Monday, March 30Malwa News
Shadow

ਨੰਗਲ ਨੂੰ ਮਿਲਣ ਜਾ ਰਹੀਆਂ 70 ਕਰੋੜ ਦੀਆਂ ਵੱਡੀਆਂ ਵਿਕਾਸੀ ਸੌਗਾਤਾਂ- ਹਰਜੋਤ ਬੈਂਸ

ਨੰਗਲ 30 ਮਾਰਚ: ਪੰਜਾਬ ਦੇ ਸਿੱਖਿਆ ਮੰਤਰੀ ਅਤੇ ਹਲਕਾ ਵਿਧਾਇਕ ਸ਼੍ਰੀ ਅਨੰਦਪੁਰ ਹਰਜੋਤ ਸਿੰਘ ਬੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 31 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੰਗਲ ਦੌਰੇ ’ਤੇ ਪਹੁੰਚ ਰਹੇ ਹਨ, ਜਿੱਥੇ ਉਹ ਸ਼ਹਿਰ ਨੂੰ ਲਗਭਗ 70 ਕਰੋੜ ਰੁਪਏ ਦੀਆਂ ਵਿਕਾਸੀ ਸੌਗਾਤਾਂ ਦੇਣਗੇ। ਉਨ੍ਹਾਂ ਕਿਹਾ ਕਿ ਇਹ ਕੋਈ ਰਾਜਨੀਤਿਕ ਪ੍ਰੋਗਰਾਮ ਨਹੀਂ, ਸਗੋਂ ਨੰਗਲ ਅਤੇ ਆਸ-ਪਾਸ ਦੇ ਇਲਾਕੇ ਦੇ ਵਿਕਾਸ ਲਈ ਇੱਕ ਇਤਿਹਾਸਕ ਦਿਨ ਹੋਵੇਗਾ। ਉਨ੍ਹਾਂ ਸਮੂਹ ਨੰਗਲ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਐਨਐਫਐਲ ਗਰਾਊਂਡ ਵਿੱਚ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ।

    ਕੈਬਨਿਟ ਮੰਤਰੀ ਨੇ ਦੱਸਿਆ ਕਿ ਸਭ ਤੋਂ ਮਹੱਤਵਪੂਰਨ ਪ੍ਰੋਜੈਕਟਾਂ ਵਿੱਚੋਂ ਇੱਕ 18 ਕਰੋੜ ਰੁਪਏ ਦੀ ਲਾਗਤ ਨਾਲ ਨੰਗਲ ਵਿੱਚ ਨਵੇਂ ਵਾਟਰ ਟਰੀਟਮੈਂਟ ਪਲਾਂਟਾਂ ਦੀ ਸਥਾਪਨਾ ਹੈ। ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਸ਼ਹਿਰ ਦੇ ਦੋਨੋਂ ਹਿੱਸਿਆਂ ਨੂੰ ਸਤਲੁਜ ਦਰਿਆ ਦਾ ਸ਼ੁੱਧ ਪਾਣੀ ਮੁਹੱਈਆ ਕਰਵਾਇਆ ਜਾਵੇਗਾ, ਜਿਸ ਨਾਲ ਪਾਣੀ ਦੀ ਕਮੀ ਵਾਲੇ ਵਾਰਡਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਨਾਲ ਨਾਲ ਅੰਡਰਗ੍ਰਾਊਂਡ ਪਾਣੀ ਦੀ ਗੁਣਵੱਤਾ ਵਿੱਚ ਆ ਰਹੀ ਗਿਰਾਵਟ ਨੂੰ ਵੀ ਕਾਬੂ ਕੀਤਾ ਜਾ ਸਕੇਗਾ ਅਤੇ ਬਿਮਾਰੀਆਂ ਵਿੱਚ ਕਮੀ ਆਵੇਗੀ।

