
ਚੰਡੀਗੜ੍ਹ, 24 ਮਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਐਲਾਨ ਕੀਤਾ ਕਿ ਕੈਥਲ ਵਿੱਚ ਮਹਾਰਿਸ਼ੀ ਕਸ਼ਯਪ ਦੇ ਨਾਮ ‘ਤੇ ਧਰਮਸ਼ਾਲਾ ਬਣਾਉਣ ਲਈ ਸਮਾਜ ਵੱਲੋਂ ਪ੍ਰਸਤਾਵ ਦੇਣ ‘ਤੇ ਉਚਿਤ ਸਥਾਨ ਉਪਲਬਧ ਕਰਵਾਇਆ ਜਾਵੇਗਾ ਅਤੇ ਇੰਦਰੀ ਵਿੱਚ ਮਹਾਰਿਸ਼ੀ ਕਸ਼ਯਪ ਦੇ ਨਾਮ ‘ਤੇ ਚੌਕ ਦਾ ਨਾਮਕਰਨ ਕਰਕੇ ਉੱਥੇ ਮਹਾਰਿਸ਼ੀ ਕਸ਼ਯਪ ਦੀ ਸ਼ਾਨਦਾਰ ਮੂਰਤੀ ਸਥਾਪਿਤ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਮਹਾਰਿਸ਼ੀ ਕਸ਼ਯਪ ਦੇ ਨਾਮ ‘ਤੇ ਚੇਅਰ ਸਥਾਪਿਤ ਕਰਨ ਲਈ ਉਚਿਤ ਫੰਡ ਉਪਲਬਧ ਕਰਵਾਇਆ ਜਾਵੇਗਾ।
ਸ੍ਰੀ ਨਾਇਬ ਸਿੰਘ ਸੈਣੀ ਅੱਜ ਚੰਡੀਗੜ੍ਹ ਵਿੱਚ ਸੰਤ ਕਬੀਰ ਕੁਟੀਰ ਵਿਖੇ “ਮਹਾਰਿਸ਼ੀ ਕਸ਼ਯਪ ਜਯੰਤੀ” ਦੇ ਮੌਕੇ ‘ਤੇ ਆਯੋਜਿਤ ਰਾਜ-ਪੱਧਰੀ ਸਮਾਗਮ ਨੂੰ ਸੰਬੋਧਿਤ ਕਰ ਰਹੇ ਸਨ।
ਉਨ੍ਹਾਂ ਮਹਾਰਿਸ਼ੀ ਕਸ਼ਯਪ ਜੀ ਨੂੰ ਨਮਨ ਕਰਦੇ ਹੋਏ ਕਿਹਾ ਕਿ ਮਹਾਰਿਸ਼ੀ ਕਸ਼ਯਪ ਮਹਾਨ ਪਰਉਪਕਾਰੀ ਅਤੇ ਪ੍ਰਜਾਪਾਲਕ ਸਨ। ਉਨ੍ਹਾਂ ਨੇ ਸਮਾਜ ਨੂੰ ਇੱਕ ਨਵੀਂ ਦਿਸ਼ਾ ਦੇਣ ਲਈ ਸਮ੍ਰਿਤੀ ਗ੍ਰੰਥ ਅਤੇ ਕਸ਼ਯਪ ਸੰਹਿਤਾ ਵਰਗੇ ਮਹਾਨ ਗ੍ਰੰਥਾਂ ਦੀ ਰਚਨਾ ਕੀਤੀ। ਉਨ੍ਹਾਂ ਕਸ਼ਯਪ ਸਮਾਜ ਦੇ ਇਤਿਹਾਸ ਨੂੰ ਗੌਰਵਪੂਰਨ ਦੱਸਦਿਆਂ ਕਿਹਾ ਕਿ ਇਸ ਸਮਾਜ ਨੇ ਰਾਮਾਇਣ ਕਾਲ ਵਿੱਚ ਨਿਸ਼ਾਦ ਵਰਗੇ ਬਲਸ਼ਾਲੀ ਰਾਜੇ ਦਿੱਤੇ। ਰਾਜਾ ਨਿਸ਼ਾਦ ਨੇ ਹੀ ਬਨਵਾਸ ਦੇ ਸਮੇਂ ਪ੍ਰਭੂ ਸ੍ਰੀ ਰਾਮਚੰਦਰ ਜੀ ਨੂੰ ਆਪਣੇ ਇੱਥੇ ਆਸਰਾ ਦਿੱਤਾ ਸੀ। ਭਗਤ ਪ੍ਰਹਿਲਾਦ ਵੀ ਇਸੇ ਸਮਾਜ ਦੀ ਦੇਣ ਹਨ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਪਿਆਰਿਆਂ ਵਿੱਚ ਭਾਈ ਹਿੰਮਤ ਸਿੰਘ ਕਸ਼ਯਪ ਜੀ ਵੀ ਇਸੇ ਸਮਾਜ ਵਿੱਚੋਂ ਸਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਸ਼ਯਪ ਸਮਾਜ ਨੂੰ ਸਾਹਸੀ, ਵੀਰ, ਮਿਹਨਤੀ ਅਤੇ ਸਵੈਮਾਨੀ ਦੱਸਿਆ ਅਤੇ ਕਿਹਾ ਕਿ ਤੁਹਾਡੇ ਵਿੱਚ ਅਪਾਰ ਸਮਰੱਥਾਵਾਂ ਹਨ। ਤੁਹਾਨੂੰ ਅਜੇ ਬਹੁਤ ਅੱਗੇ ਵਧਣਾ ਹੈ। ਆਪਣੀਆਂ ਸਮਰੱਥਾਵਾਂ ਦੀ ਪੂਰੀ ਵਰਤੋਂ ਕਰਕੇ ਤੁਸੀਂ ਨਾ ਸਿਰਫ਼ ਆਪਣੀ ਕੌਮ ਦਾ ਭਲਾ ਕਰ ਸਕਦੇ ਹੋ, ਸਗੋਂ ਪੂਰੇ ਸਮਾਜ ਦੇ ਵਿਕਾਸ ਵਿੱਚ ਰਚਨਾਤਮਕ ਭੂਮਿਕਾ ਨਿਭਾ ਸਕਦੇ ਹੋ। ਉਨ੍ਹਾਂ ਸਮਾਜ ਦੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਨਸ਼ੇ ਵਰਗੀਆਂ ਕੁਰੀਤੀਆਂ ਤੋਂ ਦੂਰ ਰੱਖਣ ਦੀ ਅਪੀਲ ਕੀਤੀ।
ਉਨ੍ਹਾਂ ਦੇਸ਼ ਅਤੇ ਪ੍ਰਦੇਸ਼ ਵਿੱਚ ਵਿਰੋਧੀ ਧਿਰ ਨੂੰ ਮੁੱਦਾਹੀਣ ਦੱਸਦਿਆਂ ਕਿਹਾ ਕਿ ਉਹ ਸਿਰਫ਼ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ, ਕਿਉਂਕਿ ਜਨਤਾ ਨੇ ਉਨ੍ਹਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਹਰਿਆਣਾ ਸਰਕਾਰ ਵੱਲੋਂ ਕਸ਼ਯਪ ਸਮਾਜ ਸਮੇਤ ਹੋਰ ਪੱਛੜੇ ਵਰਗਾਂ ਦੇ ਭਲੇ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡੀ ਸਰਕਾਰ ਦੀ ਪ੍ਰਾਥਮਿਕਤਾ ਹੈ ਕਿ ਸਮਾਜ ਦੇ ਆਖਰੀ ਵਿਅਕਤੀ ਤੱਕ ਵਿਕਾਸ ਦੀ ਰੌਸ਼ਨੀ ਪਹੁੰਚੇ। ‘ਸਭ ਕਾ ਸਾਥ, ਸਭ ਕਾ ਵਿਕਾਸ ਅਤੇ ਸਭ ਕਾ ਵਿਸ਼ਵਾਸ’ ਦਾ ਮੂਲ ਮੰਤਰ ਇਸੇ ਭਾਵਨਾ ਤੋਂ ਪ੍ਰੇਰਿਤ ਹੈ।
