
ਬਟਾਲਾ : ਬੀਤੀ ਰਾਤ ਜਿਲਾ ਬਟਾਲਾ ਦੇ ਕਸਬਾ ਘੁਮਾਣ ਵਿਚ ਬਹੁਤ ਹੀ ਦਿਲਕੰਬਾਊ ਘਟਨਾ ਹੋਈ। ਜਦੋਂ ਇਕ ਨਸ਼ਈ ਨੌਜਵਾਨ ਨੇ ਰਾਤ ਵੇਲੇ ਭਾਈ ਬਲਵਿੰਦਰ ਸਿੰਘ ਦੇ ਘਰ ਵਿਚ ਦਾਖਲ ਹੋ ਕੇ ਤਲਵਾਰ ਨਾਲ ਭਾਈ ਬਲਵਿੰਦਰ ਸਿੰਘ ਦਾ ਕਤਲ ਕਰ ਦਿੱਤਾ।
ਭਾਈ ਬਲਵਿੰਦਰ ਸਿੰਘ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਭਿੰਡਰਾਂਵਾਲੇ ਦਾ ਭਤੀਜਾ ਸੀ ਅਤੇ ਗੁਰਦੁਆਰਾ ਸਾਹਿਬ ਦਾ ਮੁੱਖ ਸੇਵਾਦਾਰ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਭਾਈ ਬਲਵਿੰਦਰ ਸਿੰਘ ਨੇ ਪਿੰਡ ਦੇ ਇਕ ਨਸ਼ਈ ਨੌਜਵਾਨ ਰਮਨਦੀਪ ਸਿੰਘ ਨੂੰ ਕਈ ਵਾਰ ਨਸ਼ਾ ਕਰਨ ਤੋਂ ਰੋਕਿਆ। ਆਖਰ ਉਸ ਨੂੰ ਗੁਰਦੁਆਰਾ ਸਾਹਿਬ ਅੰਦਰ ਦਾਖਲੇ ਉੱਪਰ ਪਾਬੰਦੀ ਦੀ ਧਮਕੀ ਦੇ ਦਿੱਤੀ। ਇਸ ਧਮਕੀ ਤੋਂ ਨਿਰਾਜ਼ ਨਸ਼ੇ ਦੇ ਆਦੀ ਰਮਨਦੀਪ ਸਿੰਘ ਨੇ ਬੀਤੀ ਰਾਤ ਭਾਈ ਬਲਵਿੰਦਰ ਸਿੰਘ ਦੇ ਘਰ ਵਿਚ ਦਾਖਲ ਹੋ ਕੇ ਤਲਵਾਰ ਨਾਲ ਹਮਲਾ ਕਰ ਦਿੱਤਾ। ਉਸ ਵੇਲੇ ਭਾਈ ਬਲਵਿੰਦਰ ਸਿੰਘ ਸੁੱਤੇ ਪਏ ਸਨ। ਤਲਵਾਰ ਦੇ ਵਾਰ ਨਾਲ ਭਾਈ ਬਲਵਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲੀਸ ਵਲੋਂ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਆਸ ਪਾਸ ਦੇ ਇਲਾਕੇ ਵਿਚ ਇਸ ਘਟਨਾਂ ਦਾ ਗਹਿਰਾ ਦੁੱਖ ਜਿਤਾਇਆ ਜਾ ਰਿਹਾ ਹੈ।