Monday, June 15Malwa News
Shadow

ਧਾਰਮਿਕ ਸਮਾਗਮਾਂ ਨਾਲ ਸਮਾਜ ਵਿੱਚ ਏਕਤਾ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ- ਬੈਂਸ

ਨੰਗਲ 15 ਜੂਨ: ਪਿੰਡ ਬ੍ਰਹਮਪੁਰ ਵਿੱਚ ਕਰਵਾਏ ਗਏ ਮਾਤਾ ਰਾਣੀ ਦੇ ਵਿਸ਼ਾਲ ਜਾਗਰਣ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਸ.ਹਰਜੋਤ ਸਿੰਘ ਬੈਂਸ ਨਤਮਸਤਕ ਹੋਏ। ਇਸ ਧਾਰਮਿਕ ਸਮਾਗਮ ਵਿੱਚ ਇਲਾਕੇ ਦੇ ਸੈਂਕੜੇ ਸ਼ਰਧਾਲੂਆਂ ਨੇ ਭਾਗ ਲਿਆ ਅਤੇ ਮਾਤਾ ਰਾਣੀ ਦੀ ਭਗਤੀ ਵਿੱਚ ਲੀਨ ਹੋ ਕੇ ਰਾਤ ਭਰ ਕੀਰਤਨ ਅਤੇ ਭਜਨਾਂ ਦਾ ਆਨੰਦ ਮਾਣਿਆ। ਸਮਾਗਮ ਦਾ ਮਾਹੌਲ ਪੂਰੀ ਤਰ੍ਹਾਂ ਭਗਤੀਮਈ ਬਣਿਆ ਹੋਇਆ ਸੀ, ਜਿੱਥੇ ਹਰ ਕੋਈ ਮਾਤਾ ਦੀ ਭਗਤੀ ਵਿੱਚ ਰੰਗਿਆ ਹੋਇਆ ਨਜ਼ਰ ਆਇਆ।

              ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਾਤਾ ਰਾਣੀ ਦੇ ਦਰਬਾਰ ਵਿੱਚ ਨਤਮਸਤਕ ਹੋ ਕੇ ਸਭ ਦੀ ਚੰਗੀ ਸਿਹਤ, ਤਰੱਕੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਮਾਤਾ ਰਾਣੀ ਦੀ ਅਸੀਸ ਨਾਲ ਹੀ ਜੀਵਨ ਵਿੱਚ ਸੁੱਖ-ਸਮ੍ਰਿੱਧੀ ਆਉਂਦੀ ਹੈ ਅਤੇ ਮਨੁੱਖ ਨੂੰ ਸਹੀ ਰਸਤਾ ਮਿਲਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਦਿਲੋਂ ਕਾਮਨਾ ਕਰਦੇ ਹਨ ਕਿ ਮਾਤਾ ਰਾਣੀ ਸਭ ਦੇ ਜੀਵਨ ਵਿੱਚ ਤੰਦਰੁਸਤੀ, ਤਰੱਕੀਆਂ ਅਤੇ ਖੁਸ਼ੀਆਂ ਭਰਿਆ ਜੀਵਨ ਬਖਸ਼ੇ।

           ਸ੍ਰ.ਬੈਂਸ ਨੇ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਸਿਰਫ ਭਗਤੀ ਦਾ ਮਾਧਿਅਮ ਹੀ ਨਹੀਂ ਹੁੰਦੇ, ਸਗੋਂ ਇਹ ਸਮਾਜ ਵਿੱਚ ਏਕਤਾ, ਭਾਈਚਾਰੇ ਅਤੇ ਸਾਂਝ ਨੂੰ ਮਜ਼ਬੂਤ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰਾਂ ਦੇ ਸਮਾਗਮ ਸਭ ਨੂੰ ਇਕੱਠੇ ਕਰਦੇ ਹਨ ਅਤੇ ਸਾਨੂੰ ਆਪਣੀ ਸੰਸਕ੍ਰਿਤੀ ਅਤੇ ਰਿਵਾਇਤਾਂ ਨਾਲ ਜੋੜਦੇ ਹਨ, ਜਿਸ ਨਾਲ ਸਮਾਜ ਵਿੱਚ ਸਕਾਰਾਤਮਕ ਸੋਚ ਦਾ ਵਿਕਾਸ ਹੁੰਦਾ ਹੈ।

           ਉਨ੍ਹਾਂ ਸਮਾਗਮ ਦੇ ਪ੍ਰਬੰਧਕਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਨੇ ਬੜੀ ਸ਼ਰਧਾ ਅਤੇ ਲਗਨ ਨਾਲ ਇਹ ਵਿਸ਼ਾਲ ਜਾਗਰਣ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਸਾਡੇ ਧਾਰਮਿਕ ਅਤੇ ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਲਈ ਬਹੁਤ ਜ਼ਰੂਰੀ ਹਨ। ਇਸ ਮੌਕੇ ਉਨ੍ਹਾਂ ਨੇ ਸਥਾਨਕ ਨਿਵਾਸੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।

            ਸਮਾਗਮ ਦੌਰਾਨ ਵੱਖ-ਵੱਖ ਭਜਨ ਮੰਡਲੀਆਂ ਵੱਲੋਂ ਸੁਰੀਲੇ ਭਜਨ ਗਾਏ ਗਏ, ਜਿਸ ਨਾਲ ਮਾਹੌਲ ਹੋਰ ਵੀ ਰੂਹਾਨੀ ਬਣ ਗਿਆ। ਸ਼ਰਧਾਲੂਆਂ ਨੇ ਮਾਤਾ ਰਾਣੀ ਦੀ ਭਗਤੀ ਵਿੱਚ ਡੁੱਬ ਕੇ ਆਪਣੀ ਸ਼ਰਧਾ ਪ੍ਰਗਟਾਈ ਅਤੇ ਅਸੀਸ ਪ੍ਰਾਪਤ ਕੀਤੀ। ਇਹ ਵਿਸ਼ਾਲ ਜਾਗਰਣ ਪਿੰਡ ਵਿੱਚ ਭਗਤੀ ਅਤੇ ਏਕਤਾ ਦਾ ਪ੍ਰਤੀਕ ਬਣ ਕੇ ਸਾਹਮਣੇ ਆਇਆ। ਇਸ ਮੌਕੇ ਪੰਮੂ ਢਿੱਲੋਂ ਸਰਪੰਚ, ਰਾਮ ਗੋਪਾਲ ਪੰਚ, ਅਸ਼ੋਕ ਕੁਮਾਰ ਨੰਬਰਦਾਰ ਬੀਡੀਸੀ ਮੈਂਬਰ, ਬਚਿੱਤਰ ਸਿੰਘ ਪੰਚ, ਸੁਰਿੰਦਰ ਕੌਰ ਪੰਚ, ਕ੍ਰਿਸ਼ਨ ਦੇਵੀ ਪੰਚ, ਨਰੇਸ਼ ਕੁਮਾਰ ਸੋਨੀ, ਖਰਾਤੀ ਲਾਲ ਨੰਬਰਦਾਰ, ਅਮਿਤ ਕਪਿਲ, ਪਰਮਿੰਦਰ ਸੈਣੀ, ਸੁਮਿਤ ਪੰਡਿਤ, ਸਾਹਿਲ ਆਨੰਦ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।