Wednesday, February 18Malwa News
Shadow

12 ਸਾਲ ਬਾਅਦ ਬੈਲ ਗੱਡੀ ਦੌੜਾਂ ਦੀ ਪੁਨਰਸੁਰਜੀਤੀ ਇਤਿਹਾਸਕ ਮੀਲ ਪੱਥਰ : ਸਪੀਕਰ ਕੁਲਤਾਰ ਸਿੰਘ ਸੰਧਵਾਂ

ਚੰਡੀਗੜ੍ਹ/ਕਿਲਾ ਰਾਏਪੁਰ (ਲੁਧਿਆਣਾ), 18 ਫਰਵਰੀ:- ਕਿਲਾ ਰਾਏਪੁਰ ਪੇਂਡੂ ਓਲੰਪਿਕ ਦੇ ਦੂਜੇ ਦਿਨ ਉਤਸ਼ਾਹ ਦਾ ਇੱਕ ਬੇਮਿਸਾਲ ਉਛਾਲ ਦੇਖਣ ਨੂੰ ਮਿਲਿਆ, ਹਜ਼ਾਰਾਂ ਲੋਕ, ਖਾਸ ਕਰਕੇ ਨੌਜਵਾਨ, ਪੰਜਾਬ ਦੇ ਅਮੀਰ ਪੇਂਡੂ ਖੇਡ ਵਿਰਾਸਤ ਦਾ ਜਸ਼ਨ ਮਨਾਉਣ ਲਈ ਇਤਿਹਾਸਕ ਸਟੇਡੀਅਮ ਕਿਲਾ ਰਾਏਪੁਰ ਵਿੱਚ ਇਕੱਠੇ ਹੋਏ।

