ਰਿੰਦਾਵਨ ਅਤੇ ਹਰਿਦੁਆਰ-ਰਿਸ਼ੀਕੇਸ਼ ਸ਼ਾਮਲ ਹਨ, ਜਿਸ ਨਾਲ ਹੋਰ ਸ਼ਰਧਾਲੂਆਂ ਨੂੰ ਮਹੱਤਵਪੂਰਨ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੀ ਸਹੂਲਤ ਮਿਲੇਗੀ।

ਆਗਾਮੀ ਸਮਾਗਮਾਂ ਦਾ ਐਲਾਨ ਕਰਦਿਆਂ ਬਾਲੀ ਨੇ ਦੱਸਿਆ ਕਿ ‘ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਪ੍ਰੋਗਰਾਮ 27 ਜੂਨ ਨੂੰ ਰਣਜੀਤ ਐਵੇਨਿਊ ਗਰਾਊਂਡ ਅੰਮ੍ਰਿਤਸਰ, 28 ਜੂਨ ਨੂੰ ਸਰਕਾਰੀ ਕਾਲਜ ਗੁਰਦਾਸਪੁਰ ਅਤੇ 29 ਜੂਨ ਨੂੰ ਐਸ.ਐਲ. ਬਾਵਾ ਸਕੂਲ ਗਰਾਊਂਡ ਬਟਾਲਾ ਵਿਖੇ ਕਰਵਾਇਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਭਗਵਾਨ ਸ਼ਿਵ ਨੂੰ ਸਮਰਪਿਤ ਆਪਣੇ ਭਗਤੀ ਗੀਤਾਂ ਲਈ ਦੇਸ਼ ਭਰ ਵਿੱਚ ਜਾਣੇ ਜਾਂਦੇ ਮਸ਼ਹੂਰ ਭਜਨ ਗਾਇਕ ਹੰਸਰਾਜ ਰਘੂਵੰਸ਼ੀ ਇਨ੍ਹਾਂ ਤਿੰਨਾਂ ਸਮਾਗਮਾਂ ਵਿੱਚ ਆਪਣੀ ਪੇਸ਼ਕਾਰੀ ਦੇਣਗੇ। ਇਹ ਪ੍ਰੋਗਰਾਮ ਸ਼ਰਧਾਲੂਆਂ ਨੂੰ ਇੱਕ ਅਧਿਆਤਮਿਕ ਮਾਹੌਲ ਵਿੱਚ ਲੀਨ ਹੋਣ ਅਤੇ ਭਗਵਾਨ ਸ਼ਿਵ ਦੀ ਅਰਾਧਨਾ ਕਰਨ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਨਗੇ।

ਬਾਲੀ ਨੇ ਅੱਗੇ ਦੱਸਿਆ ਕਿ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਨ੍ਹਾਂ ਸਮਾਗਮਾਂ ਵਿੱਚ ਸ਼ਰਧਾਲੂਆਂ ਵਜੋਂ ਸ਼ਿਰਕਤ ਕਰਨਗੇ ਅਤੇ ਇਸ ਅਧਿਆਤਮਿਕ ਇਕੱਠ ਦਾ ਹਿੱਸਾ ਬਣਨਗੇ।

ਇਸ ਮੌਕੇ ਬੋਲਦਿਆਂ ਵਿਜੇ ਕੁਮਾਰ ਸ਼ਰਮਾ ਨੇ ਪੰਜਾਬ ਵਿੱਚ ਸਨਾਤਨ ਪਰੰਪਰਾਵਾਂ ਨੂੰ ਪ੍ਰਫੁੱਲਤ ਕਰਨ ਅਤੇ ਮਨਾਉਣ ਲਈ ਮਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਲਗਾਤਾਰ ਯਤਨਾਂ ਲਈ ਧੰਨਵਾਦ ਕੀਤਾ। ਉਨ੍ਹਾਂ ਧਾਰਮਿਕ ਕਦਰਾਂ-ਕੀਮਤਾਂ ਨੂੰ ਸੰਭਾਲਣ ਅਤੇ ਲੋਕਾਂ, ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਅਧਿਆਤਮਿਕ ਅਤੇ ਸੱਭਿਆਚਾਰਕ ਜੜ੍ਹਾਂ ਨਾਲ ਜੋੜਨ ਦੇ ਉਦੇਸ਼ ਨਾਲ ਕੀਤੀਆਂ ਗਈਆਂ ਸਰਕਾਰ ਦੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ।

ਉਨ੍ਹਾਂ ਨੇ ਅੰਮ੍ਰਿਤਸਰ, ਗੁਰਦਾਸਪੁਰ, ਬਟਾਲਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਧਾਰਮਿਕ ਸਮਾਗਮਾਂ ਵਿੱਚ ਉਤਸ਼ਾਹ ਨਾਲ ਹਿੱਸਾ ਲੈਣ ਅਤੇ ਇਨ੍ਹਾਂ ਨੂੰ ਸ਼ਾਨਦਾਰ ਤਰੀਕੇ ਨਾਲ ਸਫ਼ਲ ਬਣਾਉਣ।