
ਚੰਡੀਗੜ੍ਹ, 27 ਮਈ – ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਵਿੱਚ ਖੇਡਾਂ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣ ਲਈ ਸਰਕਾਰ ਇੱਕ ਨਵੀਂ ਪਹਿਲ ਕਰਨ ਜਾ ਰਹੀ ਹੈ। ਖੇਡਾਂ ਦਾ ਪਾਵਰ ਹਾਊਸ ਬਣ ਚੁੱਕੇ ਹਰਿਆਣਾ ਵਿੱਚ ਹੁਣ ਖੇਡਾਂ ਵਿੱਚ ਰੁਚੀ ਰੱਖਣ ਵਾਲੇ ਬੱਚਿਆਂ ਦੀ ਪਿੰਡ ਪੱਧਰ ‘ਤੇ ਪਛਾਣ ਕੀਤੀ ਜਾਵੇਗੀ ਅਤੇ ਬੱਚੇ ਦੀ ਪਸੰਦ ਦੀ ਖੇਡ ਵਿੱਚ ਉਸ ਨੂੰ ਤਿਆਰ ਕੀਤਾ ਜਾਵੇਗਾ। ਇਸ ਦੇ ਲਈ ਪੰਚਾਇਤ, ਸਕੂਲ ਅਤੇ ਖੇਡ ਵਿਭਾਗ ਮਿਲ ਕੇ ਸਾਂਝੇ ਤੌਰ ‘ਤੇ ਕੰਮ ਕਰਨਗੇ।
ਇਹ ਗੱਲ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਹਰਿਆਣਾ ਸਿਵਲ ਸਕੱਤਰੇਤ ਵਿੱਚ ਹਰਿਆਣਾ ਵਿਜ਼ਨ 2047 ਤਹਿਤ ਖੇਡ ਵਿਭਾਗ ਦੇ ਅਗਲੇ 5 ਸਾਲਾਂ ਦੇ ਰੋਡਮੈਪ ਅਤੇ ਕਾਰਜ ਯੋਜਨਾ ਦੀ ਸਮੀਖਿਆ ਕਰਦੇ ਹੋਏ ਕਹੀ। ਉਨ੍ਹਾਂ ਕਿਹਾ ਕਿ ਪ੍ਰਦੇਸ਼ ਵਿੱਚ ਸਾਰੇ ਖੇਡ ਕੰਪਲੈਕਸਾਂ ਵਿੱਚ ਲੱਗੇ ਉਪਕਰਨਾਂ ਦੀ ਯੋਗ ਜਾਂਚ ਕਰਵਾਈ ਜਾਵੇ ਤਾਂ ਜੋ ਕਿਸੇ ਖਿਡਾਰੀ ਨੂੰ ਦੁਰਘਟਨਾ ਦਾ ਸ਼ਿਕਾਰ ਨਾ ਹੋਣਾ ਪਵੇ।
ਮੁੱਖ ਮੰਤਰੀ ਨੇ ਕਿਹਾ ਕਿ ਖੇਡ ਵਿਭਾਗ ਸਿਰਫ ਸ਼ਹਿਰਾਂ ਅਤੇ ਆਪਣੇ ਸਟੇਡੀਅਮਾਂ ਤੱਕ ਸੀਮਤ ਨਾ ਰਹੇ ਬਲਕਿ ਖੇਡ ਪ੍ਰਤਿਭਾਵਾਂ ਦੀ ਪਛਾਣ ਲਈ ਪਿੰਡਾਂ ਦਾ ਰੁਖ਼ ਕਰੇ। ਪੇਂਡੂ ਖੇਤਰਾਂ ਵਿੱਚ ਸਰਕਾਰੀ ਸਕੂਲਾਂ ਦੇ ਕੰਪਲੈਕਸਾਂ ਨੂੰ ਖੇਡਾਂ ਲਈ ਵਰਤਿਆ ਜਾਵੇ ਅਤੇ ਇੱਥੇ ਖੇਡਾਂ ਵਿੱਚ ਰੁਚੀ ਰੱਖਣ ਵਾਲੇ ਬੱਚਿਆਂ ਦਾ ਰਜਿਸਟ੍ਰੇਸ਼ਨ ਕੀਤਾ ਜਾਵੇ। ਇਸ ਕੰਮ ਵਿੱਚ ਪੰਚਾਇਤ, ਸਕੂਲ ਅਤੇ ਖੇਡ ਵਿਭਾਗ ਮਿਲ ਕੇ ਕਾਰਜ ਯੋਜਨਾ ਬਣਾਉਣ। ਜਿਨ੍ਹਾਂ ਬੱਚਿਆਂ ਦੀ ਜਿਨ੍ਹਾਂ ਖੇਡਾਂ ਵਿੱਚ ਰੁਚੀ ਹੈ, ਉਨ੍ਹਾਂ ਨੂੰ ਉਨ੍ਹਾਂ ਖੇਡਾਂ ਦੇ ਲਈ ਲੋੜੀਂਦਾ ਮਾਹੌਲ ਅਤੇ ਉਪਕਰਨ ਉਪਲਬਧ ਕਰਵਾਏ ਜਾਣ ਤਾਂ ਹਰਿਆਣਾ ਵਿੱਚ ਖੇਡ ਦੇ ਖੇਤਰ ਵਿੱਚ ਵੱਡਾ ਬਦਲਾਅ ਹੋ ਸਕਦਾ ਹੈ। ਜੋ ਬੱਚੇ ਸਕੂਲ ਨਹੀਂ ਜਾਂਦੇ, ਉਨ੍ਹਾਂ ਨੂੰ ਵੀ ਖੇਡਾਂ ਨਾਲ ਜੋੜਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਨਸ਼ੇ ਆਦਿ ਦੀ ਆਦਤ ਤੋਂ ਬਚਾਇਆ ਜਾ ਸਕੇ।
ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਓਲੰਪਿਕ-2036 ਦੇ ਲਈ ਅਜੇ ਤੋਂ ਹੀ ਲੰਬੇ ਸਮੇਂ ਦੀ ਯੋਜਨਾ ਬਣਾ ਕੇ ਤਿਆਰੀਆਂ ਕੀਤੀਆਂ ਜਾਣੀਆਂ ਜ਼ਰੂਰੀ ਹਨ। ਇਸ ਦੇ ਲਈ 10-12 ਸਾਲ ਦੇ ਬੱਚਿਆਂ ਦੀ ਪਛਾਣ ਕਰਕੇ ਉਨ੍ਹਾਂ ਦੀ ਖੇਡ ਰੁਚੀ ਨੂੰ ਨਿਖਾਰਿਆ ਜਾਵੇ ਅਤੇ ਉਨ੍ਹਾਂ ਦੇ ਲਈ ਵਿਸ਼ੇਸ਼ ਸਿਖਲਾਈ ਕੇਂਦਰ ਸਥਾਪਿਤ ਕੀਤੇ ਜਾਣ। ਇਸ ਦੇ ਲਈ ਖੇਤਰ ਅਨੁਸਾਰ ਅਤੇ ਖੇਡਾਂ ਅਨੁਸਾਰ ਸੂਚੀ ਬਣਾਈ ਜਾਵੇ ਕਿ ਕਿਸ ਖੇਤਰ ਵਿੱਚ ਕਿਸ ਖੇਡ ਦੇ ਪ੍ਰਤੀ ਕਿੰਨੇ ਨੌਜਵਾਨਾਂ ਦੀ ਰੁਚੀ ਹੈ। ਇਸ ਤੋਂ ਬਾਅਦ ਸੰਬੰਧਿਤ ਖੇਡਾਂ ਵਿੱਚ ਉੱਤਮਤਾ ਹਾਸਲ ਕਰਨ ਲਈ ਫੋਕਸ ਕੀਤਾ ਜਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਖੇਡ ਵਿਭਾਗ ਇੱਕ ਪੋਰਟਲ ਤਿਆਰ ਕਰੇ ਜਿੱਥੇ ਬਲਾਕ ਪੱਧਰ ‘ਤੇ ਖੇਡਾਂ ਵਿੱਚ ਹਿੱਸਾ ਲੈ ਰਹੇ ਬੱਚਿਆਂ ਦਾ ਪੂਰਾ ਰਿਕਾਰਡ ਹੋਵੇ। ਕੇਵਲ ਜੇਤੂ ਖਿਡਾਰੀਆਂ ਦਾ ਹੀ ਨਹੀਂ ਬਲਕਿ ਜੋ ਬੱਚਾ ਅਭਿਆਸ ਕਰ ਰਿਹਾ ਹੈ ਅਤੇ ਖੇਡਾਂ ਵਿੱਚ ਹਿੱਸਾ ਲੈ ਰਿਹਾ ਹੈ, ਉਨ੍ਹਾਂ ਸਾਰਿਆਂ ਦਾ ਵੀ ਰਿਕਾਰਡ ਤਿਆਰ ਕੀਤਾ ਜਾਵੇ। ਖੇਡ ਐਸੋਸੀਏਸ਼ਨਾਂ ਨੂੰ ਵੀ ਇਸ ਮੁਹਿੰਮ ਨਾਲ ਜੋੜਿਆ ਜਾਵੇ। ਉਨ੍ਹਾਂ ਬੱਚਿਆਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਵਾਸਤੇ ਸਾਰੇ ਖੇਡ ਕੰਪਲੈਕਸਾਂ ਵਿੱਚ ਸਥਾਨਕ ਪੱਧਰ ਦੇ ਅਜਿਹੇ ਖਿਡਾਰੀਆਂ ਦੀਆਂ ਫੋਟੋਆਂ ਲਗਾਉਣ ਦੇ ਵੀ ਨਿਰਦੇਸ਼ ਦਿੱਤੇ ਜਿਨ੍ਹਾਂ ਨੇ ਖੇਡ ਦੇ ਖੇਤਰ ਵਿੱਚ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ ਦਾ ਐਵਾਰਡ ਪ੍ਰਾਪਤ ਕੀਤਾ ਹੋਵੇ।