ਦੂਜੇ ਦਿਨ ਦੀਆਂ ਖੇਡਾਂ ਨੇ ਦਰਸ਼ਕਾਂ ਦੇ ਮਨ ਨੂੰ ਮੋਹ ਲਿਆ ਕਿਉਂਕਿ ਇਤਿਹਾਸਕ ਬੈਲ ਗੱਡੀਆਂ ਦੀਆਂ ਦੌੜਾਂ 12 ਸਾਲਾਂ ਦੇ ਅੰਤਰਾਲ ਤੋਂ ਬਾਅਦ ਮੁੜ ਸੁਰਜੀਤ ਹੋਈਆਂ ਹਨ ਜੋ ਦਰਸ਼ਕਾਂ ਦੇ ਧਿਆਨ ਦਾ ਕੇਂਦਰ ਬਣੀਆ। ਸਟੇਡੀਅਮ ਵਿੱਚ ਬੈਠੇ ਦਰਸ਼ਕਾਂ/ਲੋਕਾਂ ਨੇ ਜ਼ੋਰਦਾਰ ਜੈਕਾਰਿਆਂ ਦੀ ਗੂੰਜ ਨਾਲ ਰਵਾਇਤੀ ਬੈਲ ਗੱਡੀਆਂ ਦੀਆਂ ਦੌੜਾਂ ਦਾ ਸਵਾਗਤ ਕੀਤਾ। ਦਰਸ਼ਕਾਂ ਨੇ ਨਾ ਸਿਰਫ਼ ਬੈਲ ਗੱਡੀਆਂ ਦੀਆਂ ਦੌੜਾਂ ਦਾ ਉਤਸ਼ਾਹ ਨਾਲ ਸਮਰਥਨ ਕੀਤਾ ਸਗੋਂ ਰਵਾਇਤੀ ਖੇਡਾਂ ਅਤੇ ਐਥਲੈਟਿਕ ਮੁਕਾਬਲਿਆਂ ਦੀ ਇੱਕ ਜੀਵੰਤ ਲੜੀ ਦਾ ਵੀ ਸਮਰਥਨ ਕੀਤਾ।  ਜਿਸ ਵਿੱਚ ਹਾਕੀ ਮੈਚ, ਕਬੱਡੀ ਮੁਕਾਬਲੇ, ਸ਼ਾਟ ਪੁੱਟ ਥ੍ਰੋ, 100 ਮੀਟਰ ਸਪ੍ਰਿੰਟ, ਟੰਗ ਆਫ਼ ਵਾਰ ਮੁਕਾਬਲੇ, ਲੰਬੀ ਛਾਲ ਦੇ ਮੁਕਾਬਲੇ, ਬਾਜ਼ੀਗਰ ਸ਼ੋਅ ਅਤੇ ਕਈ ਹੋਰ ਪੇਂਡੂ ਐਥਲੈਟਿਕ ਖੇਡਾਂ ਸ਼ਾਮਲ ਸਨ। ਖੇਡ ਮੈਦਾਨ ਪਰਿਵਾਰਾਂ, ਕਿਸਾਨਾਂ, ਨੌਜਵਾਨਾਂ ਸਮੂਹਾਂ, ਰਾਜ ਅਤੇ ਇਸ ਤੋਂ ਬਾਹਰ ਦੇ ਦਰਸ਼ਕਾਂ ਦੇ ਨਾਲ ਖਚਾਖਚ ਭਰਿਆ ਹੋਇਆ ਸੀ ਜਿਸ ਨਾਲ ਏਕਤਾ, ਉਤਸ਼ਾਹ ਅਤੇ ਭਾਈਚਾਰਕ ਭਾਵਨਾ ਦਾ ਇੱਕ ਵੱਖਰਾ ਹੀ ਮਾਹੌਲ ਪੈਦਾ ਹੋਇਆ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਤਸ਼ਾਹੀ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੈਲ ਗੱਡੀਆਂ ਦੀਆਂ ਦੌੜਾਂ ਦੀ ਪੁਨਰ ਸੁਰਜੀਤੀ ਇੱਕ ਇਤਿਹਾਸਕ ਮੀਲ ਪੱਥਰ ਵਜੋਂ ਸਾਬਤ ਹੋਈ ਹੈ। ਇਹ ਪ੍ਰਾਪਤੀ ਪੰਜਾਬ ਜਾਨਵਰਾਂ ‘ਤੇ ਜ਼ੁਲਮ ਦੀ ਰੋਕਥਾਮ (ਪੰਜਾਬ ਸੋਧ) ਐਕਟ, 2025 ਵਿੱਚ ਦਰਜ ਸੋਚ-ਸਮਝ ਕੇ ਕੀਤੇ ਗਏ ਵਿਧਾਨਕ ਸੁਧਾਰਾਂ ਅਤੇ ਜਾਨਵਰਾਂ ਦੀ ਭਲਾਈ ਅਤੇ ਸੁਰੱਖਿਆ ਦੁਆਰਾ ਸੰਭਵ ਹੋਈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਰਵਾਇਤੀ ਖੇਡ ਦੀ ਵਾਪਸੀ ਨਾ ਸਿਰਫ਼ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਦੀ ਹੈ ਬਲਕਿ ਨੌਜਵਾਨ ਪੀੜ੍ਹੀ ਵਿੱਚ ਰਵਾਇਤੀ ਪੇਂਡੂ ਖੇਡਾਂ ਲਈ ਨਵਾਂ ਉਤਸ਼ਾਹ ਵੀ ਜਗਾਉਂਦੀ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਹ ਖੇਡਾਂ ਨੌਜਵਾਨਾਂ ਨੂੰ ਖੇਡ ਮੈਦਾਨਾਂ ਵੱਲ ਵਾਪਸ ਖਿੱਚਣਗੀਆ ਅਤੇ ਉਨ੍ਹਾਂ ਨੂੰ ਨਸ਼ਿਆਂ ਅਤੇ ਬਹੁਤ ਜ਼ਿਆਦਾ ਮੋਬਾਈਲ ਦੀ ਵਰਤੋਂ ਤੋਂ ਦੂਰ ਕਰਨਗੀਆਂ।  ਉਨ੍ਹਾਂ ਨੇ ਇਨ੍ਹਾਂ ਖੇਡਾਂ ਨਾਲ ਲੋਕਾਂ ਦੇ ਡੂੰਘੇ ਭਾਵਨਾਤਮਕ ਸਬੰਧਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਖੇਡਾਂ ਪੰਜਾਬ ਦੇ ਸੱਭਿਆਚਾਰ, ਵਿਰਾਸਤ ਨੂੰ ਜ਼ਿੰਦਾ ਅਤੇ ਬਰਕਰਾਰ ਰੱਖਣ ਵਿੱਚ ਸਹਾਇਤਾ ਕਰਦੀਆ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ ਕਿ ਅਸੀਂ ਨੌਜਵਾਨਾਂ ਨੂੰ ਇਨ੍ਹਾਂ ਪਰੰਪਰਾਵਾਂ ਨਾਲ ਦੁਬਾਰਾ ਜੋੜੀਏ ਖਾਸ ਕਰਕੇ ਅਜਿਹੇ ਸਮੇਂ ਵਿੱਚ ਜਦੋਂ ਰੀਲ ਸੱਭਿਆਚਾਰ ਅਤੇ ਡਿਜੀਟਲ ਭਟਕਣਾ ਨੇ ਉਨ੍ਹਾਂ ਨੂੰ ਅਸਲੀ ਪੰਜਾਬੀ ਜੜ੍ਹਾਂ ਤੋਂ ਦੂਰ ਕਰ ਦਿੱਤਾ ਹੈ।

ਇਸ ਤੋਂ ਪਹਿਲਾਂ ਦਿਨ ਵਿੱਚ ਪੰਜਾਬ ਸਰਕਾਰ ਦੇ ਸਟੇਟ ਮੀਡੀਆ ਹੈੱਡ ਸ੍ਰੀ ਬਲਤੇਜ ਪੰਨੂ ਨੇ ਪ੍ਰਬੰਧਕਾਂ ਅਤੇ ਦਰਸ਼ਕਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਦੀ ਸ਼ਲਾਘਾ ਕੀਤੀ ਜਿਸ ਨਾਲ ਇਹਨਾਂ ਖੇਡਾਂ ਨੂੰ ਇੱਕ ਸ਼ਾਨਦਾਰ ਸਫਲਤਾ ਵਿੱਚ ਬਦਲਿਆ ਗਿਆ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਕਿਵੇਂ ਬੈਲ ਗੱਡੀਆਂ ਦੀਆਂ ਦੌੜਾਂ ਦੀ ਮੁੜ ਸ਼ੁਰੂਆਤ ਨੇ ਪੰਜਾਬ ਭਰ ਵਿੱਚ ਇੱਕ ਤਾਜ਼ਾ ਖੇਡ ਭਾਵਨਾ ਭਰੀ ਹੈ ਜਿਸ ਨਾਲ ਪੇਂਡੂ ਜੋਸ਼ ਅਤੇ ਸੱਭਿਆਚਾਰਕ ਪਛਾਣ ਦੇ ਪ੍ਰਤੀਕ ਵਜੋਂ ਪੇਂਡੂ ਓਲੰਪਿਕ ਕਿਲਾ ਰਾਏਪੁਰ ਦੀ ਸ਼ਾਨ ਨੂੰ ਬਹਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ, “ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਜ਼ਨ ਦੇ ਤਹਿਤ, ਅਸੀਂ ਪਿਛਲੀਆਂ ਚੁਣੌਤੀਆਂ ਨੂੰ ਪਾਰ ਕਰਕੇ ਇਸ ਸ਼ਾਨਦਾਰ ਖੇਡਾਂ ਨੂੰ ਸਹੀ ਸੁਰੱਖਿਆ ਪ੍ਰਬੰਧਾਂ ਨਾਲ ਵਾਪਸ ਲਿਆਂਦਾ ਹੈ ਅਤੇ ਅੱਜ ਲੋਕਾਂ ਦੇ ਚਿਹਰਿਆਂ ‘ਤੇ ਖੁਸ਼ੀ ਦੇਖ ਕੇ ਪਤਾ ਲੱਗਦਾ ਹੈ ਕਿ ਇਹ ਕੋਸ਼ਿਸ਼ ਦੇ ਸ਼ਲਾਘਾਯੋਗ ਹੈ।”

ਇਸ ਮੌਕੇ ‘ਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਰਜੀਤ ਬੈਂਸ, ਐਸ.ਡੀ.ਐਮ ਲੁਧਿਆਣਾ ਪੂਰਬੀ ਜਸਲੀਨ ਕੌਰ ਭੁੱਲਰ, ਐਸ.ਡੀ.ਐਮ ਉਪਿੰਦਰਜੀਤ ਕੌਰ ਬਰਾੜ, ਸਹਾਇਕ ਕਮਿਸ਼ਨਰ ਡਾ. ਪ੍ਰਗਤੀ ਵਰਮਾ, ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਅਤੇ ਹੋਰ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਦਰਸ਼ਕ ਸ਼ਾਮਲ ਸਨ।