Thursday, February 5Malwa News
Shadow

ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ

ਸ੍ਰੀ ਮੁਕਤਸਰ ਸਾਹਿਬ, 05 ਫਰਵਰੀ:- ਡਾ. ਜਗਸੀਰ ਸਿੰਘ, ਮੁੱਖ ਖੇਤੀਬਾੜੀ ਅਫਸਰ ਸ਼੍ਰੀ ਮੁਕਤਸਰ ਸਾਹਿਬ ਜੀ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਅਤੇ ਸਹਾਇਕ ਪੌਦਾ ਸੁਰੱਖਿਆ ਅਫਸਰ, ਸ੍ਰੀ ਮੁਕਤਸਰ ਸਾਹਿਬ ਡਾ. ਰਾਜਵਿੰਦਰ ਸਿੰਘ ਦੀ ਅਗਵਾਹੀ ਹੇਠ ਅੱਜ ਬਲਾਕ ਸ਼੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡ ਅਕਾਲਗੜ੍ਹ, ਸਰਕਲ ਬਧਾਈ ਵਿਖੇ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਕਿਸਾਨਾਂ ਨੂੰ ਚੱਲ ਰਹੇ ਖੇਤੀ ਰੁਝੇਵੇਂ ਜਿਵੇਂ ਕਿ ਕਣਕ ਅਤੇ ਸਰੋਂ ਦੀਆਂ ਆ ਰਹੀਆਂ ਸਮੱਸਿਆਵਾਂ ਅਤੇ ਉਹਨਾਂ ਦੀ ਰੋਕਥਾਮ, ਵਿਭਾਗ ਅਧੀਨ ਚੱਲ ਰਹੀਆਂ ਸਕੀਮਾਂ ਅਤੇ ਫਸਲੀ ਵਿਭਿੰਨਤਾ ਅਪਨਾਉਣ ਸਬੰਧੀ ਜਾਣਕਾਰੀ ਦਿੱਤੀ ਗਈ।

ਇਸ ਕੈਂਪ ਵਿੱਚ ਡਾ.ਹਰਮਨਦੀਪ ਸਿੰਘ, ਏ.ਡੀ.ਓ., ਸਰਕਲ ਬਧਾਈ ਵੱਲੋਂ ਆਏ ਹੋਏ ਕਿਸਾਨਾਂ ਨੂੰ ਜੀ ਆਇਆਂ ਕਿਹਾ ਅਤੇ ਮਿੱਟੀ ਪਾਣੀ ਪਰਖ ਦੀ ਮਹੱਤਤਾ ਅਤੇ ਸੈਪਲ ਲੈਣ ਦੀ ਵਿਧੀ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ । ਸ਼੍ਰੀਮਤੀ ਨਵਦੀਪ ਕੌਰ ਏ.ਐਸ.ਆਈ. ਸਰਕਲ ਬਧਾਈ ਨੇ ਆਏ ਹੋਏ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿੱਧੀ ਯੋਜਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਈ.ਕੇ.ਵਾਈ.ਸੀ ਕਰਵਾਉਣ ਲਈ ਜਾਗਰੂਕ ਕੀਤਾ ਅਤੇ ਇਸ ਸਕੀਮ ਅਧੀਨ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਉਚਿੱਤ ਹੱਲ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।

ਇਸੇ ਤਰ੍ਹਾਂ ਡਾ. ਸ਼ਵਿੰਦਰ ਸਿੰਘ, ਏ.ਡੀ.ਓ (ਜ.ਕ) ਵੱਲੋਂ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਫਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਸਰੋਂ ਦੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ, ਉਹਨਾਂ ਕਣਕ ਉੱਪਰ 13:0:45 ਦੀ ਸਪਰੇ ਦੀ ਮਹੱਤਤਾ ਬਾਰੇ ਦੱਸਿਆ ਅਤੇ ਖੇਤਾਂ ਵਿਚ ਚੂਹਿਆਂ ਦੀ ਰੋਕਥਾਮ ਸੰਬੰਧੀ ਵੀ ਜਾਣਕਾਰੀ ਦਿੱਤੀI ਸਹਾਇਕ ਪੌਦਾ ਸੁਰੱਖਿਆ ਅਫਸਰ, ਸ੍ਰੀ ਮੁਕਤਸਰ ਸਾਹਿਬ ਡਾ. ਰਾਜਵਿੰਦਰ ਸਿੰਘ ਨੇ ਵਿਭਾਗ ਵਿਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਸੰਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ I ਉਹਨਾਂ ਮਿੱਟੀ ਦੇ ਕਾਲੇ ਸ਼ੋਰੇ ਦੇ ਸੁਧਾਰ ਲਈ ਜਿਪਸਮ ਦੀ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ, ਜਿਸਨੂੰ ਚਾਹਵਾਨ ਕਿਸਾਨ 50 ਪ੍ਰਤੀਸ਼ਤ ਸਬਸਿਡੀ ਤੇ ਵਿਭਾਗ ਪਾਸੋਂ ਪ੍ਰਾਪਤ ਕਰ ਸਕਦੇ ਹਨ I

ਇਸ ਤੋਂ ਇਲਾਵਾ ਉਹਨਾਂ ਵੱਲੋਂ CRM ਅਤੇ SMAM ਸਕੀਮ ਅਧੀਨ ਸਬਸਿਡੀ ਤੇ ਮਿਲਣ ਵਾਲੀ ਖੇਤੀ ਮਸ਼ੀਨਰੀ ਸੰਬੰਧੀ, ਖੇਤੀ ਨਾਲ ਸੰਬੰਧਿਤ ਸਹਾਇਕ ਧੰਦੇ ਅਪਨਾਉਣ ਅਤੇ ਧਰਤੀ ਮਾਤਾ ਬਚਾਓ ਅਭਿਆਨ ਤਹਿਤ ਯੂਰੀਆ ਖਾਦ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀਆਂ ਸਿਫਾਰਸ਼ਾਂ ਅਨੁਸਾਰ ਵਰਤੋਂ ਕਰਨ ਸੰਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ I

ਇਸ ਮੌਕੇ ਸ਼੍ਰੀ ਸਵਰਨਜੀਤ ਸਿੰਘ, ਏ.ਟੀ.ਐਮ(ਆਤਮਾ), ਸ਼੍ਰੀ ਸਤਿੰਦਰ ਕੁਮਾਰ, ਏ.ਐਸ.ਆਈ.,  ਸ਼੍ਰੀ ਦੀਪਇੰਦਰ ਸਿੰਘ, ਸੇਵਦਾਰ, ਪਿੰਡ ਦੇ ਸਰਪੰਚ, ਨੰਬਰਦਾਰ ਅਤੇ ਹੋਰ ਕਿਸਾਨ ਹਾਜ਼ਰ ਸਨ। ਇਸ ਤੋਂ ਇਲਾਵਾ, ਅੰਤ ਵਿੱਚ ਆਤਮਾ ਸਕੀਮ ਅਧੀਨ ਚੂਹੇਮਾਰ ਦਵਾਈ ਗੇਜ਼ ਵਿਚ ਰਲਾ ਕੇ ਕਿਸਾਨਾਂ ਨੂੰ ਵੰਡੀ ਗਈ I