
ਬਰਨਾਲਾ, 24 ਮਾਰਚ- ਕਮਿਊਨਿਟੀ ਹੈਲਥ ਸੈਂਟਰ ਧਨੌਲਾ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਸਤਨਾਮ ਸਿੰਘ ਔਜਲਾ ਨੇ ਆਪਣੇ ਅਧੀਨ ਆਉਂਦੇ ਸਾਰੇ ਆਯੁਸ਼ਮਾਨ ਅਰੋਗਿਆ ਕੇਂਦਰਾਂ ਦੇ ਮਲਟੀਪਰਪਜ਼ ਹੈਲਥ ਵਰਕਰ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਾਲਾਨਾ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਲਈ ਮੁੱਖਮੰਤਰੀ ਸਿਹਤ ਯੋਜਨਾ ਕਾਰਡ ਬਣਵਾਉਣ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ ਕਿਹਾ ਹੈ।
ਮਲਟੀਪਰਪਜ਼ ਹੈਲਥ ਵਰਕਰ ਨਾਲ ਇਕ ਬੈਠਕ ਦੌਰਾਨ ਉਨ੍ਹਾਂ ਕਿਹਾ ਕਿ ਆਸ਼ਾ ਵਰਕਰ ਲੋਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਕਾਰਡ ਬਣਵਾਉਣ ਵਿੱਚ ਮਦਦ ਕਰਨ ਤਾਂ ਜੋ ਉਹ ਇਸ ਯੋਜਨਾ ਦਾ ਲਾਭ ਲੈ ਸਕਣ। ਉਨ੍ਹਾਂ ਧਨੌਲਾ ਬਲਾਕ ਦੇ ਸਮੂਹ ਸਟਾਫ਼ ਨੂੰ ਕਿਹਾ ਕਿ ਕਾਰਡ ਬਣਵਾਉਣ ਦਾ ਕੰਮ 31 ਮਾਰਚ ਤੱਕ ਮੁਕੰਮਲ ਕਰ ਲਿਆ ਜਾਵੇ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕਾਰਡ ਬਣਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ, ਜਿਸ ਲਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਸਾਂਝ ਸੇਵਾ ਕੇਂਦਰਾਂ (ਸੀ.ਐੱਸ.ਸੀ) ‘ਤੇ ਵੀ ਇਹ ਕਾਰਡ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਰਡ ਬਣਵਾਉਣ ਦੀ ਕੋਈ ਫ਼ੀਸ ਨਹੀਂ ਲਗਦੀ ਇਹ ਪੂਰੀ ਤਰ੍ਹਾਂ ਮੁਫ਼ਤ ਬਣਾਇਆ ਜਾਂਦਾ ਹੈ।
ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਧਨੌਲਾ ਬਲਾਕ ਵਿੱਚ ਇਸ ਹਫ਼ਤੇ ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ ਪਿੰਡ ਕੱਟੂ, ਅਸਪਾਲ ਕਲਾਂ, ਕਰਮਗੜ੍ਹ ਅਤੇ ਬਾਜਵਾ ਪੱਤੀ ਵਿੱਚ ਲਗਾਏ ਗਏ ਹਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਰਡ ਬਣਵਾਉਣ ਵਿੱਚ ਦੇਰੀ ਨਾ ਕਰਨ ਤਾਂ ਜੋ ਪਰਿਵਾਰ ਵਿਚ ਕੋਈ ਬਿਮਾਰੀ ਆਉਣ ਦੀ ਸੂਰਤ ਵਿੱਚ 10 ਲੱਖ ਰੁਪਏ ਤਕ ਦਾ ਮੁਫ਼ਤ ਇਲਾਜ ਮਿਲ ਸਕੇ।
ਬਲਾਕ ਐਕਸਟੈਨਸ਼ਨ ਐਜੂਕੇਟਰ ਰਤਿਕਾ ਓਬਰਾਏ ਨੇ ਦੱਸਿਆ ਕਿ ਮੀਟਿੰਗ ਵਿੱਚ ਐੱਸ.ਆਈ ਪਰਵਿੰਦਰ ਸਿੰਘ, ਹਰਜਿੰਦਰ ਸਿੰਘ ਅਤੇ ਦਰਸ਼ਪ੍ਰੀਤ ਸਿੰਘ, ਬੀ.ਐੱਸ.ਏ ਵਿਸ਼ਵਜੀਤ ਗਰਗ ਅਤੇ ਮਲਟੀਪਰਪਜ਼ ਹੈਲਥ ਵਰਕਰ ਲਖਵਿੰਦਰ ਸਿੰਘ ਤੋਂ ਇਲਾਵਾ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ।