
ਪਾਇਲ, ਖੰਨਾ, ਲੁਧਿਆਣਾ, 21 ਜਨਵਰੀ:-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਿਆਨ ਤੋਂ ਬਾਅਦ ਜਿੱਥੇ ਕਾਂਗਰਸ ਪਾਰਟੀ ਅੰਦਰ ਘਮਾਸਾਨ ਮਚਿਆ ਹੋਇਆ ਹੈ, ਉੱਥੇ ਹੀ ਪਾਇਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਾਂਗਰਸ ‘ਤੇ ਤਿੱਖਾ ਹਮਲਾ ਕੀਤਾ ਹੈ। ਗਿਆਸਪੁਰਾ ਨੇ ਕਿਹਾ ਕਿ ਚੰਨੀ ਦੇ ਬਿਆਨ ਨੇ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਕਾਂਗਰਸ ਪਾਰਟੀ ਵਿੱਚ ਦਲਿਤ ਵਰਗ ਨੂੰ ਅੱਜ ਵੀ ਪੂਰਾ ਮਾਣ ਤੇ ਸਨਮਾਨ ਨਹੀਂ ਮਿਲ ਰਿਹਾ।
ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਕਾਂਗਰਸ ਸਿਰਫ਼ ਦਲਿਤਾਂ ਦੇ ਨਾਮ ‘ਤੇ ਰਾਜਨੀਤੀ ਕਰਦੀ ਰਹੀ ਹੈ, ਪਰ ਜਦੋਂ ਮਾਣ-ਸਨਮਾਨ ਦੇਣ ਦੀ ਗੱਲ ਆਉਂਦੀ ਹੈ ਤਾਂ ਦਲਿਤ ਵਰਗ ਨੂੰ ਹਮੇਸ਼ਾ ਨਜ਼ਰਅੰਦਾਜ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਦਾ ਬਿਆਨ ਕਾਂਗਰਸ ਦੀ ਅੰਦਰੂਨੀ ਸੋਚ ਨੂੰ ਬੇਨਕਾਬ ਕਰਦਾ ਹੈ ਅਤੇ ਇਹ ਸਾਬਤ ਕਰਦਾ ਹੈ ਕਿ ਪਾਰਟੀ ਅੰਦਰ ਦਲਿਤ ਆਗੂਆਂ ਨੂੰ ਸਿਰਫ਼ ਵਰਤਿਆ ਜਾਂਦਾ ਹੈ।
ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੀ ਇਕੱਲੀ ਪਾਰਟੀ ਹੈ ਜੋ ਦਲਿਤਾਂ ਅਤੇ ਹੋਰ ਸਾਰੇ ਵਰਗਾਂ ਨੂੰ ਅਸਲ ਮਾਣ-ਸਨਮਾਨ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਇੱਕ ਦਲਿਤ ਆਗੂ ਨੂੰ ਪੰਜਾਬ ਦਾ ਵਿੱਤ ਮੰਤਰੀ ਬਣਾਇਆ ਗਿਆ, ਜੋ ਆਪਣੇ ਆਪ ਵਿੱਚ ਇਤਿਹਾਸਕ ਫੈਸਲਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਵੀ ਕਈ ਦਲਿਤ ਵਿਧਾਇਕਾਂ ਨੂੰ ਮੰਤਰੀ ਬਣਾਕੇ ਆਮ ਆਦਮੀ ਪਾਰਟੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਪਾਰਟੀ ਸਿਰਫ਼ ਗੱਲਾਂ ਨਹੀਂ, ਸਗੋਂ ਕਰਕੇ ਵੀ ਦਿਖਾਉਂਦੀ ਹੈ। ਗਿਆਸਪੁਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਬਣੀ ਸਰਕਾਰ ਵਿੱਚ ਹਰ ਵਰਗ ਨੂੰ ਬਰਾਬਰੀ ਦਾ ਮੌਕਾ ਮਿਲ ਰਿਹਾ ਹੈ।