ਸ੍ਰੀ ਸੈਣੀ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਪਿਛੜੇ ਵਰਗ ਦਾ ਸਭ ਤੋਂ ਵੱਡਾ ਹਿਤੈਸ਼ੀ ਦੱਸਿਆ ਅਤੇ ਕਿਹਾ ਕਿ ਸ੍ਰੀ ਮੋਦੀ ਜੀ ਨੇ ਕੇਂਦਰੀ ਓ.ਬੀ.ਸੀ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦਿਵਾਇਆ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦਾ ਸਾਲ 2047 ਤੱਕ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਦਾ ਵਿਜ਼ਨ ਹੈ। ਅੱਜ ਲੋੜ ਹੈ ਕਿ ਇਸ ਵਿਜ਼ਨ ਨੂੰ ਸਾਕਾਰ ਕਰਨ ਲਈ ਅਸੀਂ ਜਾਤੀ, ਖੇਤਰ, ਭਾਸ਼ਾ ਵਰਗੇ ਵਿਤਕਰਿਆਂ ਨੂੰ ਮਿਟਾ ਕੇ ਅੱਗੇ ਵਧਣ ਦਾ ਸੰਕਲਪ ਲਈਏ।
ਇੰਦਰੀ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਸ੍ਰੀ ਰਾਮਕੁਮਾਰ ਕਸ਼ਯਪ ਨੇ ਇਸ ਮੌਕੇ ਕਿਹਾ ਕਿ ਭਾਵੇਂ ਕਸ਼ਯਪ ਸਮਾਜ ਮਹਾਰਿਸ਼ੀ ਕਸ਼ਯਪ ਜੀ ਦੀ ਜਯੰਤੀ ਕੈਥਲ ਵਿੱਚ ਵਿਸ਼ਾਲ ਸਮਾਗਮ ਨਾਲ ਮਨਾਉਣਾ ਚਾਹੁੰਦਾ ਸੀ, ਪਰ ਪੱਛਮੀ ਦੇਸ਼ਾਂ ਵਿੱਚ ਹੋਈ ਜੰਗ ਕਾਰਨ ਪੈਦਾ ਹੋਈ ਪੈਟਰੋਲੀਅਮ ਪਦਾਰਥਾਂ ਦੀ ਕਮੀ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਪੀਲ ‘ਤੇ ਗੌਰ ਕਰਦਿਆਂ ਛੋਟਾ ਪ੍ਰੋਗਰਾਮ ਕੀਤਾ ਗਿਆ ਹੈ ਤਾਂ ਜੋ ਡੀਜ਼ਲ ਅਤੇ ਪੈਟਰੋਲ ਦੀ ਬੱਚਤ ਕੀਤੀ ਜਾ ਸਕੇ। ਉਨ੍ਹਾਂ ਓ.ਬੀ.ਸੀ ਵਰਗ ਲਈ ਪ੍ਰਧਾਨ ਮੰਤਰੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਕੀਤੇ ਗਏ ਭਲਾਈ ਕਾਰਜਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ।
ਪ੍ਰੋਗਰਾਮ ਵਿੱਚ ਮੁੱਖ ਮੰਤਰੀ ਦੇ ਓ.ਐਸ.ਡੀ ਸ੍ਰੀ ਭਾਰਤ ਭੂਸ਼ਣ ਭਾਰਤੀ, ਕਸ਼ਯਪ ਸਮਾਜ ਦੇ ਪ੍ਰਧਾਨ ਸ੍ਰੀ ਸਮੇ ਸਿੰਘ, ਜਨਰਲ ਸਕੱਤਰ ਸ੍ਰੀ ਵੀਰਭਾਨ ਆਰੀਆ, ਜਗਦੀਸ਼ ਕਸ਼ਯਪ, ਪ੍ਰਦੀਪ ਮਾਜਰੀ, ਨੀਲਮ ਕਸ਼ਯਪ ਤੋਂ ਇਲਾਵਾ ਕਸ਼ਯਪ ਸਮਾਜ ਦੇ ਕਈ ਮਾਣਯੋਗ ਵਿਅਕਤੀ ਮੌਜੂਦ ਸਨ।