
ਸ੍ਰੀ ਅਨੰਦਪੁਰ ਸਾਹਿਬ 03 ਅਪ੍ਰੈਲ : ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਵੱਲੋਂ ਬੀਤੀ ਸ਼ਾਮ ਹਨੂੰਮਾਨ ਜੈਯੰਤੀ ਦੇ ਪਵਿੱਤਰ ਅਵਸਰ ਅਤੇ ਰਾਸ਼ਟਰੀ ਸੰਤ ਬਾਬਾ ਬਾਲ ਜੀ ਮਹਾਰਾਜ ਦੇ ਜਨਮ ਦਿਨ ਮੌਕੇ ਸ਼੍ਰੀ ਰਾਧਾ ਕ੍ਰਿਸ਼ਨ ਆਸ਼ਰਮ
ਕੋਟਲਾ ਪਾਵਰ ਹਾਊਸ, ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ੇਸ਼ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਬਾਬਾ ਜੀ ਦੇ ਦਰਸ਼ਨ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸੰਗਤਾਂ ਨਾਲ ਧਾਰਮਿਕ ਮਾਹੌਲ ਵਿੱਚ ਸਮਾਂ ਬਿਤਾਇਆ। ਆਸ਼ਰਮ ਵਿੱਚ ਹੋ ਰਹੀ ਧਾਰਮਿਕ ਗਤੀਵਿਧੀਆਂ ਅਤੇ ਸੇਵਾ ਭਾਵਨਾ ਦੀ ਉਨ੍ਹਾਂ ਵੱਲੋਂ ਭਰਪੂਰ ਪ੍ਰਸ਼ੰਸਾ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਨੇ ਕਿਹਾ ਕਿ ਧਾਰਮਿਕ ਸਥਾਨ ਸਾਡੀ ਸੰਸਕ੍ਰਿਤੀ ਅਤੇ ਆਤਮਕ ਸ਼ਾਂਤੀ ਦੇ ਕੇਂਦਰ ਹਨ, ਜਿੱਥੇ ਲੋਕਾਂ ਨੂੰ ਸਹੀ ਜੀਵਨ ਜੀਊਣ ਦੀ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਹਮੇਸ਼ਾਂ ਅਜਿਹੇ ਸਥਾਨਾਂ ਦੀ ਵਿਕਾਸ ਅਤੇ ਸਹੂਲਤਾਂ ਵਧਾਉਣ ਲਈ ਯਤਨ ਕੀਤੇ ਜਾਂਦੇ ਹਨ ਤਾਂ ਜੋ ਸੰਗਤਾਂ ਨੂੰ ਕੋਈ ਦਿੱਕਤ ਨਾ ਆਵੇ ਅਤੇ ਉਹ ਅਰਾਮ ਨਾਲ ਸੇਵਾ-ਸਿਮਰਨ ਕਰ ਸਕਣ।
ਕੈਬਨਿਟ ਮੰਤਰੀ ਵੱਲੋਂ ਕੋਟਲਾ ਸਤਿਸੰਗ ਘਰ ਦੀ ਉੱਨਤੀ ਲਈ 10 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ 5 ਲੱਖ ਰੁਪਏ ਦਾ ਪਹਿਲਾ ਚੈੱਕ ਬਾਬਾ ਜੀ ਦੇ ਚਰਨਾਂ ਵਿੱਚ ਨਿਵੇਦਨ ਕੀਤਾ। ਇਹ ਐਲਾਨ ਸੰਗਤਾਂ ਵੱਲੋਂ ਭਾਰੀ ਉਤਸ਼ਾਹ ਨਾਲ ਸਵੀਕਾਰਿਆ ਗਿਆ ਅਤੇ ਇਸ ਨਾਲ ਆਸ਼ਰਮ ਦੇ ਵਿਕਾਸ ਕਾਰਜਾਂ ਨੂੰ ਨਵੀਂ ਰਫਤਾਰ ਮਿਲਣ ਦੀ ਉਮੀਦ ਜਤਾਈ ਗਈ।
ਸਮਾਗਮ ਦੌਰਾਨ ਕੈਬਨਿਟ ਮੰਤਰੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਬਾਬਾ ਜੀ ਦੇ ਜਨਮਦਿਨ ਦੀ ਖੁਸ਼ੀ ਵਿੱਚ ਕੇਕ ਵੀ ਕੱਟਿਆ ਗਿਆ, ਜਿਸ ਨੂੰ ਬਾਅਦ ਵਿੱਚ ਸੰਗਤਾਂ ਵਿੱਚ ਵੰਡਿਆ ਗਿਆ। ਸਾਰਾ ਮਾਹੌਲ ਭਗਤੀ ਅਤੇ ਖੁਸ਼ੀ ਨਾਲ ਭਰਪੂਰ ਰਿਹਾ। ਅੰਤ ਵਿੱਚ ਸਭ ਨੇ ਮਿਲ ਕੇ ਅਰਦਾਸ ਕੀਤੀ ਕਿ ਬਾਬਾ ਜੀ ਦਾ ਆਸ਼ੀਰਵਾਦ ਸਦਾ ਸਭ ‘ਤੇ ਬਣਿਆ ਰਹੇ ਅਤੇ ਸਮਾਜ ਵਿੱਚ ਚੜ੍ਹਦੀ ਕਲਾ ਅਤੇ ਭਾਈਚਾਰੇ ਦੀ ਭਾਵਨਾ ਬਣੀ ਰਹੇ।