
ਨੰਗਲ 22 ਮਾਰਚ: ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਅਤੇ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਨੇ ਨੰਗਲ ਦੇ ਸੇਵਾ ਸਦਨ ਵਿੱਚ ਕਰਵਾਏ ਗਏ ਜਨਤਾ ਪ੍ਰੋਗਰਾਮ ਦੌਰਾਨ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਸਮੇਂ ਪੂਰੇ ਹਲਕੇ ਵਿੱਚ ਵਿਕਾਸ ਦੀ “ਹਨੇਰੀ” ਚੱਲ ਰਹੀ ਹੈ ਅਤੇ ਪਿੰਡਾਂ ਤੋਂ ਲੈ ਕੇ ਸ਼ਹਿਰ ਤੱਕ ਹਰ ਖੇਤਰ ਵਿੱਚ ਤੇਜ਼ੀ ਨਾਲ ਕੰਮ ਹੋ ਰਹੇ ਹਨ। ਲਗਭਗ 80 ਪਿੰਡਾਂ ਵਿੱਚ ਫਿਰਨੀਆਂ ਦਾ ਨਿਰਮਾਣ ਜਾਰੀ ਹੈ, ਜਦਕਿ 200 ਕਿਲੋਮੀਟਰ ਤੋਂ ਵੱਧ ਸੜਕਾਂ ਦੀ ਚੌੜਾਈ ਵਧਾ ਕੇ 18 ਫੁੱਟ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇਰੀਗੇਸ਼ਨ ਅਤੇ ਹੋਰ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਵੀ ਜ਼ੋਰਾਂ ‘ਤੇ ਹਨ। ਉਨ੍ਹਾਂ ਨੇ ਦੱਸਿਆ ਕਿ 50 ਕਰੋੜ ਤੋ ਵੱਧ ਦੀ ਲਾਗਤ ਨਾਲ ਹੜ੍ਹਾਂ ਤੋ ਬਚਾਅ ਕਰਨ ਲਈ ਅਗਾਓ ਪ੍ਰਬੰਧ ਕਰਕੇ ਕਰੇਟ ਵਾਲ ਤੇ ਡੰਗੇ ਲਗਾਏ ਜਾ ਰਹੇ ਹਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਨੰਗਲ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਲੰਬੇ ਸਮੇਂ ਤੋਂ ਚੱਲ ਰਹੀ ਸਮੱਸਿਆ ਨੂੰ ਹੱਲ ਕਰਨ ਲਈ ਵੱਡਾ ਕਦਮ ਚੁੱਕਿਆ ਗਿਆ ਹੈ। ਕਈ ਵਾਰਡਾਂ ਵਿੱਚ ਪਾਣੀ ਦੀ ਘਾਟ ਸੀ, ਜਦਕਿ ਕੁਝ ਥਾਵਾਂ ‘ਤੇ ਪਾਣੀ ਦੀ ਗੁਣਵੱਤਾ ਬਹੁਤ ਮਾੜੀ ਸੀ। ਇਸ ਸਮੱਸਿਆ ਦੇ ਹੱਲ ਲਈ 17 ਕਰੋੜ ਦੀ ਲਾਗਤ ਨਾਲ ਵਾਟਰ ਟ੍ਰੀਟਮੈਂਟ ਪਲਾਂਟਾਂ ਦੀ ਸਮਰੱਥਾ ਵਧਾਈ ਜਾ ਰਹੀ ਹੈ। ਦੋਵਾਂ ਪਲਾਂਟਾਂ ਨੂੰ ਨਵਾਂ ਬਣਾਕੇ ਸ਼ਹਿਰ ਦੇ ਦੋਹਾਂ ਕੋਨਾਂ ਤੋਂ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ, ਜਿਸ ਨਾਲ ਨੰਗਲ ਪੰਜਾਬ ਦਾ ਪਹਿਲਾ ਸ਼ਹਿਰ ਬਣੇਗਾ ਜਿੱਥੇ 100 ਫੀਸਦੀ ਸਤਲੁਜ ਦਾ ਸ਼ੁੱਧ ਪਾਣੀ ਮਿਲੇਗਾ।
