Friday, February 6Malwa News
Shadow

ਪਿੰਡ ਮਿੱਡਾ ‘ਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 10 ਲੱਖ ਰੁਪਏ ਤੱਕ ਮੁਫ਼ਤ ਇਲਾਜ ਲਈ ਹੈਲਥ ਕਾਰਡ ਬਣਾਉਣ ਦੀ ਸ਼ੁਰੂਆਤ – ਖੁੱਡੀਆਂ

ਲੰਬੀ, 06 ਫਰਵਰੀ:- ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਿਹਤ ਪੱਖੋਂ ਮਿਆਰੀ ਅਤੇ ਭਰੋਸੇਯੋਗ ਸਹੂਲਤਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਅਮਲੀ ਜਾਮਾ ਪਾਉਂਦਿਆਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਅਧੀਨ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਖੁੱਡੀਆਂ ਨੇ ਹਲਕੇ ਦੇ ਪਿੰਡ ਮਿੱਡਾ ਵਿਖੇ ਲਗਾਏ ਗਏ ਸਿਹਤ ਕੈਂਪ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ 50 ਹੈਲਥ ਕਾਰਡ ਤਿਆਰ ਕੀਤੇ ਗਏ, ਜਦਕਿ 70 ਲਾਭਪਾਤਰੀਆਂ ਦੀਆਂ ਅਪੋਇੰਟਮੈਂਟਾਂ ਬੁੱਕ ਕੀਤੀਆਂ ਗਈਆਂ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਯੋਜਨਾ ਹਰ ਘਰ ਤੱਕ ਪਹੁੰਚਾਉਣਾ ਪੰਜਾਬ ਸਰਕਾਰ ਦੀ ਪਹਿਲੀ ਤਰਜੀਹ ਹੈ ਅਤੇ ਕਿਸੇ ਵੀ ਪਰਿਵਾਰ ਨੂੰ ਇਸ ਯੋਜਨਾ ਦੇ ਲਾਭ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ, ਬਿਨਾਂ ਕਿਸੇ ਭੇਦਭਾਵ ਦੇ, ਯੋਗ ਪਰਿਵਾਰਾਂ ਦੇ ਹੈਲਥ ਕਾਰਡ ਬਣਾਏ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਹਰ ਪਿੰਡ ਅਤੇ ਹਰ ਵਾਰਡ ਵਿੱਚ ਕੈਂਪ ਲਗਾ ਕੇ ਨਾਗਰਿਕਾਂ ਨੂੰ ਇਸ ਯੋਜਨਾ ਅਧੀਨ ਕਵਰ ਕੀਤਾ ਜਾ ਰਿਹਾ ਹੈ। ਹੈਲਥ ਕਾਰਡ ਬਣਾਉਣ ਲਈ ਆਧਾਰ ਕਾਰਡ ਅਤੇ ਵੋਟਰ ਕਾਰਡ ਲਾਜ਼ਮੀ ਦਸਤਾਵੇਜ਼ ਹਨ।

ਸ. ਖੁੱਡੀਆਂ ਨੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਤੇ ਲੋਕ-ਹਿਤੈਸ਼ੀ ਸੋਚ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਯੋਜਨਾ ਨਾਲ ਆਮ ਆਦਮੀ ਨੂੰ ਮਹਿੰਗੇ ਇਲਾਜ ਤੋਂ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਕਿਸੇ ਨੂੰ ਵੀ ਇਲਾਜ ਦੀ ਲੋੜ ਨਾ ਪਵੇ ਅਤੇ ਹਰ ਨਾਗਰਿਕ ਤੰਦਰੁਸਤ ਰਹੇ, ਪਰ ਜੇ ਕਿਸੇ ਨੂੰ ਐਮਰਜੰਸੀ ਸਥਿਤੀ ਦਾ ਸਾਹਮਣਾ ਕਰਨਾ ਪਏ ਤਾਂ ਇਹ ਹੈਲਥ ਕਾਰਡ ਉਸ ਲਈ ਸਹਾਰਾ ਬਣੇਗਾ।

ਉਨ੍ਹਾਂ ਦੱਸਿਆ ਕਿ ਇਸ ਯੋਜਨਾ ਅਧੀਨ ਕਿਡਨੀ ਰੋਗ, ਦਿਮਾਗੀ ਬਿਮਾਰੀਆਂ, ਕੈਂਸਰ ਵਰਗੇ ਗੰਭੀਰ ਇਲਾਜ ਵੀ ਸ਼ਾਮਿਲ ਹਨ, ਜਿਸ ਨਾਲ ਲੋਕਾਂ ਨੂੰ ਵੱਡੀ ਆਰਥਿਕ ਮੁਸ਼ਕਲ ਤੋਂ ਬਚਾਇਆ ਜਾ ਸਕੇਗਾ।

ਇਸ ਮੌਕੇ ਬੀਡੀਪੀਓ ਸ. ਰਾਕੇਸ਼ ਬਿਸ਼ਨੋਈ, ਚੇਅਰਮੈਨ ਸ. ਸੁਰਜੀਤ ਸਿੰਘ, ਸਰਪੰਚ ਸ. ਸਰਵਨ ਸਿੰਘ, ਸ. ਤਰਲੋਚਨ ਸਿੰਘ, ਸ. ਜਗਮੀਤ ਸਿੰਘ (ਮੈਂਬਰ ਪੰਚਾਇਤ), ਸ. ਮਨਜੀਤ ਸਿੰਘ, ਸ. ਨਰਿੰਦਰ ਸਿੰਘ (ਪੰਚ), ਸ. ਭਾਗ ਸਿੰਘ, ਚੇਅਰਮੈਨ ਸ. ਰਸ਼ਪਾਲ ਖੁੱਡੀਆਂ, ਸ. ਗੁਰਬਾਜ ਸਿੰਘ ਬਨਵਾਲਾ ਅਤੇ ਸ. ਗੁਰਬਾਜ ਸਿੰਘ (ਪੀ.ਏ.) ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।