Wednesday, March 25Malwa News
Shadow

ਮੇਰਾ ਯੁਵਾ ਭਾਰਤ ਵੱਲੋਂ ਛੇ ਰੋਜ਼ਾ ਕਸ਼ਮੀਰੀ ਯੂਥ ਐਕਸਚੇਂਜ ਪ੍ਰੋਗਰਾਮ ਦਾ ਆਗਾਜ਼

ਤਰਨ ਤਾਰਨ, 25 ਮਾਰਚ :        ਮੇਰਾ ਯੁਵਾ ਭਾਰਤ ਤਰਨ ਤਾਰਨ ਵੱਲੋਂ ਗ੍ਰਹਿ ਮੰਤਰਾਲੇ ਅਤੇ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਦੀ ਸਾਂਝੀ ਪਹਿਲਕਦਮੀ ‘ਕਸ਼ਮੀਰੀ ਯੂਥ ਐਕਸਚੇਂਜ ਪ੍ਰੋਗਰਾਮ’ ਦਾ ਆਗਾਜ਼ ਅੱਜ ਯੂਥ ਹੋਸਟਲ, ਤਰਨ ਤਾਰਨ ਵਿਖੇ ਡਿਪਟੀ ਡਾਇਰੈਕਟਰ ਮੈਡਮ ਜਸਲੀਨ ਕੌਰ ਦੀ ਨਿਗਰਾਨੀ ਹੇਠ ਹੋਇਆ। 29 ਮਾਰਚ ਤੱਕ ਚੱਲਣ ਵਾਲੇ ਇਸ ਛੇ ਰੋਜ਼ਾ ਪ੍ਰੋਗਰਾਮ ਦੇ ਉਦਘਾਟਨੀ ਸਮਾਰੋਹ ਵਿਚ ਸਬ-ਡਵੀਜ਼ਨਲ ਮੈਜਿਸਟਰੇਟ ਤਰਨ ਤਾਰਨ ਡਾ. ਕਰਨਵੀਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

ਆਪਣੇ ਸੰਬੋਧਨ ਵਿੱਚ ਡਾ. ਕਰਨਬੀਰ ਸਿੰਘ ਨੇ ਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਨੌਜਵਾਨਾਂ ਵਿਚ ਏਕਤਾ ਅਤੇ ਆਪਸੀ ਸਮਝ ਨੂੰ ਮਜ਼ਬੂਤ ਕਰਨ ਵਿਚ ਅਜਿਹੀਆਂ ਪਹਿਲਕਦਮੀਆਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭਾਗੀਦਾਰਾਂ ਨੂੰ ਸਿੱਖਣ ਅਤੇ ਸਥਾਈ ਸਬੰਧ ਬਣਾਉਣ ਦੇ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ।

ਡਿਪਟੀ ਡਾਇਰੈਕਟਰ ਜਸਲੀਨ ਕੌਰ ਨੇ ਮੁੱਖ ਮਹਿਮਾਨ ਅਤੇ ਭਾਗੀਦਾਰਾਂ ਦਾ ਰਸਮੀ ਤੌਰ ‘ਤੇ ਸਵਾਗਤ ਕੀਤਾ ਅਤੇ ਪ੍ਰੋਗਰਾਮ ਦੇ ਮੁੱਖ ਉਦੇਸ਼ਾਂ ਨੂੰ ਉਜਾਗਰ ਕੀਤਾ, ਜਿਸ ਵਿਚ ਨੌਜਵਾਨਾਂ ਦੀ ਸ਼ਮੂਲੀਅਤ, ਰਾਸ਼ਟਰੀ ਏਕਤਾ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ‘ਤੇ ਜ਼ੋਰ ਦਿੱਤਾ ਗਿਆ।

