Saturday, February 7Malwa News
Shadow

ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਹਲਕਾ ਅਜਨਾਲਾ ਵਿੱਚ 14.75 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ 7 ਸੰਪਰਕ ਸੜਕਾਂ ਦੇ ਨੀਂਹ ਪੱਥਰ ਰੱਖੇ

ਅਜਨਾਲਾ/ਅੰਮ੍ਰਿਤਸਰ, 7 ਫਰਵਰੀ (      ) – ਵਿਧਾਨ ਸਭਾ ਹਲਕਾ ਅਜਨਾਲਾ ਦੇ ਵਿਧਾਇਕ ਸ. ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਸੰਪਰਕ ਸੜਕਾਂ ਨੂੰ ਅਪਗਰੇਡ ਕਰਨ ਦੇ ਨੀਂਹ ਪੱਧਰ ਰੱਖੇ ਗਏ। ਪੰਜਾਬ ਮੰਡੀ ਬੋਰਡ ਵੱਲੋਂ ਇਨ੍ਹਾਂ ਸੰਪਰਕ ਨੂੰ ਅਪਗਰੇਡ ਕਰਨ ਉੱਪਰ 14.75 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ।

ਸੰਪਰਕ ਸੜਕਾਂ ਨੂੰ ਅਪਗਰੇਡ ਕਰਨ ਦੇ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਵਿਧਾਇਕ ਸ. ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਅੱਜ ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਭਲਾ ਪਿੰਡ ਤੋਂ ਧਾਰੀਵਾਲ ਚਮਿਆਰੀ ਤੋਂ ਭੂਰੇ ਗਿੱਲ, ਦਿਆਲਪੁਰਾ, ਨਾਨਕੇ ਤੋਂ ਸੁਧਾਰ ਤੱਕ 13.57 ਕਿਲੋਮੀਟਰ ਲੰਬੀ ਸੜਕ ਉਪਰ 1280.87 ਲੱਖ ਰੁਪਏ, ਗੱਗੋਮਾਹਲ ਚਮਿਆਰੀ ਰੋਡ ਤੋਂ ਸੋਨੂੰ ਦੇ ਡੇਰੇ ਦੀ ਸੜਕ 0.50 ਲੰਬੀ ਸੜਕ ਉੱਪਰ 26.47 ਲੱਖ ਰੁਪਏ, ਅਜਨਾਲਾ ਰਮਦਾਸ ਰੋਡ ਤੋਂ ਕੋਟਲੀ ਜਮੀਤ ਸਿੰਘ ਤੱਕ 1.15 ਲੰਬੀ ਸੜਕ ਉੱਪਰ 25.11 ਲੱਖ ਰੁਪਏ, ਰੂੜੇਵਾਲ ਤੋਂ ਕੱਤਲੇ ਤੱਕ 1.33 ਲੰਬੀ ਸੜਕ ਉੱਪਰ 27.38 ਲੱਖ ਰੁਪਏ, ਪੰਡ ਕੋਟ ਗੁਰਬਖਸ਼ ਦੀ 0.85 ਕਿਲੋਮੀਟਰ ਲੰਬੀ ਫਿਰਨੀ ਉੱਪਰ 38.25 ਲੱਖ ਰੁਪਏ, ਪਿੰਡ ਮੱਧੂਸ਼ਾਂਗਾ ਦੀ 0.50 ਲੰਬੀ ਫਿਰਨੀ ਉੱਪਰ 38.25 ਲੱਖ ਰੁਪਏ ਅਤੇ ਪਿੰਡ ਬੋਹੜਾਂਵਾਲਾ ਦੀ 1.20 ਲੰਬੀ ਫਿਰਨੀ ਉੱਪਰ 38.25 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸੰਪਰਕਾਂ ਸੜਕਾਂ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਜਲਦੀ ਹੀ ਇਸ ਪ੍ਰੋਜੈਕਟ ਨੂੰ ਪੂਰਾ ਕਰ ਲਿਆ ਜਾਵੇਗਾ।

ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸੰਪਰਕ ਸੜਕਾਂ ਨੂੰ ਅਪਗਰੇਡ ਕਰਨ ਦੇ ਇਸ ਪ੍ਰੋਜੈਕਟ ਵਿੱਚ ਕਿਸੇ ਵੀ ਤਰ੍ਹਾਂ ਦੀ ਊਣਤਾਈ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿਹੜੀ ਵੀ ਕੰਪਨੀ ਜਿਸ ਵੀ ਸੜਕ ਦਾ ਨਿਰਮਾਣ ਕਰੇਗੀ, ਉਹ ਹੀ ਆਉਣ ਵਾਲੇ 5 ਸਾਲਾਂ ਤੱਕ ਉਸ ਸੜਕ ਦੀ ਰਿਪੇਅਰ ਲਈ ਜ਼ਿੰਮੇਵਾਰ ਵੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸੜਕੀ ਨੈਟਵਰਕ ਨਾਲ ਜਿੱਥੇ ਆਵਾਜਾਈ ਸੁਚੱਜੇ ਢੰਗ ਨਾਲ ਚੱਲੇਗੀ, ਉੱਥੇ ਹੀ ਦੁਰਘਟਨਾਵਾਂ ਦਾ ਗ੍ਰਾਫ ਵੀ ਹੇਠਾਂ ਆਵੇਗਾ, ਲੋਕਾਂ ਲਈ ਇੱਕ ਥਾਂ ਤੋਂ ਦੂਜੀ ਥਾਂ ਤੱਕ ਪੁੱਜਣਾ ਆਸਾਨ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਲਗਾਤਾਰ ਵਿਕਾਸ ਦੇ ਰਸਤੇ ’ਤੇ ਤੇਜ਼ ਗਤੀ ਨਾਲ ਚੱਲ ਰਿਹਾ ਹੈ ਅਤੇ ਇਸ ਪੂਰੇ ਸਾਲ ਦੌਰਾਨ ਵਿਕਾਸ ਦੇ ਉਹ ਵੱਡੇ ਪ੍ਰੋਜੈਕਟ ਸਰਕਾਰ ਪੂਰੇ ਕਰਨ ਜਾ ਰਹੀ ਹੈ, ਜਿਸ ਬਾਰੇ ਵਿਰੋਧੀ ਪਾਰਟੀਆਂ ਦੀ ਸੋਚ ਵੀ ਨਹੀਂ ਹੈ।

ਸ. ਧਾਲੀਵਾਲ ਨੇ ਕਿਹਾ ਕਿ ਬੀਤੇ ਸਾਲ ਹੜ੍ਹਾਂ ਕਾਰਨ ਵੀ ਹਲਕਾ ਅਜਨਾਲਾ ਦੇ ਕਈ ਪਿੰਡਾਂ ਵਿੱਚ ਬਹੁਤ ਨੁਕਸਾਨ ਹੋਇਆ ਹੈ, ਸੜਕਾਂ, ਫਿਰਨੀ ਰੁੜ ਗਈਆਂ ਸਨ ਅਤੇ ਹੋਰ ਵੀ ਨੁਕਸਾਨ ਝੱਲਣਾ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਸਭ ਦੀ ਭਰਪਾਈ ਲਈ ਵੀ ਪੰਜਾਬ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਸਾਲ 2026 ਨੂੰ ਵਿਕਾਸ ਵਰ੍ਹੇ ਵਜੋਂ ਮਨਾਇਆ ਜਾ ਰਿਹਾ ਹੈ ਅਤੇ ਇਸ ਸਾਲ ਹਲਕੇ ਦੇ ਸਰਬਪੱਖੀ ਵਿਕਾਸ ਵਿੱਚ ਕੋਈ ਕਮੀਂ ਨਹੀਂ ਰਹਿਣ ਦਿੱਤੀ ਜਾਵੇਗੀ।