Monday, May 18Malwa News
Shadow

ਦੀਪਕ ਸਿੰਗਲਾ ਗਲਤ ਕੰਮ ਕਰਨ ਕਰਕੇ ਨਹੀਂ, ਭਾਜਪਾ ਖਿਲਾਫ ਕੰਮ ਕਰਨ ਕਰਕੇ ਗ੍ਰਿਫਤਾਰ ਹੋਏ – ਕੇਜਰੀਵਾਲ

ਨਵੀਂ ਦਿੱਲੀ, 18 ਮਈ- ਆਮ ਆਦਮੀ ਪਾਰਟੀ ਦੇ ਗੋਆ ਵਿੱਚ ਸਹਿ-ਇੰਚਾਰਜ ਦੀਪਕ ਸਿੰਗਲਾ ਦੀ ਗ੍ਰਿਫ਼ਤਾਰੀ ‘ਤੇ ਭਾਜਪਾ ਖ਼ਿਲਾਫ਼ ਤਿੱਖਾ ਹਮਲਾ ਬੋਲਿਆ ਹੈ। ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਦੀਪਕ ਸਿੰਗਲਾ ਨੂੰ ਇਸ ਲਈ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਕਿ ਉਸ ਨੇ ਕੋਈ ਗ਼ਲਤ ਕੰਮ ਕੀਤਾ ਹੈ, ਸਗੋਂ ਇਸ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ ਕਿਉਂਕਿ ਉਹ ਬੀਜੇਪੀ ਦੇ ਖ਼ਿਲਾਫ਼ ਕੰਮ ਕਰ ਰਿਹਾ ਸੀ ਅਤੇ ਉਸ ਨੇ ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਮਨ੍ਹਾ ਕਰ ਦਿੱਤਾ ਸੀ। ਦੀਪਕ ਸਿੰਗਲਾ ਬਹਾਦਰ ਹੈ ਅਤੇ ਦੇਸ਼ ਲਈ ਲੜ ਰਿਹਾ ਹੈ। ਅਰਵਿੰਦ ਕੇਜਰੀਵਾਲ ਨੇ ਸੰਜੀਵ ਅਰੋੜਾ ਬਾਰੇ ਕਿਹਾ ਕਿ ਸੰਜੀਵ ਅਰੋੜਾ ਬਹੁਤ ਬਹਾਦਰ ਅਤੇ ਦੇਸ਼ ਭਗਤ ਹਨ। ਪੂਰੇ ਪੰਜਾਬ ਨੂੰ ਉਨ੍ਹਾਂ ‘ਤੇ ਮਾਣ ਹੈ।

ਦੂਜੇ ਪਾਸੇ, ‘ਆਪ’ ਗੋਆ ਇੰਚਾਰਜ ਅਤੇ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਕਿਹਾ ਕਿ ਅੱਜ ਸਾਡੇ ਦੇਸ਼ ਵਿੱਚ ਨੀਟ ਦਾ ਪੇਪਰ ਲੀਕ ਹੋ ਰਿਹਾ ਹੈ, ਪੈਟਰੋਲ-ਡੀਜ਼ਲ ਅਤੇ ਸੀਐਨਜੀ ਦੀਆਂ ਕੀਮਤਾਂ ਰੋਜ਼ ਵਧ ਰਹੀਆਂ ਹਨ, ਰੁਪਿਆ ਡਾਲਰ ਦੇ ਮੁਕਾਬਲੇ ਡਿੱਗਦਾ ਜਾ ਰਿਹਾ ਹੈ। ਪਰ ਮੋਦੀ ਜੀ ਕੋਲ ਸਿਰਫ਼ ਇੱਕ ਹੀ ਕੰਮ ਹੈ – ਵਿਰੋਧੀ ਧਿਰ ਦੇ ਨੇਤਾਵਾਂ ‘ਤੇ ਝੂਠੇ ਕੇਸ ਪਾਉਣਾ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ। ਸੋਮਵਾਰ ਨੂੰ ਈਡੀ ਨੇ ਆਪ ਨੇਤਾ ਦੀਪਕ ਸਿੰਗਲਾ ਨੂੰ ਗ੍ਰਿਫਤਾਰ ਕੀਤਾ ਹੈ, ਕਿਉਂਕਿ ਉਹ ਗੋਆ ਵਿੱਚ ਬੀਜੇਪੀ ਖਿਲਾਫ ਲੜਨ ਵਾਲਾ ਇੱਕ ਸੰਗਠਨ ਤਿਆਰ ਕਰ ਰਹੇ ਸਨ। ਮੇਰਾ ਮੋਦੀ ਜੀ ਨੂੰ ਕਹਿਣਾ ਹੈ ਕਿ ਤੁਸੀਂ ਚਾਹੇ ਸਾਡੀ ਪਾਰਟੀ ਦੇ ਕਿੰਨੇ ਵੀ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਵੋ, ਅਸੀਂ ਦੇਸ਼ ਦੇ ਹਿੱਤ ਲਈ ਕੰਮ ਕਰਦੇ ਰਹਾਂਗੇ।

ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਅਤੇ ਗੋਆ ਇੰਚਾਰਜ ਆਤਿਸ਼ੀ ਨੇ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਭਾਜਪਾ ਦੀ ਮੋਦੀ ਸਰਕਾਰ ‘ਤੇ ਜੰਮ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਨੇ ਦੇਖਿਆ ਕਿ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਈਡੀ ਦੀ ਵਰਤੋਂ ਤ੍ਰਿਣਮੂਲ ਕਾਂਗਰਸ ਖ਼ਿਲਾਫ਼ ਕੀਤੀ ਸੀ। ਚੋਣ ਲੜਾਉਣ ਵਾਲੀ ਏਜੰਸੀ ‘ਆਈ-ਪੈਕ’ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਅਤੇ ਚੋਣਾਂ ਤੋਂ ਠੀਕ ਪਹਿਲਾਂ ਤ੍ਰਿਣਮੂਲ ਕਾਂਗਰਸ ਦਾ ਸਾਰਾ ਡਾਟਾ ਈਡੀ ਰਾਹੀਂ ਚੋਰੀ ਕਰ ਲਿਆ ਗਿਆ। ਜਿਵੇਂ ਹੀ ਚੋਣਾਂ ਖਤਮ ਹੋਈਆਂ, ਉਵੇਂ ਹੀ ਉਨ੍ਹਾਂ ਸਾਰੇ ਲੋਕਾਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ।

ਆਤਿਸ਼ੀ ਨੇ ਕਿਹਾ ਕਿ ਬੰਗਾਲ ਤੋਂ ਬਾਅਦ ਭਾਜਪਾ ਦਾ ਅਗਲਾ ਹਮਲਾ ਪੰਜਾਬ ‘ਤੇ ਸ਼ੁਰੂ ਹੋਇਆ, ਜਿੱਥੇ ਆਮ ਆਦਮੀ ਪਾਰਟੀ ਦੇ ਨੇਤਾਵਾਂ ‘ਤੇ ਤਾਬੜਤੋੜ ਛਾਪੇਮਾਰੀ ਕੀਤੀ ਗਈ। ਜਿਹੜੇ ਨੇਤਾ ਦਬਾਅ ਹੇਠ ਆ ਕੇ ਭਾਜਪਾ ‘ਚ ਸ਼ਾਮਲ ਹੋ ਗਏ, ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਪਰ ਸੰਜੀਵ ਅਰੋੜਾ ਵਰਗੇ ਨੇਤਾ, ਜਿਨ੍ਹਾਂ ਨੇ ਭਾਜਪਾ ‘ਚ ਜਾਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ, ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ।

ਇਸ ਤੋਂ ਬਾਅਦ ਆਤਿਸ਼ੀ ਨੇ ਕਿਹਾ ਕਿ ਪੰਜਾਬ ਤੋਂ ਬਾਅਦ ਹੁਣ ਅਗਲਾ ਨੰਬਰ ਗੋਆ ਦਾ ਆ ਗਿਆ ਹੈ। ਭਾਜਪਾ ਅਜਿਹਾ ਇਸ ਲਈ ਕਰ ਰਹੀ ਹੈ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਗੋਆ ਵਿੱਚ ਭਾਜਪਾ ਸਰਕਾਰ ਤੋਂ ਲੋਕ ਨਫ਼ਰਤ ਕਰਦੇ ਹਨ। ਭਾਜਪਾ ਇਸ ਗੱਲ ਤੋਂ ਡਰ ਗਈ ਹੈ ਕਿ ਫਰਵਰੀ ਵਿੱਚ ਹੋਣ ਵਾਲੀਆਂ ਗੋਆ ਵਿਧਾਨ ਸਭਾ ਚੋਣਾਂ ਵਿੱਚ ਇੱਥੋਂ ਦੇ ਲੋਕ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਕਰਨ ਵਾਲੇ ਹਨ। ਆਮ ਆਦਮੀ ਪਾਰਟੀ ਦੀ ਵਧਦੀ ਲੋਕਪ੍ਰਿਯਤਾ ਤੋਂ ਘਬਰਾ ਕੇ ਹੀ ਅੱਜ ਆਮ ਆਦਮੀ ਪਾਰਟੀ ਦੇ ਗੋਆ ਦੇ ਸਹਿ-ਇੰਚਾਰਜ ਦੀਪਕ ਸਿੰਗਲਾ ਦੇ ਘਰ ‘ਤੇ ਈਡੀ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ।

