Wednesday, January 21Malwa News
Shadow

ਸਰਹੱਦ ਪਾਰੋਂ ਗੈਰ-ਕਾਨੂੰਨੀ ਹਥਿਆਰਾਂ ਦੇ ਮਾਡਿਊਲ ਨਾਲ ਜੁੜੇ ਦੋ ਵਿਅਕਤੀ ਅੰਮ੍ਰਿਤਸਰ ਵਿੱਚ ਕਾਬੂ, ਛੇ ਆਧੁਨਿਕ ਹਥਿਆਰ ਬਰਾਮਦ 

ਚੰਡੀਗੜ੍ਹ/ਅੰਮ੍ਰਿਤਸਰ, 21 ਜਨਵਰੀ:-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਇੱਕ ਵੱਡੀ ਸਫਲਤਾ ਵਿੱਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਦੋ ਸੰਚਾਲਕਾਂ ਨੂੰ ਗ੍ਰਿਫ਼ਤਾਰ ਕਰਕੇ ਪਾਕਿਸਤਾਨ ਅਧਾਰਕ ਤਸਕਰਾਂ ਨਾਲ ਜੁੜੇ ਸਰਹੱਦ ਪਾਰੋਂ ਚਲਾਏ ਜਾ ਰਹੇ ਗੈਰ-ਕਾਨੂੰਨੀ ਹਥਿਆਰਾਂ ਦੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਛੇ ਆਧੁਨਿਕ ਪਿਸਤੌਲ ਬਰਾਮਦ ਕੀਤੇ ਹਨ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ (22) ਵਾਸੀ ਪਿੰਡ ਰੱਤੋਕੇ, ਤਰਨਤਾਰਨ ਅਤੇ ਸੁਰਜੀਤ ਸਿੰਘ (35) ਵਾਸੀ ਚੇਲਾ ਕਲੋਨੀ, ਤਰਨਤਾਰਨ ਵਜੋਂ ਹੋਈ ਹੈ। ਸੁਰਜੀਤ ਸਿੰਘ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ ਅਤੇ ਉਸ ਵਿਰੁੱਧ ਐਨਡੀਪੀਐਸ ਐਕਟ ਸਮੇਤ ਕਈ ਮਾਮਲੇ ਦਰਜ ਹਨ। ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਦੋ ਜ਼ਿੰਦਾ ਕਾਰਤੂਸਾਂ ਸਮੇਤ ਦੋ 9 ਐਮਐਮ ਗਲੌਕ ਪਿਸਤੌਲ ਅਤੇ ਚਾਰ .30 ਬੋਰ ਪਿਸਤੌਲ ਸ਼ਾਮਲ ਹਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ਹੇਠ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਅਤੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਵਿੱਚ ਸ਼ਾਮਲ ਸਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ।

ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਭਰੋਸੇਯੋਗ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਸ਼ੱਕੀ ਗੁਰਪ੍ਰੀਤ ਉਰਫ਼ ਗੋਪੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਦੇ ਕਬਜ਼ੇ ਵਿੱਚੋਂ ਦੋ ਜ਼ਿੰਦਾ ਕਾਰਤੂਸਾਂ ਸਮੇਤ ਤਿੰਨ .30 ਬੋਰ ਪਿਸਤੌਲ ਅਤੇ ਇੱਕ ਗਲੌਕ ਬਰਾਮਦ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ ਲਗਾਤਾਰ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪਾਕਿਸਤਾਨ-ਅਧਾਰਤ ਤਸਕਰਾਂ ਨਾਲ ਸਿੱਧੇ ਸੰਪਰਕ ਵਿੱਚ ਸਨ ਅਤੇ ਗੈਂਗਸਟਰਾਂ ਨੂੰ ਇਨ੍ਹਾਂ ਹਥਿਆਰਾਂ ਦੀ ਸਪਲਾਈ ਕਰਨ ਲਈ ਗੈਰ-ਕਾਨੂੰਨੀ ਹਥਿਆਰਾਂ ਦੀ ਖੇਪ ਪ੍ਰਾਪਤ ਕਰ ਰਹੇ ਸਨ, ਜੋ ਕਿ ਡਰੋਨ ਰਾਹੀਂ ਆ ਰਹੀ ਸੀ।

ਸੀਪੀ ਨੇ ਕਿਹਾ ਕਿ ਗੁਰਪ੍ਰੀਤ ਉਰਫ਼ ਗੋਪੀ ਦੇ ਖੁਲਾਸਿਆਂ ਦੇ ਆਧਾਰ ‘ਤੇ ਪੁਲਿਸ ਟੀਮਾਂ ਨੇ ਉਸਦੇ ਸਾਥੀ ਸੁਰਜੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ਅਤੇ ਉਸਦੇ ਕਬਜ਼ੇ ਵਿੱਚੋਂ ਇੱਕ ਗਲਾਕ ਅਤੇ ਇੱਕ .30 ਬੋਰ ਬਰਾਮਦ ਕੀਤਾ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਸੁਰਜੀਤ ਸਿੰਘ ਇੱਕੋ ਨੈੱਟਵਰਕ ਦੇ ਹਿੱਸੇ ਵਜੋਂ ਵੱਖ-ਵੱਖ ਥਾਵਾਂ ‘ਤੇ ਗੈਰ-ਕਾਨੂੰਨੀ ਹਥਿਆਰਾਂ ਦੀ ਡਿਲੀਵਰੀ ਵਿੱਚ ਸਰਗਰਮੀ ਨਾਲ ਸ਼ਾਮਲ ਸੀ।

ਇਸ ਸਬੰਧੀ ਕੇਸ ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਵਿਖੇ ਅਸਲਾ ਐਕਟ ਦੀ ਧਾਰਾ 25(1-ਏ) ਅਤੇ 25(6,7,8) ਤਹਿਤ ਐਫਆਈਆਰ ਨੰਬਰ 14 ਮਿਤੀ 13-01-2026 ਨੂੰ ਦਰਜ ਕੀਤਾ ਗਿਆ ਹੈ।