ਖੇਡ ਵਿਭਾਗ ਦੇ ਨਿਰਦੇਸ਼ਕ ਸ਼੍ਰੀ ਪਾਰਥ ਗੁਪਤਾ ਨੇ ਖੇਡ ਵਿਭਾਗ ਵੱਲੋਂ ਕੀਤੇ ਜਾ ਰਹੇ ਕੰਮਾਂ ਅਤੇ 2030 ਤੱਕ ਦੀਆਂ ਯੋਜਨਾਵਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਿਲਹਾਲ ਪ੍ਰਦੇਸ਼ ਵਿੱਚ ਕੋਈ ਵੀ ਸਥਾਨ ਅਜਿਹਾ ਨਹੀਂ ਹੈ ਜਿਸ ਦੇ 10 ਕਿਲੋਮੀਟਰ ਦੇ ਦਾਇਰੇ ਵਿੱਚ ਖੇਡ ਸਟੇਡੀਅਮ ਨਾ ਹੋਵੇ। ਉਨ੍ਹਾਂ ਨੇ ਜ਼ਮੀਨੀ ਪੱਧਰ ‘ਤੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਨੂੰ ਵਧਾਉਣ, ਖੇਡ ਪ੍ਰਤਿਭਾਵਾਂ ਦੀ ਪਛਾਣ ਕਰਨ ਅਤੇ ਖਿਡਾਰੀਆਂ ਦੀ ਭਾਗੀਦਾਰੀ ਯਕੀਨੀ ਬਣਾਉਣ ਦੇ ਸੰਬੰਧ ਵਿੱਚ ਤਿਆਰ ਕੀਤੀ ਗਈ ਕਾਰਜ ਯੋਜਨਾ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ।
ਮੁੱਖ ਮੰਤਰੀ ਨੇ ਕਿਹਾ ਕਿ ਅਧਿਕਾਰੀ ਭਵਿੱਖ ਦੇ ਦ੍ਰਿਸ਼ਟੀਕੋਣ ਦੇ ਅਧਾਰ ‘ਤੇ ਵਿਭਾਗ ਦਾ ਕਾਇਆਕਲਪ ਕਰਨ ਤਾਂ ਜੋ ਅੰਤਰਰਾਸ਼ਟਰੀ ਮੈਪਿੰਗ ਵਿੱਚ ਹਰਿਆਣਾ ਦੀ ਸਥਿਤੀ ਚੰਗੇ ਪੱਧਰ ‘ਤੇ ਹੋਵੇ। ਮੁੱਖ ਮੰਤਰੀ ਨੇ ਸੀਐਮ ਅਨਾਊਂਸਮੈਂਟ ਤਹਿਤ ਦੌਲਤਾਬਾਦ, ਗੁਰੂਗ੍ਰਾਮ ਵਿੱਚ ਬਣਾਏ ਜਾ ਰਹੇ ਦਿਵਿਆਂਗ ਸਟੇਡੀਅਮ ਦੀ ਸਥਿਤੀ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਓਲੰਪਿਕ-2036 ਵਿੱਚ ਹਾਸਲ ਕੀਤੀਆਂ ਜਾਣ ਵਾਲੀਆਂ ਪ੍ਰਾਪਤੀਆਂ ਵਿੱਚ ਇਸ ਤਰ੍ਹਾਂ ਦੇ ਆਧੁਨਿਕ ਖੇਡ ਕੰਪਲੈਕਸਾਂ ਦਾ ਵਿਸ਼ੇਸ਼ ਯੋਗਦਾਨ ਹੋਵੇਗਾ।
ਇਸ ਮੌਕੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ਼੍ਰੀ ਅਰੁਣ ਕੁਮਾਰ ਗੁਪਤਾ, ਡਿਪਾਰਟਮੈਂਟ ਆਫ ਫਿਊਚਰ ਦੀ ਪ੍ਰਧਾਨ ਸਕੱਤਰ ਸ਼੍ਰੀਮਤੀ ਅਮਨੀਤ ਪੀ ਕੁਮਾਰ, ਮੁੱਖ ਮੰਤਰੀ ਦੇ ਉਪ ਪ੍ਰਧਾਨ ਸਕੱਤਰ ਸ਼੍ਰੀ ਯਸ਼ਪਾਲ ਯਾਦਵ, ਮੁੱਖ ਮੰਤਰੀ ਦੇ ਓਐਸਡੀ ਅਤੇ ਸਵਰਨ ਜਯੰਤੀ ਹਰਿਆਣਾ ਵਿੱਤੀ ਪ੍ਰਬੰਧਨ ਸੰਸਥਾਨ ਦੇ ਮਹਾਨਿਰਦੇਸ਼ਕ ਡਾ. ਰਾਜ ਨਹਿਰੂ ਅਤੇ ਖੇਡ ਵਿਭਾਗ ਦੇ ਨਿਰਦੇਸ਼ਕ ਸ਼੍ਰੀ ਪਾਰਥ ਗੁਪਤਾ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।