
ਮਹਿਲ ਕਲਾਂ/ਬਰਨਾਲਾ, 23 ਫਰਵਰੀ:-ਸਿਵਲ ਸਰਜਨ ਬਰਨਾਲਾ ਡਾ. ਹਰੀਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਕਮਿਊਨਿਟੀ ਹੈਲਥ ਸੈਂਟਰ (ਸੀ.ਐੱਚ.ਸੀ.) ਮਹਿਲ ਕਲਾਂ ਵਿਖੇ ‘ਟੈਲੀ ਮਾਨਸ ਸੇਵਾ’ ਬਾਰੇ ਜਾਗਰੂਕਤਾ ਪੈਦਾ ਕਰਨ ਹਿੱਤ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ (ਐੱਸ.ਐੱਮ.ਓ.) ਡਾ. ਗੁਰਤੇਜਿੰਦਰ ਕੌਰ ਨੇ ਕਿਹਾ ਕਿ ਅੱਜ-ਕੱਲ੍ਹ ਮਾਨਸਿਕ ਸਿਹਤ ਸਮੱਸਿਆਵਾਂ ਲਗਾਤਾਰ ਗੰਭੀਰ ਰੂਪ ਧਾਰਨ ਕਰ ਰਹੀਆਂ ਹਨ। ਖ਼ਾਸ ਕਰਕੇ ਕੋਰੋਨਾ ਮਹਾਮਾਰੀ ਤੋਂ ਬਾਅਦ ਬਦਲੇ ਹਾਲਾਤਾਂ ਅਤੇ ਅਜੋਕੇ ਜੀਵਨ ਦੀਆਂ ਪਰਿਸਥਿਤੀਆਂ ਕਾਰਨ ਲੋਕਾਂ ਵਿੱਚ ਮਾਨਸਿਕ ਤਣਾਅ ਕਾਫ਼ੀ ਵਧਿਆ ਹੈ। ਅਜਿਹੀ ਸਥਿਤੀ ਵਿੱਚ ਬਿਨਾਂ ਕਿਸੇ ਝਿਜਕ ਤੋਂ ਮਾਹਿਰ ਡਾਕਟਰ ਦੀ ਸਲਾਹ ਜਾਂ ਮਦਦ ਲੈਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ, ਸਰਕਾਰ ਵੱਲੋਂ ਮਾਨਸਿਕ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਸਿਹਤ ਸੰਸਥਾਵਾਂ ਦੇ ਸਹਿਯੋਗ ਨਾਲ ‘ਟੈਲੀ ਮਾਨਸ ਸੇਵਾ’ ਸ਼ੁਰੂ ਕੀਤੀ ਗਈ ਹੈ। ਇਹ ਇੱਕ ਐਪਲੀਕੇਸ਼ਨ ਅਤੇ ਟੋਲ-ਫ੍ਰੀ ਹੈਲਪਲਾਈਨ ਨੰਬਰ ‘ਤੇ ਆਧਾਰਿਤ ਸੇਵਾ ਹੈ। ਕੋਈ ਵੀ ਵਿਅਕਤੀ 14416 ‘ਤੇ ਕਾਲ ਕਰਕੇ ਮਾਨਸਿਕ ਸਿਹਤ ਮਾਹਿਰਾਂ ਨਾਲ ਆਪਣੀ ਸਮੱਸਿਆ ਸਾਂਝੀ ਕਰ ਸਕਦਾ ਹੈ। ਜੇਕਰ ਕਿਸੇ ਦਾ ਮਨ ਭਾਰੀ ਹੈ ਜਾਂ ਕਿਸੇ ਨੂੰ ਤਣਾਅ, ਚਿੰਤਾ, ਡਿਪ੍ਰੈਸ਼ਨ ਜਾਂ ਨਸ਼ੇ ਦੀ ਸਮੱਸਿਆ ਹੈ, ਤਾਂ ਇਸ ਨੰਬਰ ‘ਤੇ ਸੰਪਰਕ ਕਰਕੇ ਤੁਰੰਤ ਮਦਦ ਲਈ ਜਾ ਸਕਦੀ ਹੈ। ਇਹ ਸੇਵਾ 24 ਘੰਟੇ ਉਪਲਬਧ ਹੈ ਅਤੇ ਮਰੀਜ਼ ਦੀ ਪਛਾਣ ਤੇ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ। ਫ਼ੋਨ ਰਾਹੀਂ ਮਾਹਿਰ ਡਾਕਟਰ ਸਮੱਸਿਆਵਾਂ ਸੁਣਦੇ ਹਨ ਅਤੇ ਕਾਊਂਸਲਿੰਗ ਰਾਹੀਂ ਤੁਰੰਤ ਰਾਹਤ ਦੇਣ ਦਾ ਯਤਨ ਕਰਦੇ ਹਨ।
ਇਸ ਮੌਕੇ ਬਲਾਕ ਐਜੂਕੇਟਰ ਸ਼ਿਵਾਨੀ ਅਰੋੜਾ ਨੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਚਿੰਤਾ, ਉਦਾਸੀ, ਨਕਾਰਾਤਮਕ ਵਿਚਾਰਾਂ ਜਾਂ ਆਪਣੇ ਸਮਾਜਿਕ ਤੇ ਪਰਿਵਾਰਕ ਹਾਲਾਤਾਂ ਤੋਂ ਪ੍ਰੇਸ਼ਾਨ ਹੈ, ਜਿਸ ਕਾਰਨ ਮਨ ਵਿੱਚ ਵਾਰ-ਵਾਰ ਖੁਦਕੁਸ਼ੀ ਦੇ ਖ਼ਿਆਲ ਆਉਂਦੇ ਹਨ, ਪੜ੍ਹਾਈ ਦਾ ਤਣਾਅ ਹੈ ਜਾਂ ਸ਼ੱਕ ਤੇ ਵਹਿਮ ਦੀ ਬਿਮਾਰੀ ਹੈ, ਤਾਂ ਉਹ ਤੁਰੰਤ ਇਸ ਹੈਲਪਲਾਈਨ ਦੀ ਵਰਤੋਂ ਕਰੇ। ਨਸ਼ਿਆਂ ਤੋਂ ਪੀੜਤ ਮਰੀਜ਼ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਇਸ ਟੋਲ-ਫ੍ਰੀ ਨੰਬਰ 14416 ‘ਤੇ ਕਾਲ ਕਰਕੇ ਸਹੀ ਮਾਰਗਦਰਸ਼ਨ ਅਤੇ ਮਦਦ ਲੈ ਸਕਦੇ ਹਨ।