ਸਮਾਗਮ ਦੀ ਸ਼ੁਰੂਆਤ ਦੀਪ ਜਗਾਉਣ ਦੀ ਰਸਮ ਨਾਲ ਹੋਈ, ਜਿਸ ਤੋਂ ਬਾਅਦ ਪੁਲਵਾਮਾ ਜ਼ਿਲ੍ਹੇ ਦੇ ਭਾਗੀਦਾਰਾਂ ਦੁਆਰਾ ਗੀਤ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਕਸ਼ਮੀਰੀ ਭਾਗੀਦਾਰਾਂ ਦੁਆਰਾ ਇੱਕ ਸੱਭਿਆਚਾਰਕ ਪੇਸ਼ਕਾਰੀ ਦਿੱਤੀ ਗਈ, ਜਿਸ ਵਿਚ ਉਨ੍ਹਾਂ ਦੀਆਂ ਅਮੀਰ ਪਰੰਪਰਾਵਾਂ ਅਤੇ ਸੱਭਿਆਚਾਰਕ ਵਿਰਾਸਤ ਦਾ ਪ੍ਰਦਰਸ਼ਨ ਕੀਤਾ ਗਿਆ।

ਜਾਗਰੂਕਤਾ ਸੈਸ਼ਨਾਂ ਦੇ ਹਿੱਸੇ ਵਜੋਂ  ਐਸ.ਐਚ.ਓ ਹਰਵਿੰਦਰ ਕੌਰ ਨੇ ਸਾਈਬਰ ਜਾਗਰੂਕਤਾ ‘ਤੇ ਬੋਲਦਿਆਂ ਨੌਜਵਾਨਾਂ ਨੂੰ ਆਨਲਾਈਨ ਸੁਰੱਖਿਆ, ਸਾਈਬਰ ਅਪਰਾਧ ਰੋਕਥਾਮ ਅਤੇ ਜ਼ਿੰਮੇਵਾਰ ਡਿਜੀਟਲ ਵਿਵਹਾਰ ਬਾਰੇ ਜਾਗਰੂਕ ਕੀਤਾ।

ਸਿਵਲ ਹਸਪਤਾਲ, ਤਰਨਤਾਰਨ ਤੋਂ ਡਾ. ਜੈਸਮੀਨ ਨੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਨਾਲ ਜੁੜੇ ਜੋਖਮਾਂ ਅਤੇ ਇਕ ਸਿਹਤਮੰਦ ਜੀਵਨ ਸ਼ੈਲੀ ਦੀ ਮਹੱਤਤਾ ਨੂੰ ਉਜਾਗਰ ਕੀਤਾ।

ਡਿਪਟੀ ਡਾਇਰੈਕਟਰ ਜਸਲੀਨ ਕੌਰ ਨੇ ਦੱਸਿਆ ਕਿ ਛੇ ਦਿਨਾਂ ਦੇ ਪ੍ਰੋਗਰਾਮ ਦੌਰਾਨ ਭਾਗੀਦਾਰ ਸ੍ਰੀ ਹਰਿਮੰਦਰ ਸਾਹਿਬ, ਜਲ੍ਹਿਆਂਵਾਲਾ ਬਾਗ, ਰਾਸ਼ਟਰੀ ਅਜਾਇਬ ਘਰ ਅਤੇ ਅਟਾਰੀ ਸਰਹੱਦ ਸਮੇਤ ਪ੍ਰਮੁੱਖ ਸਥਾਨਾਂ ਦੇ ਯੋਜਨਾਬੱਧ ਦੌਰੇ ਰਾਹੀਂ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਵਿਰਾਸਤ ਦਾ ਅਨੁਭਵ ਵੀ ਕਰਨਗੇ।

ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਨੇ ਕਸ਼ਮੀਰ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਨੌਜਵਾਨਾਂ ਨੂੰ ਇਕੱਠਾ ਕੀਤਾ ਹੈ, ਜੋ ਸੱਭਿਆਚਾਰਕ ਆਦਾਨ-ਪ੍ਰਦਾਨ, ਸਿੱਖਣ ਅਤੇ ਅਨੇਕਤਾ ਵਿਚ ਏਕਤਾ ਨੂੰ ਉਤਸ਼ਾਹਿਤ ਕਰਨ ਲਈ ਇਕ ਅਰਥਪੂਰਨ ਪਲੇਟਫਾਰਮ ਪ੍ਰਦਾਨ ਕਰਦਾ ਹੈ।