ਆਤਿਸ਼ੀ ਨੇ ਅੱਗੇ ਕਿਹਾ ਕਿ ਇੱਥੇ ਗੋਆ ਵਿੱਚ ਸਿਰਫ਼ ਵੱਡੇ ਆਗੂਆਂ ‘ਤੇ ਹੀ ਨਹੀਂ, ਸਗੋਂ ਕਈ ਆਮ ਵਰਕਰਾਂ ਦੇ ਘਰਾਂ ‘ਤੇ ਵੀ ਛਾਪੇਮਾਰੀ ਚੱਲ ਰਹੀ ਹੈ। ਇੱਕ ਆਮ ਵਰਕਰ ਜਾਂ ਸੰਗਠਨ ਦੇ ਇੰਚਾਰਜ ‘ਤੇ ਇਹ ਛਾਪੇਮਾਰੀ ਸਿਰਫ਼ ਅਤੇ ਸਿਰਫ਼ ਉਨ੍ਹਾਂ ਦਾ ਚੋਣ ਡਾਟਾ ਚੋਰੀ ਕਰਨ ਲਈ ਕੀਤੀ ਜਾ ਰਹੀ ਹੈ। ਠੀਕ ਉਵੇਂ ਹੀ, ਜਿਵੇਂ ਈਡੀ ਨੇ ਬੰਗਾਲ ਵਿੱਚ ਟੀਐਮਸੀ ਨਾਲ ਕੀਤਾ ਸੀ। ਸਾਰਾ ਡਾਟਾ ਚੋਰੀ ਕਰਕੇ ਭਾਜਪਾ ਨੂੰ ਸੌਂਪ ਦਿੱਤਾ, ਉਹੀ ਖੇਡ ਅੱਜ ਗੋਆ ਵਿੱਚ ਦੁਹਰਾਈ ਜਾ ਰਹੀ ਹੈ।

ਅੰਤ ਵਿੱਚ ਆਤਿਸ਼ੀ ਨੇ ਭਾਜਪਾ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਮੈਂ ਭਾਜਪਾ ਨੂੰ ਸਾਫ਼ ਕਰ ਦੇਣਾ ਚਾਹੁੰਦੀ ਹਾਂ ਕਿ ਆਮ ਆਦਮੀ ਪਾਰਟੀ ਤੁਹਾਡੇ ਤੋਂ ਜਾਂ ਈਡੀ ਤੋਂ ਡਰਨ ਵਾਲੀ ਨਹੀਂ ਹੈ। ਗੋਆ ਦੇ ਲੋਕ ਸਭ ਦੇਖ ਰਹੇ ਹਨ ਕਿ ਕਿਸ ਤਰ੍ਹਾਂ ਭਾਜਪਾ ਨੇ ਪਿਛਲੇ 15 ਸਾਲਾਂ ਵਿੱਚ ਗੋਆ ਦੀ ਹਾਲਤ ਬਦਤਰ ਕਰ ਦਿੱਤੀ ਹੈ ਅਤੇ ਇੱਥੋਂ ਦੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੈ। ਹੁਣ ਈਡੀ ਦੀ ਇਹ ਫਰਜ਼ੀ ਛਾਪੇਮਾਰੀ ਵੀ ਗੋਆ ਵਿੱਚ ਭਾਜਪਾ ਨੂੰ ਕਰਾਰੀ ਹਾਰ ਤੋਂ ਨਹੀਂ ਬਚਾ ਸਕਦੀ।

ਆਪ ਦੇ ਸੀਨੀਅਰ ਆਗੂ ਅਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ‘ਐਕਸ’ ‘ਤੇ ਕਿਹਾ ਕਿ ਈਡੀ, ਸੀਬੀਆਈ ਅਤੇ ਚੋਣ ਕਮਿਸ਼ਨ ਵਰਗੀਆਂ ਸੰਸਥਾਵਾਂ ਨੂੰ ਆਪਣੇ ਨਿੱਜੀ ਗੁੰਡਿਆਂ ਵਾਂਗ ਵਰਤ ਕੇ ਮੋਦੀ ਜੀ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਚੋਣਾਂ ਜਿੱਤਣ ਤੋਂ ਰੋਕ ਸਕਦੇ ਹਨ। ਪਰ ਦੇਸ਼ ਦੀ ਅਰਥਵਿਵਸਥਾ ਨੂੰ, ਰੁਪਏ ਦੀ ਡਿੱਗਦੀ ਇੱਜ਼ਤ ਨੂੰ ਨਹੀਂ ਸੰਭਾਲ ਸਕਦੇ।

ਸੌਰਭ ਭਾਰਦਵਾਜ ਨੇ ‘ਐਕਸ’ ‘ਤੇ ਕਿਹਾ ਕਿ ਸੋਮਵਾਰ ਨੂੰ ਆਮ ਆਦਮੀ ਪਾਰਟੀ ਦੇ ਗੋਆ ਦੇ ਸਹਿ-ਇੰਚਾਰਜ ਦੀਪਕ ਸਿੰਗਲਾ ਦੇ ਘਰ ‘ਤੇ ਈਡੀ ਨੇ ਦਿੱਲੀ ਅਤੇ ਗੋਆ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। ਈਡੀ, ਸੀਬੀਆਈ, ਏਸੀਬੀ ਆਦਿ ਵੱਲੋਂ “ਆਪ” ਆਗੂਆਂ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਹੀ ਹੈ।