
ਚੰਡੀਗੜ੍ਹ, 11 ਮਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਜ਼ਿਲ੍ਹਾ ਕੁਰੂਕਸ਼ੇਤਰ ਦੇ ਪਿਹੋਵਾ ਅਧੀਨ ਪੈਂਦੇ ਅਰੁਣਾਏ ਸਥਿਤ ਸ੍ਰੀ ਸੰਗਮੇਸ਼ਵਰ ਮਹਾਦੇਵ ਮੰਦਰ ਵਿਖੇ ਆਯੋਜਿਤ “ਸੋਮਨਾਥ ਸਵਾਭਿਮਾਨ ਪਰਵ” ਰਾਜ ਪੱਧਰੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮੰਤਰੀ ਨੇ ਮੰਦਰ ਦੇ ਗਰਭਗ੍ਰਹਿ ਵਿੱਚ ਵਿਧੀ-ਵਿਧਾਨ ਅਨੁਸਾਰ ਪੂਜਾ-ਅਰਚਨਾ ਕੀਤੀ ਅਤੇ ਸੂਬਾ ਵਾਸੀਆਂ ਲਈ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ।
ਮੁੱਖ ਮੰਤਰੀ ਨੇ ਸਮਾਗਮ ਦੌਰਾਨ ਅਰੁਣਾਏ ਵਿੱਚ 101 ਔਰਤਾਂ ਦੀ ਕਲਸ਼ ਯਾਤਰਾ ਨੂੰ ਰਵਾਨਾ ਕੀਤਾ। ਧਾਰਮਿਕ ਅਤੇ ਅਧਿਆਤਮਿਕ ਮਾਹੌਲ ਵਿੱਚ ਕੱਢੀ ਗਈ ਇਸ ਕਲਸ਼ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਿੱਸਾ ਲਿਆ।
ਇਸ ਮੌਕੇ ਮੁੱਖ ਮੰਤਰੀ ਨੇ 48 ਕੋਸ ਦੇ ਵੱਖ-ਵੱਖ ਤੀਰਥ ਅਸਥਾਨਾਂ ਤੋਂ ਪੁੱਜੇ ਸੰਤਾਂ-ਮਹਾਤਮਾਵਾਂ ਦਾ ਸਵਾਗਤ ਅਤੇ ਅਭਿਨੰਦਨ ਕੀਤਾ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਉਨ੍ਹਾਂ ਨੇ ਕਿਹਾ ਕਿ ਅਜਿਹੇ ਧਾਰਮਿਕ ਅਤੇ ਸੱਭਿਆਚਾਰਕ ਸਮਾਗਮ ਸਾਡੀਆਂ ਅਮੀਰ ਪਰੰਪਰਾਵਾਂ, ਸੱਭਿਆਚਾਰਕ ਵਿਰਾਸਤ ਅਤੇ ਸਮਾਜਿਕ ਏਕਤਾ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਹਨ। ਸਮਾਗਮ ਦੌਰਾਨ ਸ੍ਰੀ ਸੰਗਮੇਸ਼ਵਰ ਮਹਾਦੇਵ ਮੰਦਰ ਕੰਪਲੈਕਸ ਵਿੱਚ ਅਰੁਣਾਏ ਲੰਗਰ ਹਾਲ ਦਾ ਉਦਘਾਟਨ ਵੀ ਕੀਤਾ ਗਿਆ।
ਇਸ ਮੌਕੇ ਮੁੱਖ ਮੰਤਰੀ ਨੇ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ, ਹਰਿਆਣਾ ਵੱਲੋਂ “ਸੋਮਨਾਥ ਸਵਾਭਿਮਾਨ ਪਰਵ” ਵਿਸ਼ੇ ‘ਤੇ ਲਗਾਈ ਗਈ ਵਿਸ਼ੇਸ਼ ਪ੍ਰਦਰਸ਼ਨੀ ਦਾ ਉਦਘਾਟਨ ਅਤੇ ਨਿਰੀਖਣ ਵੀ ਕੀਤਾ। ਪ੍ਰਦਰਸ਼ਨੀ ਵਿੱਚ ਸੋਮਨਾਥ ਮੰਦਰ ਦੇ ਸ਼ਾਨਦਾਰ ਇਤਿਹਾਸ, ਸੱਭਿਆਚਾਰਕ ਵਿਰਾਸਤ ਅਤੇ ਦੇਸ਼ ਦੀ ਆਸਥਾ ਤੇ ਸਵੈ-ਮਾਣ ਨਾਲ ਜੁੜੇ ਵੱਖ-ਵੱਖ ਪਹਿਲੂਆਂ ਨੂੰ ਆਕਰਸ਼ਕ ਤਸਵੀਰਾਂ ਅਤੇ ਜਾਣਕਾਰੀਆਂ ਰਾਹੀਂ ਦਿਖਾਇਆ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ ਅਤੇ ਸੱਭਿਆਚਾਰ ਨਾਲ ਜੋੜਨ ਦਾ ਕੰਮ ਕਰਦੀਆਂ ਹਨ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪਵਿੱਤਰ ਤੀਰਥ ਅਸਥਾਨ ਜੋਤੀਸਰ ਪਹੁੰਚ ਕੇ ਪੂਜਾ-ਅਰਚਨਾ ਕੀਤੀ ਅਤੇ ਸੂਬੇ ਦੀ ਖੁਸ਼ਹਾਲੀ ਅਤੇ ਲੋਕ ਭਲਾਈ ਦੀ ਕਾਮਨਾ ਕੀਤੀ। ਇਸ ਦੌਰਾਨ ਉਨ੍ਹਾਂ ਜੋਤੀਸਰ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦਾ ਜਾਇਜ਼ਾ ਵੀ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦਾ ਵਿਕਾਸ ਰਾਜ ਸਰਕਾਰ ਦੀਆਂ ਤਰਜੀਹਾਂ ਵਿੱਚ ਸ਼ਾਮਲ ਹੈ, ਤਾਂ ਜੋ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।
ਇਸ ਮੌਕੇ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਜੀ ਮਹਾਰਾਜ, ਮਹੰਤ ਰਵਿੰਦਰ ਪੁਰੀ ਜੀ ਮਹਾਰਾਜ, ਬੰਸੀ ਪੁਰੀ ਜੀ ਮਹਾਰਾਜ, ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ, ਭਾਜਪਾ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਗੋਲਡੀ, ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੀ ਵਧੀਕ ਡਾਇਰੈਕਟਰ ਸ੍ਰੀਮਤੀ ਵਰਸ਼ਾ ਖਾਂਗਵਾਲ, ਮਨੀਸ਼ ਲੋਹਾਨ, ਅੰਬਾਲਾ ਸ਼ਹੀਦ ਸਮਾਰਕ ਦੇ ਡਾਇਰੈਕਟਰ ਡਾ. ਕੁਲਦੀਪ ਸੈਣੀ ਸਮੇਤ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ, ਸੰਤ-ਮਹਾਤਮਾ, ਮਾਣਯੋਗ ਵਿਅਕਤੀ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜ਼ੂਦ ਸਨ।