    ਉਨ੍ਹਾਂ ਹੋਰ ਦੱਸਿਆ ਕਿ ਨੰਗਲ ਵਿੱਚ ਸ਼ਹੀਦ ਕੈਪਟਨ ਮਨਮੋਹਨ ਕਾਲੀਆ ਦੀ ਯਾਦ ਵਿੱਚ ਇੱਕ ਆਧੁਨਿਕ ਸੈਂਟਰ ਆਫ ਐਕਸੀਲੈਂਸ ਸਥਾਪਿਤ ਕੀਤਾ ਜਾਵੇਗਾ, ਜਿੱਥੇ ਵਿਦਿਆਰਥੀਆਂ ਨੂੰ ਨਵੀਂ ਤਕਨੀਕੀ ਅਤੇ ਸਕਿਲ ਡਿਵੈਲਪਮੈਂਟ ਕੋਰਸਾਂ ਦੀ ਸਹੂਲਤ ਮਿਲੇਗੀ। ਇਹ ਸੈਂਟਰ ਇਲਾਕੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰੇਗਾ ਅਤੇ ਉਦਯੋਗਿਕ ਲੋੜਾਂ ਅਨੁਸਾਰ ਤਿਆਰ ਕਰੇਗਾ।

    ਸਿੱਖਿਆ ਖੇਤਰ ਵਿੱਚ ਵੱਡੀ ਤਰੱਕੀ ਦੇ ਤਹਿਤ, ਇੱਕ ਪ੍ਰਸਿੱਧ ਸਕੂਲ ਨੂੰ ਅਪਗ੍ਰੇਡ ਕਰਕੇ ਡਾ. ਬੀ.ਆਰ.ਅੰਬੇਡਕਰ ਦੇ ਨਾਮ ਸਮਰਪਿਤ ਕੀਤਾ ਜਾਵੇਗਾ। ਇਸ ਸਕੂਲ ਵਿੱਚ 500 ਸੀਟਾਂ ਵਾਲਾ ਆਧੁਨਿਕ ਆਡੀਟੋਰੀਅਮ ਅਤੇ ਲਗਭਗ 8 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਚਾਰ ਮੰਜ਼ਿਲਾ ਬਲਾਕ ਤਿਆਰ ਕੀਤਾ ਜਾਵੇਗਾ। ਕੁੱਲ ਮਿਲਾ ਕੇ ਇਸ ਪ੍ਰੋਜੈਕਟ ’ਤੇ ਕਰੀਬ 25 ਕਰੋੜ ਰੁਪਏ ਖਰਚੇ ਜਾਣਗੇ, ਜਿਸ ਨਾਲ ਇਹ ਸਕੂਲ ਉੱਤਰੀ ਭਾਰਤ ਦੇ ਸਭ ਤੋਂ ਵਧੀਆ ਸਿੱਖਿਆ ਸੰਸਥਾਨਾਂ ਵਿੱਚ ਸ਼ਾਮਲ ਹੋਵੇਗਾ।

ਇਸ ਤੋਂ ਇਲਾਵਾ, ਨੰਗਲ ਵਿੱਚ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਸਤਲੁਜ ਦਰਿਆ ਉੱਤੇ ਉੱਤਰੀ ਭਾਰਤ ਦਾ ਪਹਿਲਾ ਗਲਾਸ ਬ੍ਰਿਜ ਬਣਾਇਆ ਜਾਵੇਗਾ। ਇਹ ਪ੍ਰੋਜੈਕਟ ਨੰਗਲ ਨੂੰ ਇੱਕ ਵੱਡੇ ਟੂਰਿਜ਼ਮ ਹੱਬ ਵਜੋਂ ਵਿਕਸਿਤ ਕਰੇਗਾ ਅਤੇ ਹਰ ਰੋਜ਼ ਹਜ਼ਾਰਾਂ ਸੈਲਾਨੀਆਂ ਨੂੰ ਆਕਰਸ਼ਿਤ ਕਰੇਗਾ। ਇਸ ਨਾਲ ਸਥਾਨਕ ਵਪਾਰ, ਰੋਜ਼ਗਾਰ ਅਤੇ ਆਰਥਿਕ ਗਤੀਵਿਧੀਆਂ ਵਿੱਚ ਵੱਡਾ ਵਾਧਾ ਹੋਵੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਸਾਰੇ ਨੰਗਲ ਵਾਸੀ 31 ਮਾਰਚ ਨੂੰ ਸਵੇਰੇ 11 ਵਜੇ ਐਨਐਫਐਲ ਗਰਾਊਂਡ ਵਿੱਚ ਪਹੁੰਚ ਕੇ ਇਸ ਇਤਿਹਾਸਕ ਮੌਕੇ ਦੇ ਗਵਾਹ ਬਣਨ।