
ਰੂਪਨਗਰ, 18 ਜਨਵਰੀ: ਜ਼ਿਲ੍ਹੇ ਵਿੱਚ ਜੱਚਾ-ਬੱਚਾ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਮਾਤਰੀ ਮੌਤ ਦਰ ਨੂੰ ਘਟਾਉਣ ਦੇ ਮਕਸਦ ਨਾਲ, ਸਿਵਲ ਸਰਜਨ ਰੂਪਨਗਰ ਵੱਲੋਂ ਇੱਕ ਅਹਿਮ ਮਾਤਰੀ ਮੌਤ ਰਿਵਿਊ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਦੌਰਾਨ ਪਿਛਲੇ ਸਮੇਂ ਵਿੱਚ ਹੋਈਆਂ ਮਾਤਰੀ ਮੌਤਾਂ ਦੇ ਕਾਰਨਾਂ ਦਾ ਬਾਰੀਕੀ ਨਾਲ ਵਿਸ਼ਲੇਸ਼ਣ ਕੀਤਾ ਗਿਆ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਨਵੀਆਂ ਰਣਨੀਤੀਆਂ ਉਲੀਕੀਆਂ ਗਈਆਂ।
ਇਸ ਮੌਕੇ ਸਿਵਲ ਸਰਜਨ ਡਾ. ਨਵਰੂਪ ਕੌਰ ਨੇ ਹਦਾਇਤ ਕੀਤੀ ਕਿ ਹਰ ਬਲਾਕ ਵਿੱਚ ਹਾਈ-ਰਿਸਕ ਗਰਭਵਤੀ ਔਰਤਾਂ ਦੀ ਜਲਦੀ ਪਛਾਣ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਜਿਹੇ ਕੇਸਾਂ ਦੀ ਨਿੱਜੀ ਤੌਰ ‘ਤੇ ਨਿਗਰਾਨੀ ਕੀਤੀ ਜਾਵੇ ਤਾਂ ਜੋ ਜਣੇਪੇ ਦੌਰਾਨ ਕੋਈ ਜਾਨੀ ਨੁਕਸਾਨ ਨਾ ਹੋਵੇ। ਗਰਭਵਤੀ ਔਰਤਾਂ ਨੂੰ ਜਣੇਪੇ ਸਮੇਂ ਸਿਰ ਰੈਫਰ ਕੀਤਾ ਜਾਵੇ ਸਿਵਲ ਸਰਜਨ ਨੇ ਐਂਬੂਲੈਂਸ ਸੇਵਾਵਾਂ (108) ਅਤੇ ਰੈਫਰਲ ਪ੍ਰਣਾਲੀ ਨੂੰ ਹੋਰ ਚੁਸਤ-ਦਰੁਸਤ ਕਰਨ ਦੇ ਆਦੇਸ਼ ਦਿੱਤੇ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਅੰਜਲੀ ਚੌਧਰੀ ਨੇ ਕਿਹਾ ਕਿ ਗਰਭ ਅਵਸਥਾ ਦੌਰਾਨ ਹਰ ਗਰਭਵਤੀ ਔਰਤ ਦੇ ਘੱਟੋ-ਘੱਟ 4 ਐਂਟੀ-ਨੇਟਲ ਚੈੱਕਅਪ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਬਲੱਡ ਪ੍ਰੈਸ਼ਰ ਦੀ ਲਗਾਤਾਰ ਮਾਨੀਟਰਿੰਗ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਤਾਂ ਜੋ ‘ਇਕਲੈਂਪਸੀਆ’ ਵਰਗੀਆਂ ਗੰਭੀਰ ਸਥਿਤੀਆਂ ਤੋਂ ਬਚਿਆ ਜਾ ਸਕੇ। ਸੰਸਥਾਗਤ ਜਣੇਪਾ ਫੀਲਡ ਸਟਾਫ (ਏਐਨਐਮਜ਼ ਅਤੇ ਆਸ਼ਾ ਵਰਕਰਾਂ) ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਘਰਾਂ ਵਿੱਚ ਹੋਣ ਵਾਲੇ ਜਣੇਪਿਆਂ ਨੂੰ ਸਿਫਰ ਕਰਨ ਅਤੇ ਹਰ ਜਣੇਪਾ ਸਰਕਾਰੀ ਜਾਂ ਮਾਨਤਾ ਪ੍ਰਾਪਤ ਨਿੱਜੀ ਹਸਪਤਾਲ ਵਿੱਚ ਹੋਣਾ ਯਕੀਨੀ ਬਣਾਉਣ।
ਉਨ੍ਹਾਂ ਕਿਹਾ ਕਿ “ਸਾਡਾ ਮੁੱਖ ਟੀਚਾ ਜ਼ਿਲ੍ਹੇ ਵਿੱਚ ਮਾਤਰੀ ਮੌਤ ਦਰ ਨੂੰ ਘੱਟ ਕਰਨਾ ਹੈ। ਹਰ ਮਾਂ ਦੀ ਜ਼ਿੰਦਗੀ ਕੀਮਤੀ ਹੈ ਅਤੇ ਸਿਹਤ ਵਿਭਾਗ ਹਰ ਗਰਭਵਤੀ ਮਹਿਲਾ ਨੂੰ ਸੁਰੱਖਿਅਤ ਜਣੇਪਾ ਸੇਵਾਵਾਂ ਦੇਣ ਲਈ ਵਚਨਬੱਧ ਹੈ।”
ਇਸ ਮੌਕੇ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰ, ਗਾਇਨੀਕੋਲੋਜਿਸਟ ਡਾ. ਨੀਰਜ, ਡਾ. ਆਰਤੀ, ਡੀ ਐਮ ਈ ਲਖਬੀਰ ਸਿੰਘ ਅਫਸਰ ਹਾਜ਼ਰ ਸਨ।