ਸ.ਬੈਂਸ ਨੇ ਕਿਹਾ ਕਿ ਨੰਗਲ ਵਿੱਚ 24 ਘੰਟੇ ਨਿਰੰਤਰ ਪਾਣੀ ਸਪਲਾਈ ਯਕੀਨੀ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਲਈ ਪਿਛਲੇ ਢਾਈ ਸਾਲਾਂ ਤੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਅਤੇ ਹੁਣ ਠੇਕੇਦਾਰ ਦੀ ਨਿਯੁਕਤੀ ਹੋ ਚੁੱਕੀ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਮਹੱਤਵਪੂਰਨ ਪ੍ਰੋਜੈਕਟ ਦਾ ਕੰਮ ਸ਼ੁਰੂ ਕੀਤਾ ਜਾਵੇਗਾ, ਜਿਸ ਨਾਲ ਲੋਕਾਂ ਨੂੰ ਉੱਚ ਗੁਣਵੱਤਾ ਵਾਲਾ ਪੀਣਯੋਗ ਪਾਣੀ ਮਿਲੇਗਾ।
ਉਨ੍ਹਾਂ ਨੇ ਪੰਜਾਬ ਸਰਕਾਰ ਦੇ ਹੋਰ ਫੈਸਲਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਰਾਹਤ ਦੇਣ ਲਈ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ ਅਤੇ 21 ਟੋਲ ਪਲਾਜ਼ੇ ਬੰਦ ਕੀਤੇ ਗਏ ਹਨ, ਜਿਸ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਸੂਬੇ ਨੇ ਇੰਨੀ ਵੱਡੀ ਗਿਣਤੀ ਵਿੱਚ ਟੋਲ ਪਲਾਜ਼ੇ ਬੰਦ ਕਰਕੇ ਲੋਕਾਂ ਦੀ ਸਿੱਧੀ ਸਹਾਇਤਾ ਕੀਤੀ ਹੈ।
ਕੈਬਨਿਟ ਮੰਤਰੀ ਨੇ ਨੰਗਲ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਵਪਾਰ ਨੂੰ ਵਧਾਉਣ ਲਈ ਲੋਕਾਂ ਨੂੰ ਸਥਾਨਕ ਬਾਜ਼ਾਰਾਂ ਤੋਂ ਖਰੀਦਦਾਰੀ ਕਰਨ ਦੀ ਅਪੀਲ ਕੀਤੀ। ਨੰਗਲ ਬਾਜ਼ਾਰ ਨੂੰ ਅਧੁਨਿਕ ਢੰਗ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ, ਜਿੱਥੇ ਨਵੇਂ ਸ਼ਾਪਿੰਗ ਆਉਟਲੈਟ, ਸਿਨੇਮਾ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਨੰਗਲ ਇੱਕ ਮਾਡਰਨ ਸ਼ਹਿਰ ਵਜੋਂ ਉਭਰੇਗਾ ਅਤੇ ਇਲਾਕੇ ਦੀ ਅਰਥਵਿਵਸਥਾ ਨੂੰ ਨਵੀਂ ਰਫ਼ਤਾਰ ਮਿਲੇਗੀ।
ਇਸ ਮੌਕੇ ਹਰਕੀਰਤ ਸਿੰਘ ਡੀ.ਐਸ.ਪੀ, ਐਡਵੋਕੇਟ ਨਿਸ਼ਾਤ ਗੁਪਤਾ, ਪ੍ਰਿੰ.ਰਾਮ ਗੋਪਾਲ, ਸਾਗਰ ਸੋਪਤੀ, ਦਲਜੀਤ ਸਿੰਘ ਕਾਕਾ, ਨਿਤਿਨ ਬਾਸੋਵਾਲ, ਯਾਦਵਿੰਦਰ ਸਿੰਘ ਚੋਂਕੀ ਇੰਚਾਰਜ, ਮੱਖਣ ਗੋਹਲਣੀ, ਜੁਗਿੰਦਰਪਾਲ ਸਿੰਘ, ਬੁੱਲਾ ਭਨਾਮ, ਪਿੰਕੀ ਸ਼ਰਮਾ, ਗੁਰਨਾਮ ਸਿੰਘ ਭੱਲੜੀ, ਸਾਹਿਲ ਅਨੰਦ ਬਲਾਕ ਕੋਆਰਡੀਨੇਟਰ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।