
ਬਰਨਾਲਾ, 16 ਜਨਵਰੀ-7ਵੀਂ ਬਟਾਲੀਅਨ ਰਾਸ਼ਟਰੀ ਆਪਦਾ ਪ੍ਰਤੀਕ੍ਰਿਆ ਬਲ (ਐੱਨ. ਡੀ. ਆਰ. ਐੱਫ਼) ਬਠਿੰਡਾ ਦੀ ਟੀਮ ਵੱਲੋਂ ਹੰਡਿਆਇਆ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਸੁਰੱਖਿਆ ਪ੍ਰੋਗਰਾਮ ਕਰਵਾਇਆ ਗਿਆ।
ਇਸ ਪ੍ਰੋਗਰਾਮ ਦਾ ਉਦੇਸ਼ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵੱਖ-ਵੱਖ ਕਿਸਮਾਂ ਦੀਆਂ ਆਫ਼ਤਾਂ ਤੋਂ ਬਚਾਅ, ਸੁਰੱਖਿਆ ਦੇ ਤਰੀਕਿਆਂ, ਮੁੱਢਲੀ ਡਾਕਟਰੀ ਸਹਾਇਤਾ ਅਤੇ ਜੀਵਨ ਬਚਾਉਣ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਦੀ ਅਗਵਾਈ ਸਬ-ਇੰਸਪੈਕਟਰ ਰੇਖ ਸਿੰਘ ਮੀਨਾ ਨੇ ਕੀਤੀ। ਇਸ ਦੌਰਾਨ ਐਨ.ਡੀ.ਆਰ.ਐਫ. ਟੀਮ ਨੇ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਨੂੰ ਭੂਚਾਲ ਤੋਂ ਬਚਾਅ, ਅੱਗ ਲੱਗਣ ‘ਤੇ ਪ੍ਰਤੀਕ੍ਰਿਆ, ਬਲੀਡਿੰਗ ਕੰਟਰੋਲ, ਸੀ. ਪੀ. ਆਰ, ਐਫ਼. ਬੀ.ਏ.ਓ ਅਤੇ ਹੜਾਂ ਦੇ ਸਮੇਂ ਵਰਤੋਂ ਵਿੱਚ ਆਉਣ ਵਾਲੇ ਇੰਪ੍ਰੋਵਾਈਜ਼ਡ ਫ਼ਲੋਟਿੰਗ ਡਿਵਾਈਸ (ਆਈਐੱਫ਼ਡੀ) ਬਾਰੇ ਵਿਸਥਾਰ ਨਾਲ ਦੱਸਿਆ।
ਟੀਮ ਵੱਲੋਂ ਪ੍ਰਦਰਸ਼ਨ ਰਾਹੀਂ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਨੂੰ ਫ਼ਸਟ ਏਡ, ਸੁਰੱਖਿਅਤ ਨਿਕਾਸੀ ਪ੍ਰਕਿਰਿਆ (ਇਵੈਕੂਏਸ਼ਨ ਡ੍ਰਿਲ) ਅਤੇ ਆਪਦਾ ਦੇ ਸਮੇਂ ਜ਼ਰੂਰੀ ਸਾਵਧਾਨੀਆਂ ਦੀ ਜਾਣਕਾਰੀ ਦਿੱਤੀ ਗਈ।
ਇਸ ਤੋਂ ਇਲਾਵਾ ਟੀਮ ਵੱਲੋਂ ਐੱਨ. ਡੀ. ਆਰ. ਐੱਫ਼. ਦੇ ਮੋਬਾਈਲ ਐਪਸ — ਸਚੇਤ, ਮੇਘਦੂਤ, ਦਾਮਿਨੀ ਅਤੇ ਭੂਕੰਪ — ਦੇ ਵਰਤੋਂ ਬਾਰੇ ਵੀ ਜਾਗਰੂਕ ਕੀਤਾ ਗਿਆ। ਤਾਂ ਜੋ ਇਨ੍ਹਾਂ ਤਕਨੀਕਾਂ ਦੀ ਮਦਦ ਨਾਲ ਸਮੇਂ ਸਿਰ ਆਪਦਾ ਦੀ ਚੇਤਾਵਨੀ ਪ੍ਰਾਪਤ ਕਰਕੇ ਜਨ-ਧਨ ਦੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ।
ਸਕੂਲ ਦੇ ਪ੍ਰਿੰਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਨੇ ਐੱਨ. ਡੀ. ਆਰ. ਐੱਫ਼. ਟੀਮ ਦੀ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਆਮ ਜਨਤਾ ਵਿੱਚ ਆਤਮਵਿਸ਼ਵਾਸ ਵਧਾਉਣ ਅਤੇ ਆਪਦਾ ਪ੍ਰਬੰਧਨ ਹੁਨਰ ਵਿਕਸਿਤ ਕਰਨ ਵਿੱਚ ਸਹਾਈ ਹਨ।