
ਜੰਡਿਆਲਾ ਗੁਰੂ/ਅੰਮ੍ਰਿਤਸਰ, 27 ਮਾਰਚ ( ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈਟੀਓ ਵੱਲੋਂ ਅੱਜ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਵੱਖ-ਵੱਖ ਪਿੰਡਾਂ ਵਿੱਚ ਸੰਪਰਕ ਸੜਕਾਂ ਦੀ ਉਸਾਰੀ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ।
ਕੈਬਨਿਟ ਮੰਤਰੀ ਵੱਲੋਂ ਸਭ ਤੋਂ ਪਹਿਲਾਂ ਪਿੰਡ ਸ਼ਫੀਪੁਰ ਵਿੱਚ 11.61 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਉਦਘਾਟਨ ਕੀਤਾ ਗਿਆ। ਇਸ ਤੋਂ ਬਾਅਦ ਪਿੰਡ ਸਟੀਵੁਰ ਵਿੱਚ 2.19 ਕਿਲੋਮੀਟਰ ਲੰਬੀਆਂ ਇੰਟਰਲਾਕਿੰਗ ਟਾਈਲ ਸੜਕਾਂ ਦੀ ਉਸਾਰੀ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਉਨ੍ਹਾਂ 12.13 ਕਿਲੋਮੀਟਰ ਲੰਬੀ ਪਿੰਡ ਤਾਰਾਗੜ੍ਹ ਤੋਂ ਗੁਰਦੁਆਰਾ ਬਾਬਾ ਸ਼ੇਖ ਫਰੀਦ ਅਤੇ ਬਾਬਾ ਨਿਰਮਲ ਜੀ, ਤਿੰਮੋਵਾਲ ਤੱਕ ਸ਼ਫੀਪੁਰ (ਰਟੌਲ) ਸੜਕ ਨੂੰ 10 ਤੋਂ 18 ਫੁੱਟ ਤੱਕ ਚੌੜਾ ਅਤੇ ਮਜ਼ਬੂਤ ਕਰਕੇ ਜੰਡਿਆਲਾ-ਤਰਨ ਤਾਰਨ ਸੜਕ ਨਾਲ ਜੋੜਨ ਵਾਲੇ ਪ੍ਰੋਜੈਕਟ ਦੀ ਵੀ ਸ਼ੁਰੂਆਤ ਕੀਤੀ।
ਇਲਾਕਾ ਨਿਵਾਸੀਆਂ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸੜਕਾਂ ਵਿੱਚੋਂ 92.16 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕਿੰਗ ਟਾਈਲ ਸੜਕਾਂ ਅਤੇ 1068.52 ਲੱਖ ਰੁਪਏ ਦੀ ਲਾਗਤ ਨਾਲ ਬਿਟੂਮਨ ਸੜਕਾਂ ਬਣਾਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਇਹ ਕੰਮ ਸਪੈਸ਼ਲ ਅਸਿਸਟੈਂਸ ਸਕੀਮ ਫੇਸ-1 ਅਧੀਨ 5054 ਫੰਡਾਂ ਵਿੱਚੋਂ ਕੀਤੇ ਜਾਣਗੇ। ਸੜਕਾਂ ਦੀ ਕੁੱਲ ਲੰਬਾਈ 14.32 ਕਿਲੋਮੀਟਰ ਹੈ ਅਤੇ ਇਹਨਾਂ ਕੰਮਾਂ ਨੂੰ 12 ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ।
ਮੰਤਰੀ ਨੇ ਕਿਹਾ ਕਿ ਇਨ੍ਹਾਂ ਸੜਕਾਂ ਦੀ ਉਸਾਰੀ ਨਾਲ ਲੋਕਾਂ ਨੂੰ ਆਵਾਜਾਈ ਵਿੱਚ ਵੱਡੀ ਰਾਹਤ ਮਿਲੇਗੀ ਅਤੇ ਸਬੰਧਤ ਅਧਿਕਾਰੀਆਂ ਨੂੰ ਕੰਮ ਸਮੇਂ-ਸਿਰ ਪੂਰਾ ਕਰਨ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਵਿਕਾਸ ਦੇ ਪੱਖੋਂ ਜੰਡਿਆਲਾ ਗੁਰੂ ਨੂੰ ਸੂਬੇ ਦਾ ਮੋਹਰੀ ਹਲਕਾ ਬਣਾਇਆ ਜਾਵੇਗਾ।
ਇਸ ਤੋਂ ਇਲਾਵਾ ਕੈਬਨਿਟ ਮੰਤਰੀ ਵੱਲੋਂ ਸ਼ਹੀਦ ਸਰਤਾਜ ਸਿੰਘ ਸਰਕਾਰੀ ਹਾਈ ਸਕੂਲ, ਸ਼ਫੀਪੁਰ (ਅੰਮ੍ਰਿਤਸਰ) ਵਿੱਚ ਸਮਾਰਟ ਇੰਟਰਐਕਟਿਵ ਪੈਨਲ ਦਾ ਉਦਘਾਟਨ ਵੀ ਕੀਤਾ ਗਿਆ, ਜੋ ਇੱਕ ਕਲਾਸਰੂਮ ਅਤੇ ਇੱਕ ਲੈਬ ਵਿੱਚ ਲਗਾਇਆ ਗਿਆ ਹੈ।
==-